ਪਟਿਆਲਾ: ਸ੍ਰੀ ਗੁਰੂ ਸਿੰਘ ਸਭਾ ਵਿਖੇ ਮਹਾਨ ਕੀਰਤਨ ਸਮਾਗਮ 18 ਨੂੰ, ਤਿਆਰੀਆਂ ਮੁਕੰਮਲ-ਡਾ ਪ੍ਰੀਤੀ ਯਾਦਵ

November 17, 2025 - PatialaPolitics

ਪਟਿਆਲਾ: ਸ੍ਰੀ ਗੁਰੂ ਸਿੰਘ ਸਭਾ ਵਿਖੇ ਮਹਾਨ ਕੀਰਤਨ ਸਮਾਗਮ 18 ਨੂੰ, ਤਿਆਰੀਆਂ ਮੁਕੰਮਲ-ਡਾ ਪ੍ਰੀਤੀ ਯਾਦਵ

-ਭਾਈ ਦਵਿੰਦਰ ਸਿੰਘ ਸੋਹਾਣੇ ਵਾਲੇ, ਭਾਈ ਸਿਮਰਨਜੀਤ ਸਿੰਘ, ਭਾਈ ਸੁਰਿੰਦਰ ਸਿੰਘ ਤੇ ਨਛੱਤਰ ਸਿੰਘ ਦੇ ਰਾਗੀ ਜੱਥੇ ਕਰਨਗੇ ਗੁਰਬਾਣੀ ਕੀਰਤਨ

 

-ਸਮੂਹ ਸੰਗਤ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਿਜਦਾ ਕਰਦੇ ਹੋਏ ਕੀਰਤਨ ਸਮਾਗਮ ਦਾ ਲਾਹਾ ਲੈਣ ਦੀ ਬੇਨਤੀ- ਡਿਪਟੀ ਕਮਿਸ਼ਨਰ

 

-ਏ.ਡੀ.ਸੀ. ਦਮਨਜੀਤ ਸਿੰਘ ਮਾਨ ਵੱਲੋਂ ਵੱਖ-ਵੱਖ ਮੀਟਿੰਗਾਂ ਕਰਕੇ ਤਿਆਰੀਆਂ ਨੂੰ ਅੰਤਿਮ ਛੋਹਾਂ ਦਾ ਜਾਇਜ਼ਾ

 

-ਕਿਹਾ, ਪਟਿਆਲਾ ਦੀ ਸੰਗਤ ਦਾ ਕੀਰਤਨ ਸਮਾਗਮ ਲਈ ਪੂਰਾ ਸਹਿਯੋਗ

 

ਪਟਿਆਲਾ, 17 ਨਵੰਬਰ:

 

”ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਯਾਦਗਾਰੀ ਸਮਾਗਮਾਂ ਦੀ ਲੜੀ ਤਹਿਤ ਪਟਿਆਲਾ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮਾਲ ਰੋਡ ਵਿਖੇ 18 ਨਵੰਬਰ ਨੂੰ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਮਹਾਨ ਕੀਰਤਨ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।”

 

ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਸਮੂਹ ਸੰਗਤ ਨੂੰ ਬੇਨਤੀ ਕੀਤੀ ਕਿ ਸਾਨੂੰ ਸਭ ਨੂੰ ਆਪਣੇ ਪਰਿਵਾਰਾਂ ਸਮੇਤ ਇਸ ਕੀਰਤਨ ਦਰਬਾਰ ਵਿੱਚ ਪਹੁੰਚ ਕੇ ਗੁਰਬਾਣੀ ਕੀਰਤਨ ਦਾ ਲਾਹਾ ਲੈਣਾ ਚਾਹੀਦਾ ਹੈ ਤਾਂ ਕਿ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੀ ਮਹਾਨ ਸ਼ਹਾਦਤ ਨੂੰ ਸਿਜਦਾ ਕਰ ਸਕੀਏ।

 

ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਸ ਕੀਰਤਨ ਸਮਾਗਮ ਮੌਕੇ ਭਾਈ ਦਵਿੰਦਰ ਸਿੰਘ ਜੀ ਸੋਹਾਣਾ ਸਾਹਿਬ ਵਾਲਿਆਂ ਸਮੇਤ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਰਾਗੀ ਜਥੇ ਭਾਈ ਸਿਮਰਨਜੀਤ ਸਿੰਘ ਤੇ ਭਾਈ ਸੁਰਿੰਦਰ ਸਿੰਘ ਨਛੱਤਰ ਸਿੰਘ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰਨਗੇ।

 

ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਜਿੱਥੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਤੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਸਮੇਤ ਜ਼ਿਲ੍ਹੇ ਦੇ ਸਮੂਹ ਵਿਧਾਇਕ ਸਾਹਿਬਾਨ, ਮੇਅਰ ਕੁੰਦਨ ਗੋਗੀਆ ਤੇ ਹੋਰ ਆਗੂਆਂ ਸਮੇਤ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਕੌਂਸਲਰ ਰਣਜੀਤ ਸਿੰਘ ਚੰਡੋਕ ਤੇ ਪਟਿਆਲਾ ਦੀ ਸੰਗਤ ਪੂਰਾ ਸਹਿਯੋਗ ਦੇ ਰਹੀ ਹੈ, ਉਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੇ ਉਤਸ਼ਾਹ ਤੇ ਸ਼ਰਧਾ ਭਾਵਨਾ ਨਾਲ ਸੇਵਾ ਨਿਭਾਈ ਜਾ ਰਹੀ ਹੈ।

 

ਕੀਰਤਨ ਸਮਾਗਮ ਦੀਆਂ ਤਿਆਰੀਆਂ ਸਬੰਧੀ ਸ੍ਰੀ ਗੁਰੂ ਸਿੰਘ ਸਭਾ ਵਿਖੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਏ.ਡੀ.ਸੀ (ਦਿਹਾਤੀ ਵਿਕਾਸ) ਦਮਨਜੀਤ ਸਿੰਘ ਮਾਨ ਨੇ ਮਰਿਆਦਾ ਕਮੇਟੀ ਦੇ ਚੇਅਰਮੈਨ ਗਿਆਨੀ ਸੁਖਦੇਵ ਸਿੰਘ ਸਾਬਕਾ ਹੈਡਗ੍ਰੰਥੀ ਤੇ ਪ੍ਰੋ. ਜਸਵੀਰ ਕੌਰ, ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬੀ.ਐਸ. ਬੇਦੀ ਤੇ ਹੋਰ ਅਧਿਕਾਰੀਆਂ ਨਾਲ ਬੈਠਕ ਕੀਤੀ।

 

ਏ.ਡੀ.ਸੀ ਮਾਨ ਨੇ ਕਿਹਾ ਕਿ ਸਾਰੀਆਂ ਤਿਆਰੀਆਂ ਮੁਕੰਮਲ ਹਨ ਅਤੇ ਉਹ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਨ ਕਿ ਸਾਰੀ ਸੰਗਤ ਇਸ ਸਮਾਗਮ ਵਿੱਚ ਹੁੰਮ-ਹੁੰਮਾ ਕੇ ਸ਼ਿਰਕਤ ਕਰਨ ਦੀ ਖੇਚਲ ਕਰੇ। ਇਸ ਮੌਕੇ ਐਸ.ਪੀ. ਪਲਵਿੰਦਰ ਸਿੰਘ ਚੀਮਾ, ਐਸ.ਡੀ.ਐਮਜ ਡਾ. ਇਸਮਤ ਵਿਜੇ ਸਿੰਘ, ਕਿਰਪਾਲਵੀਰ ਸਿੰਘ ਤੇ ਹਰਜੋਤ ਕੌਰ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।

 

*******