Patiala: ਸਕੂਲਾਂ ਵਿੱਚ ਆਯੋਜਿਤ ਕੀਤੀ ਗਈ ਮੈਗਾ ਪੀਟੀਐੱਮ ਅਤੇ ਮਾਪਿਆਂ ਦੀ ਵਰਕਸ਼ਾਪ 

December 21, 2025 - PatialaPolitics

Patiala: ਸਕੂਲਾਂ ਵਿੱਚ ਆਯੋਜਿਤ ਕੀਤੀ ਗਈ ਮੈਗਾ ਪੀਟੀਐੱਮ ਅਤੇ ਮਾਪਿਆਂ ਦੀ ਵਰਕਸ਼ਾਪ

ਮਾਪੇ–ਅਧਿਆਪਕ ਮਿਲਣੀ ਵਿੱਚ ਡਾਇਰੈਕਟਰ ਸਕੂਲ ਸਿੱਖਿਆ ਸੈਕੰਡਰੀ ਪੰਜਾਬ ਗੁਰਿੰਦਰ ਸਿੰਘ ਸੋਢੀ, ਹਲਕਾ ਸਿੱਖਿਆ ਕੋਆਰਡੀਨੇਟਰ ਵਿਜੇ ਮੈਨਰੋ ਨੇ ਕੀਤੀ ਸ਼ਿਰਕਤ ਅਤੇ ਮਾਪਿਆਂ ਨਾਲ ਕੀਤੀ ਸਿੱਧੀ ਗੱਲਬਾਤ

 

ਪਟਿਆਲਾ , 21 ਦਸੰਬਰ :

 

ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਵਿੱਚ ਮੈਗਾ ਮਾਪੇ–ਅਧਿਆਪਕ ਮਿਲਣੀ (ਪੀਟੀਐੱਮ) ਆਯੋਜਿਤ ਹੋਈ।

ਸਰਕਾਰੀ ਸਕੂਲ ਵਿੱਚ ਆਯੋਜਿਤ ਮਾਪੇ–ਅਧਿਆਪਕ ਮਿਲਣੀ ਦੌਰਾਨ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਪੰਜਾਬ ਡਾ. ਗੁਰਿੰਦਰ ਸਿੰਘ ਸੋਢੀ ਪੀਸੀਐੱਸ ਨੇ ਵਿਸ਼ੇਸ਼ ਤੌਰ ‘ਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰਾਜਪੁਰਾ ਟਾਊਨ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਮਾਪਿਆਂ ਨਾਲ ਸਿੱਧੀ ਗੱਲਬਾਤ ਕਰਦਿਆਂ ਬੱਚਿਆਂ ਦੀ ਪੜ੍ਹਾਈ, ਅਨੁਸ਼ਾਸਨ ਅਤੇ ਸਰਵਪੱਖੀ ਵਿਕਾਸ ਬਾਰੇ ਵਿਚਾਰ ਸਾਂਝੇ ਕੀਤੇ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਅਤੇ ਡਾ. ਰਵਿੰਦਰਪਾਲ ਸਿੰਘ ਡਿਪਟੀ ਡੀਈਓ ਸੈਕੰਡਰੀ ਪਟਿਆਲਾ ਨੇ ਵੀ ਵੱਖ-ਵੱਖ ਸਕੂਲਾਂ ਵਿੱਚ ਵਿਜਿਟ ਕੀਤੀ।

ਇਸ ਮੌਕੇ ਰਾਜਪੁਰਾ ਵਿਖੇ ਨਮਨ ਮੜਕਣ ਐੱਸ. ਡੀ. ਐੱਮ. ਰਾਜਪੁਰਾ, ਹਲਕਾ ਰਾਜਪੁਰਾ ਸਿੱਖਿਆ ਕੋਆਰਡੀਨੇਟਰ ਵਿਜੇ ਮੈਨਰੋ, ਬਲਾਕ ਨੋਡਲ ਅਫ਼ਸਰਾਂ, ਬਲਾਕ ਰਿਸੋਰਸ ਕੋਆਰਡੀਨੇਟਰਾਂ ਨੇ ਵੀ ਸਕੂਲਾਂ ਵਿੱਚ ਪਹੁੰਚ ਕੇ ਮਾਪਿਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਦੀ ਸਿੱਖਿਆ ਵਿੱਚ ਸਕੂਲ ਦੇ ਨਾਲ-ਨਾਲ ਘਰ ਦਾ ਸਹਿਯੋਗ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਮਾਪੇ ਅਤੇ ਅਧਿਆਪਕ ਮਿਲ ਕੇ ਹੀ ਬੱਚਿਆਂ ਨੂੰ ਉੱਚੇ ਟੀਚਿਆਂ ਵੱਲ ਲੈ ਕੇ ਜਾ ਸਕਦੇ ਹਨ।

ਇਸ ਦੌਰਾਨ ਮਾਪਿਆਂ ਲਈ ਇੱਕ ਦਿਨਾ ਵਰਕਸ਼ਾਪ ਦਾ ਆਯੋਜਨ ਵੀ ਕੀਤਾ ਗਿਆ, ਜਿਸ ਵਿੱਚ ਮਾਪਿਆਂ ਨੇ ਵਧ-ਚੜ੍ਹ ਕੇ ਭਾਗ ਲਿਆ। ਵਰਕਸ਼ਾਪ ਦੌਰਾਨ ਬੱਚਿਆਂ ਦੀ ਮਨੋਵਿਗਿਆਨਕ ਸਮਝ, ਮੋਬਾਇਲ ਦੇ ਸਹੀ ਉਪਯੋਗ, ਅਨੁਸ਼ਾਸਿਤ ਜੀਵਨ ਸ਼ੈਲੀ ਅਤੇ ਨੈਤਿਕ ਮੁੱਲਾਂ ਦੀ ਮਹੱਤਤਾ ‘ਤੇ ਚਰਚਾ ਕੀਤੀ ਗਈ। ਇਸ ਮੌਕੇ ਮਾਪਿਆਂ ਨੂੰ ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਮਾਰਗਦਰਸ਼ਕ ਕਿਤਾਬਚੇ ਵੀ ਵੰਡੇ ਗਏ, ਜਿਨ੍ਹਾਂ ਰਾਹੀਂ ਬੱਚਿਆਂ ਦੀ ਪੜ੍ਹਾਈ, ਵਿਹਾਰਕ ਵਿਕਾਸ ਅਤੇ ਮਾਪਿਆਂ ਦੀ ਭੂਮਿਕਾ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ। ਸਕੂਲਾਂ ਵਿੱਚ ਖਾਸ ਤੌਰ ‘ਤੇ ਤਿਆਰ ਕੀਤੇ ਗਏ ਸੈਲਫੀ ਪੁਆਇੰਟ ਮਾਪਿਆਂ ਅਤੇ ਬੱਚਿਆਂ ਲਈ ਆਕਰਸ਼ਣ ਦਾ ਕੇਂਦਰ ਬਣੇ ਰਹੇ। ਮਾਪਿਆਂ ਦਾ ਫੁੱਲਾਂ ਦੇ ਹਾਰਾਂ ਅਤੇ ਸੁੰਦਰ ਗੁਲਦਸਤਿਆਂ ਨਾਲ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਤੋਂ ਇਲਾਵਾ ਮਾਪਿਆਂ ਲਈ ਮਨੋਰੰਜਕ ਖੇਡਾਂ ਦਾ ਆਯੋਜਨ ਵੀ ਕੀਤਾ ਗਿਆ, ਜਿਸ ਨਾਲ ਸਮਾਗਮ ਹੋਰ ਵੀ ਰੰਗੀਨ ਬਣ ਗਿਆ। ਵਿਦਿਆਰਥੀਆਂ ਦੇ ਪ੍ਰਗਤੀ ਕਾਰਡ ਮਾਪਿਆਂ ਨਾਲ ਸਾਂਝੇ ਕਰਨਾ ਮਿਲਣੀ ਦਾ ਵਿਸ਼ੇਸ਼ ਆਕਰਸ਼ਣ ਰਿਹਾ, ਜਿਸ ਰਾਹੀਂ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਅਕਾਦਮਿਕ ਅਤੇ ਸਮੂਹਿਕ ਪ੍ਰਗਤੀ ਬਾਰੇ ਜਾਣਕਾਰੀ ਮਿਲੀ। ਪ੍ਰਗਤੀਸ਼ੀਲ ਵਿਦਿਆਰਥੀਆਂ ਨੂੰ ਪੀਟੀਐੱਮ ਦੌਰਾਨ ਸਕੂਲ ਪ੍ਰਬੰਧਕਾਂ ਦੁਆਰਾ ਹੌਸਲਾ-ਅਫ਼ਜ਼ਾਈ ਲਈ ਪ੍ਰਮਾਣ-ਪੱਤਰ ਅਤੇ ਇਨਾਮ ਵੀ ਵੰਡੇ ਗਏ।

ਸਕੂਲ ਪ੍ਰਬੰਧਨ ਵੱਲੋਂ ਮਹਿਮਾਨ ਅਧਿਕਾਰੀਆਂ ਦਾ ਸਵਾਗਤ ਕਰਦਿਆਂ ਧੰਨਵਾਦ ਪ੍ਰਗਟ ਕੀਤਾ ਗਿਆ ਅਤੇ ਮਾਪਿਆਂ ਦੀ ਸਰਗਰਮ ਭਾਗੀਦਾਰੀ ਦੀ ਪ੍ਰਸ਼ੰਸਾ ਕੀਤੀ ਗਈ। ਮਾਪਿਆਂ ਨੇ ਵੀ ਇਸ ਤਰ੍ਹਾਂ ਦੀਆਂ ਮਿਲਣੀਆਂ ਅਤੇ ਵਰਕਸ਼ਾਪਾਂ ਨੂੰ ਬੱਚਿਆਂ ਦੇ ਭਵਿੱਖ ਲਈ ਲਾਭਦਾਇਕ ਦੱਸਿਆ। ਇਸ ਤੋਂ ਇਲਾਵਾ ਬਲਾਕ ਰਿਸੋਰਸ ਕੋਆਰਡੀਨੇਟਰਾਂ, ਸਿੱਖਿਆ ਕੋਆਰਡੀਨੇਟਰ ਟੀਮ ਨੇ ਵੀ ਸਕੂਲਾਂ ਦੀ ਪੀਟੀਐੱਮ-ਕਮ-ਵਰਕਸ਼ਾਪ ਵਿੱਚ ਸ਼ਮੂਲੀਅਤ ਕੀਤੀ। ਵੱਖ-ਵੱਖ ਸਕੂਲਾਂ ਵਿੱਚ ਪ੍ਰਿੰਸੀਪਲ ਪੂਨਮ ਕੁਮਾਰੀ, ਹੈੱਡ ਮਿਸਟ੍ਰੈਸ ਸੁਧਾ ਕੁਮਾਰੀ, ਹਿੰਦੀ ਲੈਕਚਰਾਰ ਰਜਨੀਤਾ, ਸੈਂਟਰ ਹੈੱਡ ਟੀਚਰ ਜੋਤੀ ਪੁਰੀ, ਨਰਿੰਦਰ ਸਿੰਘ ਉੱਪਲ, ਰਾਜਿੰਦਰ ਸਿੰਘ ਚਾਨੀ, ਨਰੇਸ਼ ਧਮੀਜਾ, ਹਰਜੀਤ ਕੌਰ ਮੈਥ ਮਿਸਟ੍ਰੈੱਸ, ਵਰਿੰਦਰਜੀਤ ਕੌਰ ਲੈਕਚਰਾਰ, ਚਮਨਦੀਪ ਸਿੰਘ, ਸੁਖਵਿੰਦਰ ਸਿੰਘ ਸੁੱਖਾ, ਸਕੂਲ ਮੈਨੇਜਮੈਂਟ ਕਮੇਟੀਆਂ ਦੇ ਚੇਅਰਪਰਸਨ, ਮੈਂਬਰ, ਅਧਿਆਪਕ, ਮਾਪੇ ਅਤੇ ਵਿਦਿਆਰਥੀ ਮੌਜੂਦ ਸਨ।