Patiala News: ਡਿਪਟੀ ਕਮਿਸ਼ਨਰ ਵੱਲੋਂ ਮਾਤਾ ਸ੍ਰੀ ਕਾਲੀ ਦੇਵੀ ਮੰਦਰ ਦੇ ਨਵੀਨੀਕਰਨ ਪ੍ਰਾਜੈਕਟਾਂ ਦਾ ਜਾਇਜ਼ਾ

January 30, 2026 - PatialaPolitics

Patiala News: ਡਿਪਟੀ ਕਮਿਸ਼ਨਰ ਵੱਲੋਂ ਮਾਤਾ ਸ੍ਰੀ ਕਾਲੀ ਦੇਵੀ ਮੰਦਰ ਦੇ ਨਵੀਨੀਕਰਨ ਪ੍ਰਾਜੈਕਟਾਂ ਦਾ ਜਾਇਜ਼ਾ

-ਮੰਦਿਰ ਵਿਖੇ ਐਡਵਾਇਜਰੀ ਮੈਨੇਜਿੰਗ ਕਮੇਟੀ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ

 

-ਸਾਰੇ ਵਿਭਾਗ ਮੰਦਰ ਦੇ ਕੰਮਾਂ ਨੂੰ ਸਮੇਂ ਸਿਰ ਨੇਪਰੇ ਚਾੜਨ ਲਈ ਸਮਰਪਿਤ-ਵਰਜੀਤ ਵਾਲੀਆ

 

ਪਟਿਆਲਾ, 30 ਜਨਵਰੀ :

 

ਪਟਿਆਲਾ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਅੱਜ ਪਟਿਆਲਾ ਦੇ ਇਤਿਹਾਸਕ ਮਾਤਾ ਸ੍ਰੀ ਕਾਲੀ ਦੇਵੀ ਮੰਦਰ ਦੇ ਨਵੀਨੀਕਰਨ ਪ੍ਰਾਜੈਕਟਾਂ ਦਾ ਜਾਇਜ਼ਾ ਲੈਣ ਲਈ ਮੰਦਰ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਮੰਦਰ ਦੀ ਐਡਵਾਇਜਰੀ ਮੈਨੇਜਿੰਗ ਕਮੇਟੀ ਦੇ ਮੈਂਬਰਾਂ ਸੀ.ਏ. ਅਜੇ ਅਲੀਪੁਰੀਆ, ਸੰਜੇ ਸਿੰਗਲਾ, ਡਾ. ਰਾਜ ਕੁਮਾਰ ਗੁਪਤਾ ਤੇ ਏ.ਡੀ.ਸੀ. (ਜ) ਸਿਮਰਪ੍ਰੀਤ ਕੌਰ ਸਮੇਤ ਲੋਕ ਨਿਰਮਾਣ, ਡਰੇਨੇਜ, ਨਗਰ ਨਿਗਮ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

 

ਡਿਪਟੀ ਕਮਿਸ਼ਨਰ ਨੇ ਮੰਦਰ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਰੰਭ ਕਰਵਾਏ ਗਏ ਵਿਕਾਸ ਪ੍ਰਾਜੈਕਟਾਂ ਦੇ ਕੰਮਾਂ ਦੀ ਸਮੀਖਿਆ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਖ਼ੁਦ ਇਨ੍ਹਾਂ ਕੰਮਾਂ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਮੰਦਰ ਦਾ ਕੰਮ ਹੋਣ ਕਰਕੇ ਸਾਰੇ ਅਧਿਕਾਰੀ ਇਸ ਕੰਮ ਨੂੰ ਸੇਵਾ ਮੰਨਕੇ ਪੂਰੀ ਤਰ੍ਹਾਂ ਸਮਰਪਿਤ ਭਾਵਨਾ ਨਾਲ ਨੇਪਰੇ ਚਾੜ੍ਹਨ ਲਈ ਵਚਨਬੱਧ ਹਨ ਅਤੇ ਸਾਰੇ ਕੰਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮਿਥੇ ਗਏ ਸਮੇਂ ਮੁਤਾਬਕ ਇੱਕ ਸਾਲ ਦੇ ਅੰਦਰ-ਅੰਦਰ ਪੂਰੇ ਕਰ ਲਏ ਜਾਣਗੇ।

 

ਵਰਜੀਤ ਵਾਲੀਆ ਨੇ ਇਸ ਮੌਕੇ ਸ੍ਰੀ ਕਾਲੀ ਮਾਤਾ ਮੰਦਰ ਨੂੰ ਨਵਾਂ ਰੂਪ ਦੇਣ ਸਮੇਤ ਮੰਦਰ ਦੇ ਸਰੋਵਰ ਸਾਫ਼ ਨਹਿਰੀ ਪਾਣੀ ਦੀ ਸਪਲਾਈ, ਸੀਵਰੇਜ ਤੇ ਡਰੇਨੇਜ ਸਰੋਵਰ ਦੇ ਆਲੇ-ਦੁਆਲੇ ਬਣਨ ਵਾਲੇ ਨਵੇਂ ਰਸਤੇ ਲਈ ਆਰ.ਸੀ.ਸੀ. ਦੇ ਕੰਮ, ਪ੍ਰਵੇਸ਼ ਦੁਆਰ ਅਤੇ ਸਰੋਵਰ ਦਾ ਨਿਰਮਾਣ, 6 ਬਿਲਡਿੰਗ ਬਲਾਕ ਸਮੇਤ ਚੱਲ ਰਹੇ ਆਮ ਆਦਮੀ ਕਲੀਨਿਕਦਾ ਵੀ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਇਸ ਰੂਹਾਨੀ ਕੇਂਦਰ ਨੂੰ ਪੰਜਾਬ ਦੇ ਇੱਕ ਵਾਸਤੂ ਕਲਾ ਦੇ ਨਮੂਨੇ ਵਜੋਂ ਵਿਕਸਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।ਉਨ੍ਹਾਂ ਦੱਸਿਆ ਕਿ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈਣ ਲਈ ਲਗਾਤਾਰ ਬੈਠਕਾਂ ਤੇ ਦੌਰੇ ਕੀਤੇ ਜਾਣਗੇ।