Patiala Heritage Festival Mela 2026:ਕਰਾਫਟ ਮੇਲੇ ‘ਚ ਨੌਜਵਾਨ ਵਿਦਿਆਰਥੀਆਂ ਨੂੰ ਹੁਨਰ ਵਿਖਾਉਣ ਦਾ ਸੁਨਹਿਰੀ ਮੌਕਾ

February 24, 2026 - PatialaPolitics

Patiala Heritage Festival Mela 2026:ਕਰਾਫਟ ਮੇਲੇ ‘ਚ ਨੌਜਵਾਨ ਵਿਦਿਆਰਥੀਆਂ ਨੂੰ ਹੁਨਰ ਵਿਖਾਉਣ ਦਾ ਸੁਨਹਿਰੀ ਮੌਕਾ

*ਰੰਗ-ਬਿਰੰਗਾ ਤੇ ਦਿਲਕਸ਼ ਬਣਿਆ ਮੇਲੇ ਦਾ ਮਾਹੌਲ*

 

*ਖਾਣ-ਪੀਣ ਦੀਆਂ ਸਟਾਲਾਂ ਬਣੀਆਂ ਖਾਸ ਆਕਰਸ਼ਣ ਦਾ ਕੇਂਦਰ*

 

ਪਟਿਆਲਾ 24 ਫਰਵਰੀ:

 

ਪੰਜਾਬ ਸਖੀ ਸ਼ਕਤੀ ਕਰਾਫਟ ਮੇਲਾ 2026 ਦੇ ਅਧੀਨ ਸ਼ੀਸ਼ ਮਹਿਲ ਪਟਿਆਲਾ ਵਿਖੇ ਚੱਲ ਰਹੇ ਮੇਲੇ ਦੌਰਾਨ ਰੰਗ-ਬਿਰੰਗੀਆਂ ਸੱਭਿਆਚਾਰਕ ਗਤੀਵਿਧੀਆਂ ਉਤਸ਼ਾਹ ਨਾਲ ਆਯੋਜਿਤ ਕੀਤੀਆਂ ਗਈਆਂ। ਮੇਲੇ ਨੇ ਸ਼ਹਿਰ ਵਾਸੀਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਨ ਦਾ ਵਿਲੱਖਣ ਮੌਕਾ ਪ੍ਰਦਾਨ ਕੀਤਾ। ਇਸ ਮੌਕੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਲੋਕ ਗੀਤ,ਮਿਮਿਕਰੀ ਅਤੇ ਪੋਸਟਰ ਤਿਆਰ ਕਰਨ ਦੇ ਮੁਕਾਬਲੇ ਕਰਵਾਏ ਗਏ। ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਪਹਿਲਾ, ਦੂਜਾ ਅਤੇ ਤੀਜਾ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।

 

ਸਟੇਜ ਦੀ ਸੰਭਾਲ ਡਾ. ਨਰਿੰਦਰ ਸਿੰਘ ਵੱਲੋਂ ਸੁਚੱਜੇ ਢੰਗ ਨਾਲ ਨਿਭਾਈ ਗਈ। ਇਸ ਮੌਕੇ ਸ੍ਰੀ ਅਸ਼ੋਕ ਕੁਮਾਰ, ਐਸ.ਡੀ.ਐਮ ਪਾਤੜਾਂ, ਮੈਡਮ ਰੂਪਵੰਤ ਕੌਰ (ਬਾਲ ਸੁਰੱਖਿਆ ਅਧਿਕਾਰੀ) ਅਤੇ ਰਣਜੀਤ ਕੌਰ ਵੱਲੋਂ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।

 

ਮੇਲੇ ਵਿੱਚ ਕਾਰੀਗਰਾਂ ਵੱਲੋਂ ਲਗਾਈਆਂ ਸਟਾਲਾਂ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਬਣੀਆਂ ਹੋਈਆਂ ਹਨ। ਹੱਥੀ ਕਢਾਈ ਵਾਲੀਆਂ ਵਸਤਾਂ, ਫੁਲਕਾਰੀ ਅਤੇ ਹੋਰ ਰਵਾਇਤੀ ਹਸਤਕਲਾਵਾਂ ਲੋਕਾਂ ਨੂੰ ਬਹੁਤ ਲੁਭਾ ਰਹੀਆਂ ਹਨ। ਖਾਣ-ਪੀਣ ਦੀਆਂ ਸਟਾਲਾਂ ‘ਤੇ ਵੀ ਕਾਫ਼ੀ ਭੀੜ ਦੇਖਣ ਨੂੰ ਮਿਲ ਰਹੀ ਹੈ, ਜਿੱਥੇ ਲੋਕ ਵੱਖ-ਵੱਖ ਵਿਅੰਜਨਾਂ ਦਾ ਸੁਆਦ ਮਾਣ ਰਹੇ ਹਨ।

 

ਮੇਲੇ ਦਾ ਨਜ਼ਾਰਾ ਬਹੁਤ ਹੀ ਸੁਹਾਵਣਾ ਅਤੇ ਮਨਮੋਹਕ ਹੈ। ਪਟਿਆਲਾ ਦੇ ਲੋਕਾਂ ਵਿੱਚ ਮੇਲੇ ਪ੍ਰਤੀ ਖਾਸ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਹ ਮੇਲਾ ਸੱਭਿਆਚਾਰਕ ਵਿਰਾਸਤ ਨੂੰ ਉਭਾਰਨ ਅਤੇ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਪਰੰਪਰਾਵਾਂ ਨਾਲ ਜੋੜਨ ਵੱਲ ਇਕ ਮਹੱਤਵਪੂਰਨ ਕਦਮ ਸਾਬਤ ਹੋ ਰਿਹਾ ਹੈ।ਲੋਕਾਂ ਵੱਲੋਂ ਜਿਲ੍ਹਾ ਪ੍ਰਸ਼ਾਸ਼ਨ ਦੀ ਬਹੁਤ ਪ੍ਰਸ਼ੰਸਾ ਕੀਤੀ ਜਾ ਰਹੀ ਹੈ।