Patiala Traffic Alert till 29 December 2025
December 27, 2025 - PatialaPolitics
Patiala Traffic Alert till 29 December 2025
ਫ਼ਤਿਹਗੜ੍ਹ ਸਾਹਿਬ ਸ਼ਹੀਦੀ ਸਭਾ ਤੋਂ ਸ਼ਰਧਾਲੂਆਂ ਦੀ ਵਾਪਸੀ ਸਮੇਂ ਪਟਿਆਲਾ ਸ਼ਹਿਰ ‘ਚ ਸੁਚਾਰੂ ਟ੍ਰੈਫਿਕ ਵਿਵਸਥਾ ਲਈ ਟ੍ਰੈਫਿਕ ਪੁਲਿਸ ਵੱਲੋਂ ਲੋਕਾਂ ਨੂੰ ਸਹਿਯੋਗ ਦੀ ਅਪੀਲ
-29 ਦਸੰਬਰ ਤੱਕ ਸਰਹਿੰਦ ਰੋਡ ‘ਤੇ ਟਰੈਕਟਰ ਟਰਾਲੀਆਂ ਤੇ ਹੋਰ ਵਹੀਕਲਾਂ ਦਾ ਭਾਰੀ ਰਸ਼ ਰਹਿਣ ਦੇ ਮੱਦੇਨਜ਼ਰ ਟ੍ਰੈਫਿਕ ਪੁਲਿਸ ਨੇ ਬਦਲਵੇਂ ਪ੍ਰਬੰਧ ਕੀਤੇ
ਫਤਿਹਗੜ ਤੋਂ ਪਾਤੜਾਂ, ਸਮਾਣਾ, ਪਿਹੋਵਾ, ਚੀਕਾ, ਸੰਗਰੂਰ, ਮਾਨਸਾ, ਬਠਿੰਡਾ ਨੂੰ ਜਾਣ ਵਾਲੀ ਸੰਗਤ ਸਰਹੰਦ ਰੋਡ ਤੋਂ ਰਾਜਪੁਰਾ ਬਾਈਪਾਸ- ਦੱਖਣੀ ਬਾਈਪਾਸ ਰਾਹੀਂ ਅੱਗੇ ਜਾਵੇਗੀ
ਪਟਿਆਲਾ, 27 ਦਸੰਬਰ:
ਫ਼ਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਸਭਾ ਦੀ 27 ਦਸੰਬਰ ਨੂੰ ਸੰਪੂਰਨਤਾ ਮਗਰੋਂ ਸ਼ਰਧਾਲੂਆਂ ਦੀ ਵਾਪਸੀ ਦੌਰਾਨ ਮਿਤੀ 27 ਦਸੰਬਰ ਦੀ ਦੁਪਹਿਰ ਤੋਂ ਬਾਅਦ 29 ਦਸੰਬਰ 2025 ਤੱਕ ਸਰਹਿੰਦ ਰੋਡ ਤੋਂ ਪਟਿਆਲਾ ਸ਼ਹਿਰ ਵੱਲ ਟਰੈਕਟਰ ਟਰਾਲੀਆਂ ਸਮੇਤ ਹੋਰ ਵਹੀਕਲਾਂ ਦਾ ਭਾਰੀ ਰਸ਼ ਰਹਿਣ ਦੇ ਮੱਦੇਨਜ਼ਰ ਟ੍ਰੈਫਿਕ ਪੁਲਿਸ ਪਟਿਆਲਾ ਨੇ ਸ਼ਹਿਰ ਵਾਸੀਆਂ ਤੇ ਰਾਹਗੀਰਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।
ਐਸ.ਪੀ. ਟ੍ਰੈਫਿਕ ਐਚ.ਐਸ. ਮਾਨ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਦੀ ਅਗਵਾਈ ਹੇਠ ਟ੍ਰੈਫਿਕ ਪੁਲਿਸ ਵੱਲੋਂ ਇਸ ਦੌਰਾਨ ਪਟਿਆਲਾ ਸ਼ਹਿਰ ਅੰਦਰ ਟ੍ਰੈਫਿਕ ਰੁਕਾਵਟਾਂ ਤੇ ਜਾਮ ਦੀ ਸਮੱਸਿਆ ਦੇ ਹੱਲ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ, ਜਿਸ ਲਈ ਲੋਕਾਂ ਤੋਂ ਸਹਿਯੋਗ ਮੰਗਿਆ ਗਿਆ ਹੈ।
ਐਸ ਪੀ ਟ੍ਰੈਫਿਕ ਨੇ ਦੱਸਿਆ ਕਿ ਇਹ ਦੇਖਿਆ ਗਿਆ ਹੈ ਕਿ ਇਸ ਵਾਰੀ ਟ੍ਰੈਕਟਰ ਟਰਾਲੀਆਂ ਦੀ ਤਦਾਦ ਜਿਆਦਾ ਹੈ, ਇਸ ਲਈ ਪਟਿਆਲਾ ਦੀ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਅਗਲੇ ਦਿਨਾਂ ਦੌਰਾਨ ਸਰਹੰਦ ਰੋਡ ਸੜਕ ਅਤੇ ਸਰਹੰਦ-ਰਾਜਪੁਰਾ ਬਾਈਪਾਸ ਰੋਡ ਵੱਲ ਜਾਣ ਤੋਂ ਗੁਰੇਜ਼ ਕੀਤਾ ਜਾਵੇ।
ਐਚ. ਐਸ ਮਾਨ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਤੇ ਇਨ੍ਹਾਂ ਸੜਕਾਂ ਨੂੰ ਵਰਤਣ ਵਾਲੇ ਰਾਹਗੀਰਾਂ ਲਈ ਬਿਹਤਰ ਹੋਵੇਗਾ ਕਿ ਜੇਕਰ ਉਹ ਮੁੱਖ ਮਾਲ ਰੋਡ (ਕਚਹਿਰੀਆਂ ਬੰਦ ਹਨ, ਬਿਜਲੀ ਨਿਗਮ ਦਫ਼ਤਰ ਮੂਹਰੇ ਵੀ ਕੋਈ ਜਾਮ ਨਹੀਂ), ਪੁਰਾਣਾ ਬੱਸ ਅੱਡਾ ਸਮੇਤ ਰਾਜਪੁਰਾ ਰੋਡ ਨੂੰ ਵਰਤਦੇ ਹੋਏ ਰਾਜਪੁਰਾ ਵੱਲ ਜਾ ਸਕਦੇ ਹਨ ਅਤੇ ਇਹ ਰਸਤਾ ਬਿਲਕੁਲ ਨਿਰਵਿਘਨ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਅੱਪਰ ਮਾਲ ਰੋਡ, ਐਨ.ਆਈ.ਐਸ ਰੋਡ, ਘਲੋੜੀ ਗੇਟ ਤੋਂ ਦੱਖਣੀ ਬਾਈਪਾਸ ਜਾਂ ਪੁਰਾਣੀ ਰਾਜਪੁਰਾ ਚੁੰਗੀ ਰਾਹੀਂ ਰਾਜਪੁਰਾ ਰੋਡ ਤੋਂ ਨਵਾਂ ਬੱਸ ਅੱਡਾ ਤੋਂ ਰਾਜਪੁਰਾ ਜਾਇਆ ਜਾ ਸਕਦਾ ਹੈ। ਐਸ.ਪੀ ਟ੍ਰੈਫਿਕ ਨੇ ਕਿਹਾ ਕਿ ਇਸੇ ਤਰ੍ਹਾਂ ਲੁਧਿਆਣਾ ਜਾਣ ਵਾਲੇ ਭਾਵੇ ਵਾਇਆ ਰਾਜਪੁਰਾ ਤੋਂ ਜੀ ਟੀ ਰੋਡ ਚਲੇ ਜਾਣ ਜਾਂ ਫਿਰ ਨਾਭਾ ਤੋਂ ਮਲੇਰਕੋਟਲਾ ਤੇ ਅੱਗੇ ਲੁਧਿਆਣਾ ਜਾਣਾ ਬਿਹਤਰ ਰਹੇਗਾ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਗੁਰੂ ਨਾਨਕ ਨਗਰ, ਗੁਰਬਖਸ਼ ਕਲੋਨੀ ਦੇ ਵਸਨੀਕਾਂ ਲਈ ਅੰਗੀਠਾ ਸਾਹਿਬ ਵਾਲੀ ਪੁਲੀ ਕੋਲ ਰਾਜਪੁਰਾ ਰੋਡ ਵੱਲ ਨੂੰ ਖਾਸ ਕਰਕੇ ਚਾਰ ਪਹੀਆ ਵਾਹਨਾਂ ਦਾ ਰੂਟ ਬਦਲਿਆ ਗਿਆ ਹੈ ਤਾਂ ਜੋ ਬਾਈਪਾਸ ਉੱਪਰ ਲੰਘ ਰਹੀਆਂ ਟਰਾਲੀਆਂ ਨਾਲ ਬਾਜਵਾ ਪੁਲੀ ਉੱਪਰ ਟ੍ਰੈਫਿਕ ਜਾਮ ਨਾ ਹੋ ਸਕੇ।
ਇਸੇ ਦੌਰਾਨ ਡੀ.ਐਸ.ਪੀ. ਟ੍ਰੈਫਿਕ ਪੁਨੀਤ ਸਿੰਘ ਚਹਿਲ ਨੇ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਫਤਿਹਗੜ ਸਾਹਿਬ ਤੋਂ ਆਉਣ ਵਾਲੀ ਸੰਗਤ ਜਿਸ ਨੇ ਪਾਤੜਾਂ, ਸਮਾਣਾ, ਪਿਹੋਵਾ, ਚੀਕਾ, ਸੰਗਰੂਰ, ਮਾਨਸਾ, ਬਠਿੰਡਾ ਨੂੰ ਜਾਣਾ ਹੈ, ਨੂੰ ਵੀ ਬੇਨਤੀ ਹੈ ਕਿ ਉਹ ਸਰਹੰਦ ਰੋਡ ਤੋਂ ਰਾਜਪੁਰਾ ਬਾਈਪਾਸ ਰਾਹੀਂ ਦੱਖਣੀ ਬਾਈਪਾਸ ਰਾਹੀਂ ਉਹ ਸੌਖੇ ਆਪਣੀ ਮੰਜ਼ਿਲ ਵੱਲ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸੰਗਤਾਂ ਦੀ ਸਹੂਲਤ ਲਈ ਬਾਈਪਾਸ ਰੋਡ ਨਿਰਵਿਘਨ ਬਿਨਾਂ ਲਾਇਟਾਂ ਤੋ ਕੀਤੀ ਗਈ ਹੈ।
ਡੀ.ਐਸ.ਪੀ. ਟ੍ਰੈਫਿਕ ਪੁਨੀਤ ਸਿੰਘ ਚਹਿਲ ਨੇ ਹੋਰ ਕਿਹਾ ਕਿ ਹਾਲਾਂਕਿ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਵੀ ਬਹੁਤੇ ਸ਼ਰਧਾਲੂਆਂ ਦਾ ਆਉਣਾ ਬਣਿਆ ਰਹਿ ਸਕਦਾ ਹੈ, ਜਿਸ ਕਾਰਨ ਇਸ ਪਾਸੇ ਤੇ ਖੰਡਾ ਚੌਂਕ ਨੇੜੇ ਵੀ ਜਾਮ ਰਹਿ ਸਕਦਾ ਹੈ, ਜਿਸ ਕਰਕੇ ਲੋਕਾਂ ਇਸ ਪਾਸੇ ਆਉਣ ਦੀ ਥਾਂ ਬਦਲਵੇਂ ਰਸਤੇ ਲੈ ਸਕਦੇ ਹਨ।
ਐਸ.ਪੀ. ਟ੍ਰੈਫਿਕ ਐਚ.ਐਸ ਮਾਨ ਤੇ ਡੀ.ਐਸ.ਪੀ. ਪੁਨੀਤ ਸਿੰਘ ਚਹਿਲ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਟ੍ਰੈਫਿਕ ਪ੍ਰਬੰਧਾਂ ਦੇ ਮੱਦੇਨਜਰ ਟ੍ਰੈਫਿਕ ਪੁਲਿਸ ਨਾਲ ਸਹਿਯੋਗ ਕੀਤਾ ਜਾਵੇ ਤਾਂ ਜੋ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ ਤਾਂ ਜੋ ਰਾਹਗੀਰਾਂ ਅਤੇ ਫਤਹਿਗੜ੍ਹ ਸਾਹਿਬ ਤੋਂ ਪਰਤ ਰਹੀ ਸੰਗਤ ਨੂੰ ਕੋਈ ਦਿੱਕਤ ਨਾ ਆਵੇ।
