Patiala News: ਵਿਧਾਨ ਸਭਾ ਦੀ ਪੰਚਾਇਤੀ ਰਾਜ ਸੰਸਥਾਵਾਂ ਬਾਰੇ ਕਮੇਟੀ ਵੱਲੋਂ ਪਟਿਆਲਾ ‘ਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ
February 5, 2026 - PatialaPolitics
Patiala News: ਵਿਧਾਨ ਸਭਾ ਦੀ ਪੰਚਾਇਤੀ ਰਾਜ ਸੰਸਥਾਵਾਂ ਬਾਰੇ ਕਮੇਟੀ ਵੱਲੋਂ ਪਟਿਆਲਾ ‘ਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ

-ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਗੁਰਲਾਲ ਘਨੌਰ, ਨੀਨਾ ਮਿੱਤਲ, ਅਤੇ ਕੁਲਜੀਤ ਸਿੰਘ ਰੰਧਾਵਾ ਵੱਲੋਂ ਅਧਿਕਾਰੀਆਂ ਨੂੰ ਵਿਕਾਸ ਕੰਮ ਮਿਥੇ ਸਮੇਂ ਦੇ ਅੰਦਰ ਪੂਰਾ ਕਰਨ ਦੇ ਨਿਰਦੇਸ਼
ਪਟਿਆਲਾ, 5 ਫਰਵਰੀ:
ਪੰਜਾਬ ਵਿਧਾਨ ਸਭਾ ਦੀ ਪੰਚਾਇਤੀ ਰਾਜ ਸੰਸਥਾਵਾਂ ਬਾਰੇ ਕਮੇਟੀ ਨੇ ਅੱਜ ਪਟਿਆਲਾ ਜ਼ਿਲ੍ਹੇ ਵਿੱਚ ਪੰਚਾਇਤੀ ਰਾਜ ਵਿਭਾਗ ਅਧੀਨ ਚੱਲ ਰਹੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਕਮੇਟੀ ਦੇ ਚੇਅਰਮੈਨ ਵਿਧਾਇਕ (ਬੁਢਲਾਡਾ) ਪ੍ਰਿੰਸੀਪਲ ਬੁੱਧ ਰਾਮ ਨੇ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਮੂਹ ਅਧਿਕਾਰੀਆਂ ਨੂੰ ਸਬੰਧਤ ਹਲਕੇ ਦੇ ਵਿਧਾਇਕਾਂ ਨਾਲ ਨੇੜਿਓਂ ਤਾਲਮੇਲ ਕਰਕੇ ਲੰਬਿਤ ਕੰਮਾਂ ਨੂੰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ। ਕਮੇਟੀ ਮੈਂਬਰਾਂ ਵਿਧਾਇਕ ਨੀਨਾ ਮਿੱਤਲ, ਗੁਰਲਾਲ ਘਨੌਰ ਅਤੇ ਕੁਲਜੀਤ ਸਿੰਘ ਰੰਧਾਵਾ ਨੇ ਵੀ ਵਿਚਾਰ-ਵਟਾਂਦਰੇ ਵਿੱਚ ਹਿੱਸਾ ਲੈਂਦਿਆਂ ਪੇਂਡੂ ਵਿਕਾਸ ਅਤੇ ਲੋਕ ਭਲਾਈ ਪ੍ਰੋਜੈਕਟਾਂ ਨਾਲ ਸਬੰਧਤ ਮੁੱਖ ਮੁੱਦਿਆਂ ‘ਤੇ ਚਰਚਾ ਕੀਤੀ।
ਮੀਟਿੰਗ ਦੌਰਾਨ, ਕਮੇਟੀ ਨੇ ਖੇਡ ਸਟੇਡੀਅਮਾਂ ਦੇ ਵਿਕਾਸ, ਛੱਪੜਾਂ ਦੀ ਸਫਾਈ ਅਤੇ ਪੁਨਰ ਸੁਰਜੀਤੀ, ਪੇਂਡੂ ਲਾਇਬ੍ਰੇਰੀਆਂ, ਪੰਚਾਇਤੀ ਜ਼ਮੀਨਾਂ ‘ਤੇ ਗੈਰ-ਕਾਨੂੰਨੀ ਕਬਜ਼ਿਆਂ ਵਿਰੁੱਧ ਕਾਰਵਾਈ, ਮਨਰੇਗਾ ਨੂੰ ਲਾਗੂ ਕਰਨਾ, ਧਰਮਸ਼ਾਲਾਵਾਂ ਦੇ ਨਿਰਮਾਣ, 15ਵੇਂ ਵਿੱਤ ਕਮਿਸ਼ਨ ਦੇ ਫੰਡਾਂ ਦੀ ਵਰਤੋਂ, ਰੰਗਲਾ ਪੰਜਾਬ ਅਤੇ ਸਮਾਰਟ ਪਿੰਡ ਪਹਿਲਕਦਮੀਆਂ, ਗੰਦੇ ਪਾਣੀ ਦੇ ਨਿਕਾਸ, ਗਲੀਆਂ ਦੀ ਉਸਾਰੀ ਸਮੇਤ ਕਈ ਤਰਜੀਹੀ ਖੇਤਰਾਂ ਵਿੱਚ ਪ੍ਰਗਤੀ ਦੀ ਸਮੀਖਿਆ ਕੀਤੀ।
ਕਮੇਟੀ ਨੇ ਸੰਤੁਸ਼ਟੀ ਜਤਾਈ ਕਿ ਪਟਿਆਲਾ ਜ਼ਿਲ੍ਹਾ, ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ ਪੰਜਾਬ ਵਿੱਚ ਪਹਿਲੇ ਸਥਾਨ ‘ਤੇ ਹੈ, ਜਿਸ ਵਿੱਚ 2,721 ਲਾਭਪਾਤਰੀਆਂ ਨੂੰ ਸਾਰੀਆਂ ਕਿਸ਼ਤਾਂ ਪ੍ਰਦਾਨ ਕੀਤੀਆਂ ਜਾ ਚੁੱਕੀਆਂ ਹਨ।ਇਸੇ ਤਰ੍ਹਾਂ ਜ਼ਿਲ੍ਹਾ, ਪੰਜਾਬ ਪੇਂਡੂ ਆਜੀਵਿਕਾ ਮਿਸ਼ਨ ਵਿੱਚ ਵੀ ਸਿਖਰਲਾ ਸਥਾਨ ਰੱਖਦਾ ਹੈ, ਜਿਸ ਵਿੱਚ 5,412 ਸਰਗਰਮ ਸਵੈ-ਸਹਾਇਤਾ ਸਮੂਹ ਹਨ।
ਕਮੇਟੀ ਨੇ ਲੰਬਿਤ ਆਡਿਟ ਪੈਰਿਆਂ ਦੀ ਚੰਗੀ ਤਰ੍ਹਾਂ ਘੋਖ ਕੀਤੀ ਅਤੇ ਸਾਰੇ ਬੀਡੀਪੀਓਜ ਅਤੇ ਸਬੰਧਤ ਅਧਿਕਾਰੀਆਂ ਨੂੰ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਇਹ ਪੈਰ੍ਹੇ ਸੈਟਲ ਕਰਨ ਦੇ ਨਿਰਦੇਸ਼ ਦਿੱਤੇ। ਕਮੇਟੀ ਨੇ ਕੁਝ ਅਧਿਕਾਰੀਆਂ ਨੂੰ 24 ਫਰਵਰੀ ਨੂੰ ਵਿਧਾਨ ਸਭਾ ਵਿੱਚ ਹੋਣ ਵਾਲੀ ਅਗਲੀ ਮੀਟਿੰਗ ਦੌਰਾਨ ਸਬੰਧਤ ਰਿਕਾਰਡ ਪੇਸ਼ ਕਰਨ ਲਈ ਵੀ ਤਲਬ ਕੀਤਾ।
ਕਮੇਟੀ ਮੈਂਬਰਾਂ ਵਿਧਾਇਕ ਗੁਰਲਾਲ ਘਨੌਰ, ਵਿਧਾਇਕ ਨੀਨਾ ਮਿੱਤਲ ਅਤੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਨ ਸੰਬੰਧੀ ਨਿਰਦੇਸ਼ ਦਿੱਤੇ। ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਨੇ ਜ਼ੋਰ ਦੇ ਕੇ ਕਿਹਾ ਕਿ ਕੋਈ ਵੀ ਵਿਕਾਸ ਫੰਡ ਅਣਵਰਤਿਆ ਨਹੀਂ ਰਹਿਣਾ ਚਾਹੀਦਾ ਅਤੇ ਸਾਰੇ ਕੰਮ ਨਿਰਧਾਰਤ ਸਮਾਂ-ਸੀਮਾ ਦੇ ਅੰਦਰ ਪੂਰੇ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਦੁਹਰਾਇਆ ਕਿ ਵਿਧਾਨ ਸਭਾ ਕਮੇਟੀਆਂ ਦੇ ਸਾਲ ਭਰ ਦੇ ਕੰਮਕਾਜ ਲਈ ਸਾਰੇ ਅਧਿਕਾਰੀਆਂ ਦੇ ਪੂਰੇ ਸਹਿਯੋਗ ਅਤੇ ਗੰਭੀਰਤਾ ਦੀ ਲੋੜ ਹੁੰਦੀ ਹੈ।
ਇਸ ਤੋਂ ਪਹਿਲਾਂ, ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਕਮੇਟੀ ਚੇਅਰਮੈਨ ਅਤੇ ਮੈਂਬਰਾਂ ਦਾ ਸਵਾਗਤ ਕੀਤਾ। ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦਮਨਜੀਤ ਸਿੰਘ ਮਾਨ ਨੇ ਕਮੇਟੀ ਨੂੰ ਭਰੋਸਾ ਦਿੱਤਾ ਕਿ ਜਾਰੀ ਕੀਤੇ ਗਏ ਸਾਰੇ ਨਿਰਦੇਸ਼ ਇੰਨ-ਬਿੰਨ ਲਾਗੂ ਕੀਤੇ ਜਾਣਗੇ।
ਬੈਠਕ ਦੌਰਾਨ ਵਿਧਾਨ ਸਭਾ ਦੇ ਡਿਪਟੀ ਸਕੱਤਰ ਜਸਵਿੰਦਰ ਸਿੰਘ, ਕਮੇਟੀ ਇੰਚਾਰਜ ਹਰੀਸ਼ ਕੁਮਾਰ, ਸੀਨੀਅਰ ਰਿਪੋਰਟਰ ਅਮਨਦੀਪ ਕੌਰ ਅਤੇ ਮਹਿਕ, ਡਿਪਟੀ ਡਾਇਰੈਕਟਰ (ਪੇਂਡੂ ਵਿਕਾਸ) ਵਿਨੋਦ ਗਾਗਟ, ਡਿਪਟੀ ਸੀਈਓ ਜ਼ਿਲ੍ਹਾ ਪ੍ਰੀਸ਼ਦ ਅਮਨਦੀਪ ਕੌਰ, ਡੀਡੀਪੀਓ ਮਹਿੰਦਰਜੀਤ ਸਿੰਘ, ਸਮੂਹ ਬੀਡੀਪੀਓਜ, ਐਸਡੀਓ ਪੰਚਾਇਤੀ ਰਾਜ ਅਤੇ ਹੋਰ ਸਬੰਧਤ ਅਧਿਕਾਰੀ ਵੀ ਮੌਜੂਦ ਸਨ।
