Patiala: ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ ਵੱਲੋਂ ਗਣਤੰਤਰ ਦਿਵਸ ਸਮਾਗਮ ਲਈ ਫੁੱਲ ਡਰੈਸ ਰਿਹਰਸਲ ਦਾ ਜਾਇਜ਼ਾ
January 25, 2026 - PatialaPolitics
Patiala: ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ ਵੱਲੋਂ ਗਣਤੰਤਰ ਦਿਵਸ ਸਮਾਗਮ ਲਈ ਫੁੱਲ ਡਰੈਸ ਰਿਹਰਸਲ ਦਾ ਜਾਇਜ਼ਾ

-ਪਟਿਆਲਾ ਵਿਖੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਲਹਿਰਾਉਣਗੇ ਤਿਰੰਗਾ
-77ਵੇਂ ਗਣਤੰਤਰ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਗਮ ਦੀਆਂ ਤਿਆਰੀਆਂ ਮੁਕੰਮਲ-ਵਰਜੀਤ ਵਾਲੀਆ
ਪਟਿਆਲਾ, 25 ਜਨਵਰੀ:
ਦੇਸ਼ ਦੇ 77ਵੇਂ ਗਣਤੰਤਰ ਦਿਵਸ ਮੌਕੇ ਪਟਿਆਲਾ ਦੇ ਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ, ਪੋਲੋ ਗਰਾਊਂਡ ਵਿਖੇ ਕਰਵਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਦੀ ਅੱਜ ਇੱਥੇ ਫੁਲ ਡਰੈਸ ਰਿਹਰਸਲ ਹੋਈ। ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਇਸ ਮੌਕੇ ਕੌਮੀ ਝੰਡਾ ਲਹਿਰਾਇਆ ਅਤੇ ਐਸ.ਐਸ.ਪੀ ਵਰੁਣ ਸ਼ਰਮਾ ਨਾਲ ਪਰੇਡ ਦਾ ਨਿਰੀਖਣ ਕਰਕੇ ਸਾਰੀ ਰਿਹਰਸਲ ਦਾ ਜਾਇਜ਼ਾ ਲਿਆ। ਇਸ ਦੌਰਾਨ ਏ.ਡੀ.ਸੀਜ ਦਮਨਜੀਤ ਸਿੰਘ ਮਾਨ ਤੇ ਡਾ. ਇਸਮਤ ਵਿਜੇ ਸਿੰਘ, ਐਸ.ਪੀਜ ਵੈਭਵ ਚੌਧਰੀ ਤੇ ਪਲਵਿੰਦਰ ਸਿੰਘ ਚੀਮਾ, ਆਰ.ਟੀ.ਓ. ਬਬਨਦੀਪ ਸਿੰਘ ਵਾਲੀਆ, ਐਸ.ਡੀ.ਐਮ ਹਰਜੋਤ ਕੌਰ ਮਾਵੀ, ਸੀ.ਐਮ.ਐਫ.ਓ. ਸਤੀਸ਼ ਚੰਦਰ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।
ਪਰੇਡ ਕਮਾਂਡਰ ਡੀ.ਐਸ.ਪੀ. ਫ਼ਤਹਿ ਸਿੰਘ ਬਰਾੜ ਦੀ ਅਗਵਾਈ ਹੇਠ ਅੱਜ ਰਿਹਰਸਲ ਮੌਕੇ ਮਾਰਚ ਪਾਸਟ ਵਿੱਚ ਆਈ.ਟੀ.ਬੀ.ਪੀ., ਪਟਿਆਲਾ ਪੁਲਿਸ ਦੀਆਂ ਦੋ ਟੁਕੜੀਆਂ (ਪੁਰਸ਼ ਤੇ ਮਹਿਲਾ ਵਿੰਗ), ਪੰਜਾਬ ਹੋਮ ਗਾਰਡਜ, ਐਨ.ਸੀ.ਸੀ ਦੇ ਵੱਖ-ਵੱਖ ਵਿੰਗਾਂ ਦੀਆਂ ਤਿੰਨ ਟੁਕੜੀਆਂ, ਰੈਡ ਕਰਾਸ ਦੀ ਸੈਂਟ ਜੋਨ ਐਂਬੂਲੈਂਸ ਬ੍ਰਿਗੇਡ, ਸਟੂਡੈਂਟ ਪੁਲਿਸ ਕੈਡੇਟ, ਸਕਾਊਟ ਐਂਡ ਗਾਈਡ ਅਤੇ ਆਈ.ਆਰ.ਬੀ. ਦਾ ਪਾਈਪ ਬੈਂਡ ਦੀਆਂ ਟੁਕੜੀਆਂ ਸ਼ਾਮਲ ਰਹੀਆਂ।
ਇਸ ਦੌਰਾਨ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਦੱਸਿਆ ਕਿ ਪਟਿਆਲਾ ਵਿਖੇ ਗਣਤੰਤਰ ਸਮਾਗਮ ਮੌਕੇ ਪੰਜਾਬ ਦੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਸਕੂਲ ਸਿੱਖਿਆ, ਉਚੇਰੀ ਸਿੱਖਿਆ ਤੇ ਭਾਸ਼ਾਵਾਂ ਅਤੇ ਸੂਚਨਾ ਅਤੇ ਲੋਕ ਸੰਪਰਕ ਵਿਭਾਗਾਂ ਦੇ ਮੰਤਰੀ ਸ. ਹਰਜੋਤ ਸਿੰਘ ਬੈਂਸ ਕੌਮੀ ਝੰਡਾ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਇਸ ਮੌਕੇ ਉਨ੍ਹਾਂ ਨੇ ਸਮਾਗਮ ਦੇ ਪ੍ਰਬੰਧਾਂ ਨੂੰ ਅੰਤਿਮ ਛੂਹਾਂ ਦਿੱਤੇ ਜਾਣ ਬਾਬਤ ਅਧਿਕਾਰੀਆਂ ਨਾਲ ਇੱਕ ਬੈਠਕ ਵੀ ਕੀਤੀ। ਉਨ੍ਹਾਂ ਦੱਸਿਆ ਕਿ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਾਰੇ ਸਮਾਗਮ ਦੀ ਅੱਜ ਫੁਲ ਡਰੈਸ ਰਿਹਰਸਲ ਕਰਵਾਈ ਗਈ ਹੈ।
ਵਰਜੀਤ ਵਾਲੀਆ ਨੇ ਦੱਸਿਆ ਕਿ ਸਮਾਗਮ ਮੋਕੇ ਕੈਬਨਿਟ ਮੰਤਰੀ ਜਿੱਥੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਆਪਣਾ ਮਹਾਨ ਯੋਗਦਾਨ ਪਾਉਣ ਵਾਲੇ ਸੁਤੰਤਰਤਾ ਸੈਨਾਨੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਉਤਰਧਿਕਾਰੀਆਂ ਦਾ ਸਨਮਾਨ ਕਰਨਗੇ ਉਥੇ ਵੱਖ-ਵੱਖ ਖੇਤਰਾਂ ਵਿੱਚ ਪ੍ਰਸੰਸਾਯੋਗ ਕੰਮ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਵੀ ਸਨਮਾਨ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਮਾਗਮ ਮੌਕੇ ਸਿੱਖਿਆ, ਪੁਲਿਸ, ਸਿਹਤ ਤੇ ਪਰਿਵਾਰ ਭਲਾਈ, ਵਣ ਤੇ ਜੰਗਲੀ ਜੀਵ ਸੁਰੱਖਿਆ, ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ, ਖੇਡ ਵਿਭਾਗ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸੀ.ਐਮ. ਦੀ ਯੋਗਸ਼ਾਲਾ, ਪੰਜਾਬ ਰਾਜ ਬਿਜਲੀ ਨਿਗਮ, ਵੇਰਕਾ ਮਿਲਕ ਪਲਾਂਟ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਝਾਕੀਆਂ ਵੀ ਕੱਢੀਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗਣਤੰਤਰ ਦਿਵਸ ਦੇ ਸਮਾਗਮ ਮੌਕੇ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨ, ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਿਊ ਪਾਵਰ ਹਾਊਸ ਕਲੋਨੀ, ਵਿਕਟੋਰੀਆ ਸਕੂਲ, ਸਰਕਾਰੀ ਕੰਨਿਆ ਸਕੂਲ ਪੁਰਾਣੀ ਪੁਲਿਸ ਲਾਈਨ, ਸੀਨੀਅਰ ਸੈਕੰਡਰੀ ਸਕੂਲ ਤ੍ਰਿਪੜੀ ਤੇ ਸਰਕਾਰੀ ਸਕੂਲ ਸਨੌਰੀ ਗੇਟ ਦੀਆਂ ਵਿਦਿਆਰਥਣਾਂ ਦੇਸ਼ ਭਗਤੀ ਦੇ ਗੀਤਾਂ ‘ਤੇ ਕੋਰੀਓਗ੍ਰਾਫ਼ੀ ਪੇਸ਼ ਕਰਨਗੀਆਂ।
ਇਸ ਮੌਕੇ ਪੀ.ਟੀ. ਸ਼ੋਅ ‘ਚ ਡੀ.ਏ.ਵੀ. ਪਬਲਿਕ ਸਕੂਲ, ਰਿਆਨ ਇੰਟਰਨੈਸ਼ਨਲ ਸਕੂਲ, ਨਰਾਇਣ ਸਕੂਲ ਅਤੇ ਜੈਮਸ ਪਬਲਿਕ ਸਕੂਲ ਦੇ ਕਰੀਬ 400 ਵਿਦਿਆਰਥੀ ਹਿੱਸਾ ਲੈਣਗੇ ਅਤੇ ਬੁੱਢਾ ਦਲ ਪਬਲਿਕ ਸਕੂਲ ਵੱਲੋਂ ਸਾਡੇ ਦੇਸ਼ ਦੀ ਅਨੇਕਤਾ ਵਿੱਚ ਏਕਤਾ ਨੂੰ ਦਰਸਾਉਂਦੀ ਪੇਸ਼ਕਾਰੀ ਕੀਤੀ ਜਾਵੇਗੀ। ਜਦੋਂਕਿ ਗਿੱਧੇ ਵਿੱਚ ਸਰਕਾਰੀ ਕਾਲਜ ਲੜਕੀਆਂ ਸਮੇਤ ਪੀ.ਐਮ. ਸ੍ਰੀ ਸਰਕਾਰੀ ਮਲਟੀਪਰਪਜ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ, ਸਰਕਾਰੀ ਸਕੂਲ ਮਾਡਲ ਟਾਊਨ, ਸਕੂਲ ਆਫ਼ ਐਮੀਨੈਂਸ ਫੀਲਖਾਨਾ ਅਤੇ ਪੰਜਾਬੀ ਯੂਨੀਵਰਸਿਟੀ ਦੇ ਸੀਨੀਅਰ ਸੈਕੰਡਰੀ ਮਾਡਲ ਸਕੂਲ ਦੀਆਂ ਲੜਕੀਆਂ ਸ਼ਾਮਲ ਹੋਣਗੀਆਂ।
ਇਸ ਤੋਂ ਇਲਾਵਾ ਭੰਗੜਾ ਵੀ ਪੇਸ਼ ਕੀਤਾ ਜਾਵੇਗਾ, ਇਸ ਵਿਚ ਸਕੂਲ ਆਫ਼ ਐਮੀਨੈਂਸ ਫੀਲਖਾਨਾ, ਸਰਕਾਰੀ ਮਲਟੀਪਰਪਜ ਸਮਾਰਟ ਸਕੂਲ ਪਾਸੀ ਰੋਡ, ਸਰਕਾਰੀ ਸਮਾਰਟ ਸਕੂਲ ਸਿਵਲ ਲਾਈਨ, ਸੀਨੀਅਰ ਮਾਡਲ ਸਕੂਲ ਪੰਜਾਬੀ ਯੂਨੀਵਰਸਿਟੀ, ਸਰਕਾਰੀ ਮਹਿੰਦਰਾ ਕਾਲਜ, ਬਿਕਰਮ ਕਾਲਜ ਆਫ ਕਾਮਰਸ, ਖਾਲਸਾ ਕਾਲਜ ਤੇ ਯੂਨੀਵਰਸਿਟੀ ਕੈਂਪਸ ਦੇ ਨੌਜਵਾਨ ਵਿਦਿਆਰਥੀ ਭਾਗ ਲੈਣਗੇ। ਸਮਾਗਮ ਦੇ ਅਖੀਰ ਵਿੱਚ ਜਿੱਥੇ ਗਰਲਜ ਕਾਲਜ ਦੀਆਂ ਵਿਦਿਆਰਥਣਾਂ ਰਾਸ਼ਟਰੀ ਗੀਤ ਗਾਉਣਗੀਆਂ ਉਥੇ ਹੀ ਵਾਣੀ ਇੰਟੇਗ੍ਰੇਟਿਡ ਸਕੂਲ ਫਾਰ ਡੈਫ ਐਂਡ ਸਪੈਸ਼ਲ ਚਿਲਡਰਨ ਰਾਸ਼ਟਰੀ ਗਾਨ ਨੂੰ ਸੰਕੇਤਕ ਭਾਸ਼ਾ ‘ਚ ਗਾਉਣਗੇ।
