Patiala News: 10 ਲੱਖ ਦਾ ਮੁੱਖ ਮੰਤਰੀ ਸਿਹਤ ਕਾਰਡ ਲੋਕਾਂ ਲਈ ਵਰਦਾਨ: ਸਿਹਤ ਮੰਤਰੀ

February 11, 2026 - PatialaPolitics

Patiala News: 10 ਲੱਖ ਦਾ ਮੁੱਖ ਮੰਤਰੀ ਸਿਹਤ ਕਾਰਡ ਲੋਕਾਂ ਲਈ ਵਰਦਾਨ: ਸਿਹਤ ਮੰਤਰੀ

ਵੀ ਐਲ ਈ ਅਤੇ ਪ੍ਰਸ਼ਾਸਨ ਮਿਲ ਕੇ ਕਰਨ ਲੋਕ-ਭਲਾਈ ਦੇ ਕੰਮ: ਡਾ. ਬਲਬੀਰ ਸਿੰਘ

ਪਟਿਆਲਾ 11 ਫਰਵਰੀ:

 

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਨਗਰ ਨਿਗਮ ਵਿਖੇ ਪਟਿਆਲਾ ਦਿਹਾਤੀ ਖੇਤਰ ਵਿੱਚ ਵੀ ਐਲ ਈਜ਼ ਅਤੇ ਨਗਰ ਨਿਗਮ ਦੇ ਅਧਿਕਰੀਆਂ ਨਾਲ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਰਜਿਸਟ੍ਰੇਸ਼ਨ ਕਾਰਡਾਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ। ਇਸ ਮੌਕੇ ਉਨ੍ਹਾਂ ਨੇ ਵੀ ਐਲ ਈ ਓਪਰੇਟਰਾਂ ਅਤੇ ਵਲੰਟੀਅਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਚਲਾਈਆਂ ਜਾ ਰਹੀ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਦਿੱਤਾ ਜਾ ਰਿਹਾ 10 ਲੱਖ ਰੁਪਏ ਤੱਕ ਦਾ ਸਿਹਤ ਕਾਰਡ ਲੋਕਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਨਾਲ ਗਰੀਬ ਅਤੇ ਮੱਧ ਵਰਗ ਦੇ ਪਰਿਵਾਰਾਂ ਨੂੰ ਵੱਡੀ ਬੀਮਾਰੀ ਦੇ ਇਲਾਜ ਲਈ ਕਰਜ਼ੇ ਹੇਠ ਨਹੀਂ ਆਉਣਾ ਪਵੇਗਾ ਅਤੇ ਨਾ ਹੀ ਕਿਸੇ ਨੂੰ ਇਲਾਜ ਤੋਂ ਵਾਂਝਾ ਰਹਿਣਾ ਪਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਹਰ ਨਾਗਰਿਕ ਨੂੰ ਵਧੀਆ ਅਤੇ ਮੁਫ਼ਤ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਹੈ।

 

ਸਿਹਤ ਮੰਤਰੀ ਨੇ ਵੀ ਐਲ ਈ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲਜੁਲ ਕੇ ਕੰਮ ਕਰਨ ਲਈ ਕਿਹਾ ਤਾਂ ਜੋ ਹਰ ਹੱਕਦਾਰ ਪਰਿਵਾਰ ਤੱਕ ਇਹ ਕਾਰਡ ਸਮੇਂ ਸਿਰ ਪਹੁੰਚ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਦੀ ਸਾਂਝੀ ਕੋਸ਼ਿਸ਼ ਨਾਲ ਹੀ ਯੋਜਨਾਵਾਂ ਦੀ ਸਫਲਤਾ ਯਕੀਨੀ ਬਣਾਈ ਜਾ ਸਕਦੀ ਹੈ। ਉਨ੍ਹਾਂ ਵਲੰਟੀਅਰਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਲੋਕਾਂ ਨੂੰ ਯੋਜਨਾਵਾਂ ਬਾਰੇ ਜਾਗਰੂਕ ਕਰਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕਰਨ ਲਈ ਅੱਗੇ ਆਉਣ।

 

ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਪੂਰੇ ਦੇਸ਼ ਵਿੱਚ ਸਰਕਾਰ ਸੱਚੇ ਅਰਥਾਂ ਵਿੱਚ ਲੋਕਾਂ ਲਈ ਕੰਮ ਕਰ ਰਹੀ ਹੈ। ਪੰਜਾਬ ਸਰਕਾਰ ਵੱਲੋਂ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਇਤਿਹਾਸਕ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਿਹਤ ਕਾਰਡ ਰਾਹੀਂ ਹਜ਼ਾਰਾਂ ਪਰਿਵਾਰਾਂ ਨੂੰ ਲਾਭ ਮਿਲ ਰਿਹਾ ਹੈ ਅਤੇ ਇਹ ਯੋਜਨਾ ਭਵਿੱਖ ਵਿੱਚ ਹੋਰ ਵੀ ਵਿਸਥਾਰਿਤ ਕੀਤੀ ਜਾਵੇਗੀ।

 

ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਵਧੀਆ ਪ੍ਰਦਰਸ਼ਨ ਕਰਨ ਵਾਲੇ ਵੀ ਐਲ ਈ ਓਪਰੇਟਰਾਂ ਨੂੰ ਨੌਕਰੀ ਦੇਣ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ, ਤਾਂ ਜੋ ਉਨ੍ਹਾਂ ਦੀ ਮਿਹਨਤ ਦਾ ਯੋਗ ਸਨਮਾਨ ਹੋ ਸਕੇ।

 

ਅੰਤ ਵਿੱਚ ਡਾ. ਬਲਬੀਰ ਸਿੰਘ ਨੇ ਸਾਰੇ ਅਧਿਕਾਰੀਆਂ, ਵੀ ਐਲ ਈ ਓਪਰੇਟਰਾਂ ਅਤੇ ਵਲੰਟੀਅਰਾਂ ਨੂੰ ਅਪੀਲ ਕੀਤੀ ਕਿ ਉਹ ਰਲ ਕੇ ਕੰਮ ਕਰਨ ਅਤੇ ਪੰਜਾਬ ਨੂੰ “ਰੰਗਲਾ ਪੰਜਾਬ” ਬਨਾਉਣ ਵਿੱਚ ਆਪਣਾ ਯੋਗਦਾਨ ਪਾਉਣ।

 

ਇਸ ਮੌਕੇ ਮੇਅਰ ਕੁੰਦਨ ਗੋਗੀਆ, ਡਿਪਟੀ ਮੇਅਰ ਹਰਿੰਦਰ ਕੋਹਲੀ, ਚੇਅਰਮੈਨ ਇੰਪਰੂਵਮੈਟ ਟਰਸਟ ਹਰਪਾਲ ਸਿੰਘ ਵਿਰਕ, ਕਮਿਸ਼ਨਰ ਨਗਰ ਨਿਗਮ ਪਰਮਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵੀ ਐਲ ਈ ਓਪਰੇਟਰ ਅਤੇ ਵਲੰਟੀਅਰ ਹਾਜ਼ਰ ਸਨ।