Police Personnel To Get Leave On Birthday and Wedding Anniversary In Patiala

August 16, 2020 - PatialaPolitics


ਪੁਲਿਸ ਵਿਭਾਗ ‘ਚ ਸੇਵਾ ਕਰਦੇ ਮੁਲਾਜਮਾਂ ਵੱਲੋਂ ਅਮਨ-ਕਾਨੂੰਨ ਬਹਾਲ ਰੱਖਣ ਅਤੇ ਨਾਗਰਿਕ ਸੁਰੱਖਿਆ ਦੀ ਆਪਣੀ ਆਮ ਡਿਊਟੀ ਦੇ ਨਾਲ-ਨਾਲ ਕੋਰੋਨਾ ਮਹਾਂਮਾਰੀ ਦੌਰਾਨ ਮੂਹਰਲੀ ਕਤਾਰ ਦੇ ਕੋਰੋਨਾ ਯੋਧਿਆਂ ਵਜੋਂ ਤਨਦੇਹੀ ਨਾਲ ਨਿਭਾਈ ਜਾ ਰਹੀ ਡਿਊਟੀ ਦਾ ਸਤਿਕਾਰ ਕਰਦਿਆਂ ਪਟਿਆਲਾ ਦੇ ਐਸ.ਐਸ.ਪੀ. ਸ੍ਰੀ ਵਿਕਰਮ ਜੀਤ ਦੁੱਗਲ ਨੇ ਮੁਲਾਜਮਾਂ ਨੂੰ ਉਨ੍ਹਾਂ ਦੇ ਜਨਮ ਦਿਨ ਅਤੇ ਵਿਆਹ ਵਰ੍ਹੇਗੰਢ ਮੌਕੇ ਲਾਜਮੀ ਛੁੱਟੀ ਦਿੱਤੇ ਜਾਣ ਦਾ ਤੋਹਫ਼ਾ ਦਿੱਤਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸ੍ਰੀ ਵਿਕਰਮ ਜੀਤ ਦੁੱਗਲ ਨੇ ਕਿਹਾ ਕਿ, ”ਪੁਲਿਸ ਸਮਾਜ ‘ਚ ਕਾਨੂੰਨ ਲਾਗੂ ਕਰਨ ਵਾਲਾ ਵਿੰਗ ਹੈ। ਪੁਲਿਸ ਵੱਲੋਂ ਹੰਗਾਮੀ ਸੇਵਾਵਾਂ ਪ੍ਰਦਾਨ ਕਰਨ ਸਮੇਤ ਕੋਰੋਨਾ ਮਹਾਂਮਾਰੀ ‘ਚ ਮੂਹਰੀ ਕਤਾਰ ਦੇ ਯੋਧਿਆਂ ਵਜੋਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਇਸ ਦੌਰਾਨ ਮੁਲਾਜਮਾਂ ਵੱਲੋਂ ਆਪਣੀ ਨਿਜੀ ਅਤੇ ਪਰਿਵਾਰਕ ਜਿੰਦਗੀ ਨੂੰ ਦਾਅ ‘ਤੇ ਲਾ ਕੇ ਭਾਰੀ ਦਬਾਅ ਵਾਲੀਆਂ ਪ੍ਰਸਥਿਤੀਆਂ ‘ਚ ਵੀ ਨਿਰੰਤਰ ਸੇਵਾ ਨਿਭਾਈ ਜਾਂਦੀ ਹੈ।” ਉਨ੍ਹਾਂ ਕਿਹਾ ਕਿ ‘ਮੁਲਾਜਮਾਂ ਨੂੰ ਖੁਸ਼ੀ ਦੇ ਪਲ ਆਪਣੇ ਪਰਿਵਾਰਕ ਮੈਂਬਰਾਂ ਨਾਲ ਬਿਤਾਉਣ ਦਾ ਮੌਕਾ ਪ੍ਰਦਾਨ ਕਰਨਾ ਹੀ ਇਸ ਫੈਸਲੇ ਦਾ ਮੁੱਖ ਕਾਰਨ ਹੈ।’
ਜ਼ਿਲ੍ਹਾ ਪੁਲਿਸ ਮੁਖੀ ਵੱਲੋਂ 11 ਅਗਸਤ ਨੂੰ ਪਾਸ ਕੀਤੇ ਗਏ ਇਨ੍ਹਾਂ ਹੁਕਮਾਂ ‘ਚ ਕਿਹਾ ਗਿਆ ਹੈ ਹੈ ਕਿ ਕੋਵਿਡ-19 ਮਹਾਂਮਾਰੀ ਦੌਰਾਨ ਪਟਿਆਲਾ ਪੁਲਿਸ ਨੇ ਬਹੁਤ ਹੀ ਸ਼ਲਾਘਾਯੋਗ ਭੂਮਿਕਾ ਨਿਭਾਈ ਗਈ ਹੈ, ਪੁਲਿਸ ਨੇ ਇਕੱਲੀ ਕਰਫਿਊ ਲਾਗੂ ਕਰਨ ਵਾਲੀ ਏਜੰਸੀ ਵਜੋਂ ਹੀ ਸੇਵਾਵਾਂ ਨਹੀਂ ਨਿਭਾਈਆਂ ਸਗੋਂ, ਕਰਫਿਊ ਦੌਰਾਨ ਪੁਲਿਸ ਨੇ ਆਮ ਲੋਕਾਂ ਦੀ ਔਖੇ ਵੇਲੇ ਮਦਦ ਕਰਨ ਸਮੇਤ ਉਨ੍ਹਾਂ ਦੇ ਦੁੱਖ-ਸੁੱਖ ‘ਚ ਵੀ ਸ਼ਰੀਕ ਹੋਣ ਦਾ ਨਿਵੇਕਲਾ ਉਪਰਾਲਾ ਕੀਤਾ ਸੀ ਤੇ ਕਈ ਲੋਕਾਂ ਦੇ ਜਨਮ ਦਿਨ ਵੀ ਮਨਾਏ ਸਨ। ਇਸ ਦੌਰਾਨ ਪੁਲਿਸ ਨੇ ਆਪਣੇ ਆਪ ਤੋਂ ਉਪਰ ਉਠਕੇ ਲੋਕਾਂ ਦੀ ਤਨਦੇਹੀ ਨਾਲ ਨਿਰਸਵਾਰਥ ਅਤੇ ਅਣਥਕ ਸੇਵਾ ਕੀਤੀ। ਇਨ੍ਹਾਂ ਹੁਕਮਾਂ ਮੁਤਾਬਕ ਮੁਲਾਜਮਾਂ ਦੇ ਯੂਨਿਟ ਇੰਚਾਰਜ ਸਬੰਧਤ ਅਧਿਕਾਰੀ/ਕਰਮਚਾਰੀ ਨੂੰ ਪਟਿਆਲਾ ਪੁਲਿਸ ਵੱਲੋਂ ਮੁਬਾਰਕਬਾਦ ਅਤੇ ਸ਼ੁੱਭ ਇਛਾਵਾਂ ਵੀ ਦੇਵੇਗਾ।
ਸ੍ਰੀ ਦੁੱਗਲ ਨੇ ਕਿਹਾ ਕਿ ਪੁਲਿਸ ਵੱਲੋਂ ਇਸ ਤੇਜੀ ਨਾਲ ਫੈਲ ਰਹੇ ਵਾਇਰਸ ਕਰਕੇ ਪੈਦਾ ਹੋ ਰਹੀਆਂ ਅਨੇਕਾਂ ਸਮੱਸਿਆਵਾਂ ਨਾਲ ਜੂਝਦੇ ਹੋਏ ਅਜਿਹੇ ਗੰਭੀਰ ਸਮੇਂ ਦੌਰਾਨ ਇਸ ਅਣਦਿਸਦੇ ਦੁਸ਼ਮਣ ਨਾਲ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰੰਭੇ ‘ਮਿਸ਼ਨ ਫ਼ਤਿਹ’ ਤਹਿਤ ਜੰਗ ਲੜੀ ਜਾ ਰਹੀ ਹੈ। ਇਸ ਸਾਰੀ ਮਿਹਨਤ ਪਿੱਛੇ ਪੁਲਿਸ ਪਰਿਵਾਰਾਂ ਦਾ ਵੀ ਅਹਿਮ ਯੋਗਦਾਨ ਹੈ, ਜਿਨ੍ਹਾਂ ਨੇ ਪੰਜਾਬ ਪੁਲਿਸ ਦੀ ਬਲੀਦਾਨ ਦੇਣ ਅਤੇ ਆਪਾ ਨਿਛਾਵਰ ਕਰਨ ਦੀ ਮਹਾਨ ਪਰੰਪਰਾ ਨੂੰ ਜਾਰੀ ਰਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੀ ਕਿਸੇ ਵੀ ਕਾਮਯਾਬੀ ਪਿੱਛੇ ਪੁਲਿਸ ਪਰਿਵਾਰਾਂ ਦਾ ਵੀ ਅਹਿਮ ਯੋਗਦਾਨ ਹੈ। ਸ੍ਰੀ ਦੁੱਗਲ ਨੇ ਕਿਹਾ ਕਿ ਮੁਲਾਜਮਾਂ ਨੂੰ ਉਨ੍ਹਾਂ ਦੀ ਖੁਸ਼ੀ ਸਮੇਂ ਛੁੱਟੀ ਦੇਣ ਦੇ ਇਹ ਫੈਸਲਾ ਪੁਲਿਸ ਦੇ ਕੰਮ-ਕਾਜ ‘ਚ ਹੋਰ ਬਿਹਤਰੀ ਲਿਆਉਣ ਸਮੇਤ ਉਨ੍ਹਾਂ ਦੇ ਮਨੋਬਲ ਨੂੰ ਵੀ ਹੋਰ ਉਚਾ ਕਰੇਗਾ।