Patiala: ਚੋਣ ਆਬਜ਼ਰਵਰ ਵਿਨੈ ਬੁਬਲਾਨੀ ਵੱਲੋਂ ਵੋਟਾਂ ਦੀ ਗਿਣਤੀ ਲਈ ਤਾਇਨਾਤ 25 ਮਾਈਕਰੋ ਆਬਜ਼ਰਵਰਾਂ ਨਾਲ ਬੈਠਕ
December 15, 2025 - PatialaPolitics
Patiala: ਚੋਣ ਆਬਜ਼ਰਵਰ ਵਿਨੈ ਬੁਬਲਾਨੀ ਵੱਲੋਂ ਵੋਟਾਂ ਦੀ ਗਿਣਤੀ ਲਈ ਤਾਇਨਾਤ 25 ਮਾਈਕਰੋ ਆਬਜ਼ਰਵਰਾਂ ਨਾਲ ਬੈਠਕ

ਪਟਿਆਲਾ, 15 ਦਸੰਬਰ:
ਪਟਿਆਲਾ ਜ਼ਿਲ੍ਹੇ ‘ਚ ਬਲਾਕ ਸੰਮਤੀਆਂ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ 14 ਦਸੰਬਰ ਨੂੰ ਹੋਈਆਂ ਆਮ ਚੋਣਾਂ ਲਈ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਨਿਯੁਕਤ ਚੋਣ ਆਬਜ਼ਰਵਰ ਤੇ ਪਟਿਆਲਾ ਦੇ ਡਵੀਜ਼ਨਲ ਕਮਿਸ਼ਨਰ ਵਿਨੈ ਬੁਬਲਾਨੀ ਨੇ ਇਨ੍ਹਾਂ ਵੋਟਾਂ ਦੀ 17 ਦਸੰਬਰ ਨੂੰ ਹੋਣ ਵਾਲੀ ਗਿਣਤੀ ਲਈ ਤਾਇਨਾਤ ਮਾਈਕਰੋ ਆਬਜ਼ਰਵਰਾਂ ਨਾਲ ਬੈਠਕ ਕਰਕੇ ਅਹਿਮ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਇਸ ਮੌਕੇ ਉਨ੍ਹਾਂ ਦੇ ਨਾਲ ਏ.ਡੀ.ਸੀ. (ਦਿਹਾਤੀ ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਦਮਨਜੀਤ ਸਿੰਘ ਮਾਨ ਵੀ ਮੌਜੂਦ ਸਨ।
ਵਿਨੈ ਬੁਬਲਾਨੀ ਨੇ ਕਿਹਾ ਕਿ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨਿਰਪੱਖ ਤੇ ਆਜ਼ਾਦਾਨਾ ਚੋਣ ਪ੍ਰਕ੍ਰਿਆ ਮੁਕੰਮਲ ਕਰਨ ਲਈ ਇਨ੍ਹਾਂ ਵੋਟਾਂ ਦੀ ਗਿਣਤੀ ਉਪਰ ਨਿਗਰਾਨੀ ਲਈ ਤਾਇਨਾਤ ਸਾਰੇ 25 ਮਾਈਕਰੋ ਆਬਜ਼ਰਵਰ ਚੋਣ ਆਬਜ਼ਰਵਰ ਦੀਆਂ ਅੱਖਾਂ ਤੇ ਕੰਨ ਵਜੋਂ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਗਿਣਤੀ ਦੌਰਾਨ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ ਅਤੇ ਗਿਣਤੀ ਦਾ ਸਾਰਾ ਕੰਮ ਨਿਰਵਿਘਨ, ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਨਿਗਰਾਨੀ ਰੱਖੀ ਜਾਵੇ।
ਡਵੀਜ਼ਨਲ ਕਮਿਸ਼ਨਰ ਵਿਨੈ ਬੁਬਲਾਨੀ ਨੇ ਇਸ ਦੌਰਾਨ ਮਾਸਟਰ ਟ੍ਰੇਨਰ ਨਰਿੰਦਰ ਸਿੰਘ ਢੀਂਡਸਾ ਵੱਲੋਂ ਇਨ੍ਹਾਂ ਮਾਈਕਰੋ ਆਬਜ਼ਰਵਰਾਂ ਨੂੰ ਦਿੱਤੀ ਗਈ ਸਿਖਲਾਈ ਦਾ ਵੀ ਜਾਇਜ਼ਾ ਲਿਆ। ਏ.ਡੀ.ਸੀ. ਦਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਦੀਆਂ ਵੋਟਾਂ ਦੀ ਗਿਣਤੀ ਲਈ ਸਾਰੇ 10 ਗਿਣਤੀ ਕੇਂਦਰਾਂ ਵਿਖੇ ਦੋ-ਦੋ ਮਾਈਕਰੋ ਆਬਜ਼ਰਵਰਾਂ ਦੀ ਤਾਇਨਾਤੀ ਕੀਤੀ ਗਈ ਹੈ।
