ਪਟਿਆਲਾ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਦੀਆਂ ਵੋਟਾਂ ਦੀ ਗਿਣਤੀ ਸ਼ਾਂਤਮਈ ਤਰੀਕੇ ਨਾਲ ਸੰਪੰਨ

December 17, 2025 - PatialaPolitics

ਪਟਿਆਲਾ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਦੀਆਂ ਵੋਟਾਂ ਦੀ ਗਿਣਤੀ ਸ਼ਾਂਤਮਈ ਤਰੀਕੇ ਨਾਲ ਸੰਪੰਨ

 

-ਚੋਣ ਆਬਜ਼ਰਵਰ ਡਵੀਜ਼ਨਲ ਕਮਿਸ਼ਨਰ ਵਿਨੈ ਬੁਬਲਾਨੀ ਵੱਲੋਂ ਵੀ ਗਿਣਤੀ ਕੇਂਦਰਾਂ ਦਾ ਜਾਇਜ਼ਾ

 

-ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਸਮੁੱਚੀ ਚੋਣ ਪ੍ਰਕ੍ਰਿਆ ਸ਼ਾਂਤਮਈ ਢੰਗ ਨਾਲ ਮੁਕੰਮਲ ਕਰਵਾਉਣ ਲਈ ਚੋਣ ਅਮਲੇ ਸਮੇਤ ਵੋਟਰਾਂ ਤੇ ਉਮੀਦਵਾਰਾਂ ਦਾ ਧੰਨਵਾਦ

 

-ਡੀ.ਆਈ.ਜੀ. ਕੁਲਦੀਪ ਸਿੰਘ ਚਹਿਲ, ਐਸ.ਐਸ.ਪੀ ਸਰਤਾਜ ਸਿੰਘ ਚਹਿਲ ਤੇ ਸਾਰੇ ਐਸ.ਪੀਜ ਨੇ ਸੁਰੱਖਿਆ ਪ੍ਰਬੰਧਾਂ ਦੀ ਕੀਤੀ ਨਿਗਰਾਨੀ

 

ਪਟਿਆਲਾ, 17 ਦਸੰਬਰ:

 

ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਅਤੇ ਜ਼ਿਲ੍ਹੇ ਦੀਆਂ 10 ਪੰਚਾਇਤ ਸੰਮਤੀਆਂ ਦੀਆਂ ਆਮ ਚੋਣਾਂ ਲਈ 14 ਦਸੰਬਰ ਨੂੰ ਪਈਆਂ ਵੋਟਾਂ ਦੀ ਗਿਣਤੀ ਅੱਜ ਦੇਰ ਰਾਤ ਤੱਕ ਸ਼ਾਂਤਮਈ ਢੰਗ ਨਾਲ ਸੰਪੰਨ ਹੋਈ ਹੈ। ਇਸ ਦੌਰਾਨ ਚੋਣ ਆਬਜ਼ਰਵਰ ਡਵੀਜ਼ਨਲ ਕਮਿਸ਼ਨਰ ਵਿਨੈ ਬੁਬਲਾਨੀ ਨੇ ਨਾਭਾ ਤੇ ਪਟਿਆਲਾ ਦੇ ਗਿਣਤੀ ਕੇਂਦਰਾਂ ਦਾ ਦੌਰਾ ਕਰਕੇ ਗਿਣਤੀ ਪ੍ਰਕ੍ਰਿਆ ਦਾ ਜਾਇਜ਼ਾ ਲਿਆ ਅਤੇ ਦੱਸਿਆ ਕਿ ਸਾਰੇ ਕੇਂਦਰਾਂ ਵਿਖੇ ਮਾਈਕਰੋ ਆਬਜ਼ਰਵਰ ਸਮੁੱਚੀ ਪ੍ਰਕ੍ਰਿਆ ‘ਤੇ ਪੂਰੀ ਨਿਗਰਾਨੀ ਰੱਖ ਰਹੇ ਸਨ।

 

ਅੱਜ ਵੱਖ-ਵੱਖ ਗਿਣਤੀ ਕੇਂਦਰਾਂ ਵਿਖੇ ਰਿਟਰਨਿੰਗ ਅਧਿਕਾਰੀਆਂ ਦੀ ਨਿਗਰਾਨੀ ਹੇਠ ਹੋਈ ਵੋਟਾਂ ਦੀ ਗਿਣਤੀ ਦੀ ਸਮੁੱਚੀ ਦੇਖ-ਰੇਖ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਏ.ਡੀ.ਸੀ. (ਦਿਹਾਤੀ ਵਿਕਾਸ) ਦਮਨਜੀਤ ਸਿੰਘ ਮਾਨ ਤੇ ਏ.ਡੀ.ਸੀ. (ਸ਼ਹਿਰੀ ਵਿਕਾਸ) ਡਾ. ਇਸਮਤ ਵਿਜੇ ਸਿੰਘ ਨੇ ਕੀਤੀ।

 

ਡਾ. ਪ੍ਰੀਤੀ ਯਾਦਵ ਨੇ ਵੋਟਾਂ ਦੀ ਗਿਣਤੀ ਪ੍ਰਕ੍ਰਿਆ ਸ਼ਾਂਤੀਪੂਰਵਕ ਨੇਪਰੇ ਚੜਾਉਣ ਲਈ ਜ਼ਿਲ੍ਹੇ ਦੇ ਵੋਟਰਾਂ, ਚੋਣ ਅਮਲੇ ਦੇ ਸਮੁੱਚੇ ਕਰਮਚਾਰੀਆਂ, ਅਧਿਕਾਰੀਆਂ, ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਸਾਰੇ ਉਮੀਦਵਾਰਾਂ ਤੇ ਉਨ੍ਹਾਂ ਦੇ ਏਜੰਟਾਂ ਨੇ ਪੂਰਾ ਸਹਿਯੋਗ ਦਿੱਤਾ ਹੈ ਅਤੇ ਸਮੁੱਚੀ ਪ੍ਰਕ੍ਰਿਆ ਪੂਰੀ ਤਰ੍ਹਾਂ ਨਿਰਵਿਘਨ ਤੇ ਅਮਨ-ਅਮਾਨ ਨਾਲ ਨੇਪਰੇ ਚੜ੍ਹੀ ਹੈ।

 

ਗਿਣਤੀ ਦੌਰਾਨ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧਾਂ ਦੀ ਡੀ.ਆਈ.ਜੀ. ਕੁਲਦੀਪ ਸਿੰਘ ਚਹਿਲ, ਐਸ.ਐਸ.ਪੀ ਸਰਤਾਜ ਸਿੰਘ ਚਹਿਲ ਤੇ ਪਟਿਆਲਾ ਦੇ ਸਮੂਹ ਐਸ.ਪੀਜ ਨੇ ਖੁਦ ਨਿਗਰਾਨੀ ਕੀਤੀ। ਜਦਕਿ ਐਸ.ਐਸ.ਪੀ. ਸਰਤਾਜ ਸਿੰਘ ਚਹਿਲ ਨੇ ਗਿਣਤੀ ਕੇਂਦਰਾਂ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ ਤੇ ਕਿਹਾ ਕਿ ਸਾਰੀ ਪ੍ਰਕ੍ਰਿਆ ਸ਼ਾਂਤੀ ਪੂਰਨ ਸੰਪੰਨ ਹੋਈ ਹੈ।

 

ਹੁਣ ਤੱਕ ਆਏ ਨਤੀਜੇ

 

ਰਾਜਪੁਰਾ ਬਲਾਕ ਸੰਮਤੀ ਦੇ ਰਿਟਰਨਿੰਗ ਅਧਿਕਾਰੀ ਨਮਨ ਮਾਰਕੰਨ ਨੇ ਦੱਸਿਆ ਕਿ ਰਾਜਪੁਰਾ ਬਲਾਕ ਦੇ 15 ਜੋਨਾਂ ਵਿੱਚੋਂ 6 ਆਮ ਆਦਮੀ ਪਾਰਟੀ, 8 ਕਾਂਗਰਸ ਤੇ 1 ਜੋਨ ‘ਤੇ ਸ੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਜੇਤੂ ਰਿਹਾ ਹੈ ਅਤੇ ਜ਼ਿਲ੍ਹਾ ਪਰਿਸ਼ਦ ਦੇ 1 ਜੋਨ ਵਿੱਚ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿੱਤਿਆ ਹੈ।

 

ਐਸ.ਡੀ.ਐਮ. ਦੂਧਨਸਾਧਾਂ ਤੇ ਸਨੌਰ ਦੇ ਆਰ.ਓ. ਸੁਖਪਾਲ ਸਿੰਘ ਨੇ ਦੱਸਿਆ ਕਿ ਸਨੌਰ ਬਲਾਕ ਦੇ 19 ਜੋਨਾਂ ‘ਚ 14 ਆਮ ਆਦਮੀ ਪਾਰਟੀ ਦੇ ਉਮੀਦਵਾਰ, 2 ਕਾਂਗਰਸ ਤੇ 3 ਆਜਾਦ ਉਮੀਦਵਾਰ ਜੇਤੂ ਰਹੇ ਹਨ, ਜਦਕਿ ਜ਼ਿਲ੍ਹਾ ਪਰਿਸ਼ਦ ਦੇ 2 ਜੋਨ੍ਹਾਂ ‘ਤੇ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ।

 

ਭੁਨਰਹੇੜੀ ਬਲਾਕ ਦੇ ਰਿਟਰਨਿੰਗ ਅਫ਼ਸਰ-ਕਮ-ਏ.ਐਮ.ਡੀ. ਪੀ.ਆਰ.ਟੀ.ਸੀ. ਨਵਦੀਪ ਕੁਮਾਰ ਨੇ ਦੱਸਿਆ ਕਿ ਭੁਨਰਹੇੜੀ ਬਲਾਕ ਵਿੱਚ 19 ਜੋਨਾਂ ‘ਚ 15 ਆਮ ਆਦਮੀ ਪਾਰਟੀ, 2 ਕਾਂਗਰਸ, 1 ਸ੍ਰੋਮਣੀ ਅਕਾਲੀ ਦਲ ਤੇ 1 ਆਜ਼ਾਦ ਅਤੇ ਜ਼ਿਲ੍ਹਾ ਪਰਿਸ਼ਦ ਦੇ 2 ਜੋਨਾਂ ‘ਤੇ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ।