Patiala News: ਗੂਗਲ ਖੋਜ ਤੇ ਏ.ਆਈ. ਮਨੁੱਖੀ ਸਬੰਧਾਂ ਤੇ ਮੇਲ ਮਿਲਾਪ ਦਾ ਬਦਲ ਨਹੀਂ ਹੋ ਸਕਦੇ- ਸਤਿੰਦਰਪਾਲ ਸਿੰਘ ਸਿੱਧਵਾਂ

March 3, 2026 - PatialaPolitics

Patiala News: ਗੂਗਲ ਖੋਜ ਤੇ ਏ.ਆਈ. ਮਨੁੱਖੀ ਸਬੰਧਾਂ ਤੇ ਮੇਲ ਮਿਲਾਪ ਦਾ ਬਦਲ ਨਹੀਂ ਹੋ ਸਕਦੇ- ਸਤਿੰਦਰਪਾਲ ਸਿੰਘ ਸਿੱਧਵਾਂ

ਪੁਸਤਕ ਬੈਠਕ ਦੌਰਾਨ ਢਾਡੀ ਸਤਿੰਦਰਪਾਲ ਸਿੰਘ ਨੇ ‘ਕਿਤਾਬ ਤੇ ਕਲਾ’ ਵਿਸ਼ੇ ’ਤੇ ਕੀਤੀ ਚਰਚਾ

 

ਭਾਸ਼ਾ ਵਿਭਾਗ ਦੇ ਕਰਮਚਾਰੀਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਦੀ ਜੀਵਨੀ ਬਾਰੇ ਕੀਤੀ ਚਰਚਾ

 

ਪਟਿਆਲਾ , 3 ਮਾਰਚ:

 

ਭਾਸ਼ਾ ਵਿਭਾਗ ਪੰਜਾਬ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਵਿੱਚ ਕਰਵਾਈ ਜਾਂਦੀ ਮਹੀਨਾਵਾਰ ਪੁਸਤਕ ਬੈਠਕ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਨਾਲ ਸਬੰਧਤ ਪ੍ਰਿੰ. ਸਤਿਬੀਰ ਸਿੰਘ ਦੀ ਪੁਸਤਕ ‘ਇਤਿ ਜਿਨਿ ਕਰੀ’ ਬਾਰੇ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਚਰਚਾ ਕੀਤੀ। ਇਸ ਸਮਾਗਮ ਦੌਰਾਨ ਉੱਘੇ ਢਾਡੀ/ਕਵੀਸ਼ਰ ਤੇ ਕੈਨੇਡਾ ਦੇ ਮੀਡੀਆ ਦੀ ਨਾਮਵਰ ਸ਼ਖ਼ਸੀਅਤ ਸਤਿੰਦਰਪਾਲ ਸਿੰਘ ਸਿੱਧਵਾਂ ਨੇ ‘ਕਿਤਾਬ ਤੇ ਕਲਾ’ ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ ਦਿੱਤਾ।

 

ਸਵਾਗਤੀ ਭਾਸ਼ਣ ਦੌਰਾਨ ਸ. ਜਸਵੰਤ ਸਿੰਘ ਜ਼ਫ਼ਰ ਨੇ ਸ. ਸਿੱਧਵਾਂ ਦੀ ਸ਼ਖ਼ਸੀਅਤ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਢਾਡੀ, ਰਾਗੀ ਤੇ ਕਵੀਸ਼ਰ ਸਾਨੂੰ ਆਪਣੇ ਇਤਿਹਾਸ, ਬੋਲੀ, ਕਦਰਾਂ ਕੀਮਤਾਂ ਅਤੇ ਸੱਭਿਆਚਾਰ ਨਾਲ ਜੋੜਦੇ ਹਨ। ਖਾਸ ਤੌਰ ’ਤੇ ਨਵੀਂ ਪੀੜ੍ਹੀ ਨੂੰ ਇਤਿਹਾਸ ਤੇ ਸੱਭਿਆਚਾਰ ਨਾਲ ਜੋੜਨ ਲਈ ਇਨ੍ਹਾਂ ਦਾ ਬਹੁਤ ਯੋਗਦਾਨ ਹੈ। ਇਸੇ ਕਰਕੇ ਅੱਜ ਵੀ ‘ਸਿੱਧਵਾਂ ਕਾਲਜ ਵਾਲੇ’ ਢਾਡੀ ਜਥੇ ਨੂੰ ਲੋਕ ਯਾਦ ਕਰਦੇ ਹਨ। ਅਜਿਹੀਆਂ ਪ੍ਰੰਪਰਾਵਾਂ ਅੱਜ ਵੀ ਯਾਦ ਰੱਖਣ ਦੀ ਲੋੜ ਹੈ। ਸ. ਜ਼ਫ਼ਰ ਨੇ ਕਿਹਾ ਕਿ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਵਰ੍ਹਾ ਮਨਾ ਰਹੇ ਹਾਂ ਇਸ ਕਰਕੇ ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਕਿ ਉਨ੍ਹਾਂ ਦੇ ਬਾਰੇ ਘੱਟੋ-ਘੱਟ ਇੱਕ ਕਿਤਾਬ ਜ਼ਰੂਰ ਪੜ੍ਹੀਏ। ਇਸੇ ਤਹਿਤ ਹੀ ਭਾਸ਼ਾ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਗੁਰੂ ਸਾਹਿਬ ਦੀ ਜੀਵਨੀ ’ਤੇ ਅਧਾਰਤ ਪੁਸਤਕ ‘ਇਤਿ ਜਿਨਿ ਕਰੀ’ ਪੜ੍ਹਨ ਲਈ ਪ੍ਰੇਰਿਤ ਕੀਤਾ ਗਿਆ ਤੇ ਉਸ ਸਬੰਧੀ ਵਿਚਾਰ ਚਰਚਾ ਕੀਤੀ ਗਈ ਹੈ।

 

ਸ. ਸਤਿੰਦਰਪਾਲ ਸਿੰਘ ਸਿੱਧਵਾਂ ਨੇ ਕਿਹਾ ਗੂਗਲ ਖੋਜ ਤੇ ਏ.ਆਈ. ਮਨੁੱਖੀ ਸਬੰਧਾਂ ਤੇ ਮੇਲ ਮਿਲਾਪ ਦਾ ਬਦਲ ਨਹੀਂ ਹੋ ਸਕਦੇ। ਜੀਵਨ ਜਿਉਣ ਲਈ ਤਕਨਾਲੋਜੀ ਸਹੂਲਤਾਂ ਤੇ ਸਾਧਨ ਪ੍ਰਦਾਨ ਕਰ ਸਕਦੀ ਹੈ ਪਰ ਮੋਹ-ਮੁਹੱਬਤ ਤੇ ਆਪਸੀ ਸਾਂਝਾ ਪੈਦਾ ਨਹੀਂ ਕਰ ਸਕਦੀ। ਇਸੇ ਕਰਕੇ ਪੁਸਤਕਾਂ ਦੀ ਅਹਿਮੀਅਤ ਕਦੇ ਵੀ ਘਟ ਨਹੀਂ ਸਕਦੀ, ਇਹ ਮਨੁੱਖ ਨੂੰ ਜੀਵਨ ਜਾਚ ਸਿਖਾਉਂਦੀਆਂ ਹਨ, ਜਿਸ ਵਿੱਚ ਆਪਸੀ ਸਬੰਧ, ਰਿਸ਼ਤੇ-ਨਾਤੇ ਤੇ ਵਰਤ-ਵਰਤਾਅ ਸ਼ਾਮਲ ਹੈ। ਸ. ਸਿੱਧਵਾਂ ਨੇ ਆਪਣੇ ਗਾਇਕੀ ਦੇ ਸਫ਼ਰ ਬਾਰੇ ਦੱਸਿਆ ਕਿ ਉਹਨਾਂ ਨੇ ਕਿਤਾਬ ਤੇ ਅਖ਼ਬਾਰਾਂ ਨੂੰ ਹਮੇਸ਼ਾ ਆਪਣਾ ਪੱਕਾ ਸਾਥੀ ਬਣਾ ਕੇ ਰੱਖਿਆ ਜਿਨ੍ਹਾਂ ਸਦਕਾ ਉਨਾਂ ਦੀਆਂ ਪੇਸ਼ਕਾਰੀਆਂ ਭਾਵ ਮੰਚ ’ਤੇ ਬੋਲਣ ਤੇ ਖੜਨ ’ਚ ਨਿਰੰਤਰ ਸੁਧਾਰ ਹੁੰਦਾ ਗਿਆ ਤੇ ਲੋਕਾਂ ਨੇ ਮਣਾਂ ਮੂੰਹੀ ਪਿਆਰ ਦਿੱਤਾ। ਸ. ਸਿੱਧਵਾਂ ਨੇ ਕਿਹਾ ਕਿ ਦੁਨੀਆ ਜੋੜਨ ਵਾਲਿਆਂ ਨੂੰ ਸਦਾ ਯਾਦ ਰੱਖਦੀ ਹੈ ਨਾ ਕਿ ਤੋੜਨ ਵਾਲਿਆਂ ਨੂੰ। ਕਿਤਾਬਾਂ ਸਮਾਜ ਨੂੰ ਜੋੜਨ ਦਾ ਕਾਰਜ ਕਰਦੀਆਂ ਹਨ। ਇਸੇ ਕਰਕੇ ਚੰਗੀਆਂ ਕਿਤਾਬਾਂ ਹਰ ਯੁੱਗ ਵਿੱਚ ਪੜ੍ਹੀਆਂ ਜਾਂਦੀਆਂ ਹਨ। ਉਨ੍ਹਾਂ ਨਵੀਂ ਪੀੜ੍ਹੀ ਨੂੰ ਖ਼ਾਸ ਤੌਰ ’ਤੇ ਅਪੀਲ ਕੀਤੀ ਕਿ ਉਹ ਤਕਨਾਲੋਜੀ ਦੇ ਨਾਲ-ਨਾਲ ਪੁਸਤਕਾਂ ਪੜ੍ਹਨ ਦਾ ਰੁਝਾਨ ਜ਼ਰੂਰ ਰੱਖਣ। ਉਨ੍ਹਾਂ ਆਪਣੇ ਗਾਇਕੀ ਦੇ ਸਫ਼ਰ ਬਾਰੇ ਵੀ ਗੱਲਾਂ ਕੀਤੀਆਂ। ਅਖ਼ੀਰ ਵਿੱਚ ਉਨ੍ਹਾਂ ‘ਜੱਗ ਜੰਕਸ਼ਨ ਰੇਲਾਂ ਦਾ..’ ਕਵੀਸ਼ਰੀ ਗਾ ਕੇ ਆਪਣਾ ਭਾਸ਼ਣ ਨੇਪਰੇ ਚਾੜ੍ਹਿਆ। ਵਿਭਾਗ ਵੱਲੋਂ ਸ. ਸਿੱਧਵਾਂ ਨੂੰ ਸ਼ਾਲ ਅਤੇ ਪੁਸਤਕਾਂ ਦਾ ਸੈੱਟ ਭੇਟ ਕੀਤਾ ਗਿਆ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਕੀਤਾ। ਇਸ ਮੌਕੇ ਭਾਸ਼ਾ ਵਿਭਾਗ ਦੀ ਸੰਯੁਕਤ ਨਿਰਦੇਸ਼ਕਾ ਚੰਦਨਦੀਪ ਕੌਰ, ਸਹਾਇਕ ਨਿਰਦੇਸ਼ਕ ਅਮਰਿੰਦਰ ਸਿੰਘ, ਜਸਪ੍ਰੀਤ ਕੌਰ, ਸੁਰਿੰਦਰ ਕੌਰ ਸਮੇਤ ਵੱਡੀ ਗਿਣਤੀ ਵਿੱਚ ਸਰੋਤੇ ਹਾਜ਼ਰ ਸਨ।