Patiala News: ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪੰਜਾਬ ‘ਚ ਰਾਜ ਪੱਧਰੀ ਟੀ.ਬੀ. ਮੁਕਤ ਭਾਰਤ ਅਭਿਆਨ ਦੀ ਸ਼ੁਰੂਆਤ
March 24, 2026 - PatialaPolitics
Patiala News: ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪੰਜਾਬ ‘ਚ ਰਾਜ ਪੱਧਰੀ ਟੀ.ਬੀ. ਮੁਕਤ ਭਾਰਤ ਅਭਿਆਨ ਦੀ ਸ਼ੁਰੂਆਤ

-ਵਿਸ਼ਵ ਟੀ.ਬੀ. ਦਿਵਸ ਮੌਕੇ ਟੀ.ਬੀ. ਹਸਪਤਾਲ ‘ਚ ਰਾਜ ਪੱਧਰੀ ਸਮਾਗਮ ਮੌਕੇ ਸੰਭਾਵੀ ਮਰੀਜਾਂ ਦੇ ਟੈਸਟਾਂ ਤੇ ਤੁਰੰਤ ਇਲਾਜ ਲਈ ਮੋਬਾਇਲ ਸੀ.ਬੀ. ਨੈਟ ਵੈਨ ਰਵਾਨਾ
-ਪੰਜਾਬ ਨੇ 40 ਲੱਖ ਪਰਿਵਾਰਾਂ ਨੂੰ ਸਿਹਤਮੰਦ ਖੁਰਾਕ ਤੇ 65 ਲੱਖ ਪਰਿਵਾਰਾਂ ਨੂੰ ਮੁਫ਼ਤ ਇਲਾਜ ਮੁਹੱਈਆ ਕਰਵਾਉਣ ਦੀ ਨਿਵੇਕਲੀ ਪਹਿਲਕਦਮੀ ਕੀਤੀ-ਡਾ. ਬਲਬੀਰ ਸਿੰਘ
ਪਟਿਆਲਾ, 24 ਮਾਰਚ:
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਵਿਸ਼ਵ ਟੀ.ਬੀ. ਦਿਵਸ ਮੌਕੇ ਪਦਮਸ੍ਰੀ ਡਾ. ਖੁਸ਼ਦੇਵਾ ਸਿੰਘ ਛਾਤੀ ਰੋਗਾਂ ਤੇ ਟੀ.ਬੀ. ਹਸਪਤਾਲ ਵਿਖੇ ਰਾਜ ਪੱਧਰੀ ਸਮਾਗਮ ਮੌਕੇ ਸੂਬੇ ਵਿੱਚ ਟੀ.ਬੀ. ਮੁਕਤ ਭਾਰਤ ਅਭਿਆਨ ਦੀ ਸ਼ੁਰੂਆਤ ਕਰਵਾਈ। ਸਿਹਤ ਮੰਤਰੀ ਨੇ ਇਸ ਮੌਕੇ ਪੰਜਾਬ ਅੰਦਰ ਸੰਭਾਵੀ ਮਰੀਜਾਂ ਦੇ ਮੌਕੇ ‘ਤੇ ਹੀ ਟੈਸਟ ਕਰਕੇ ਤੇ ਟੀ.ਬੀ. ਪਾਏ ਜਾਣ ‘ਤੇ ਇਨ੍ਹਾਂ ਦੇ ਤੁਰੰਤ ਇਲਾਜ ਲਈ ਮੋਬਾਇਲ ਸੀ.ਬੀ. ਨੈਟ ਵੈਨ ਵੀ ਰਵਾਨਾ ਕੀਤੀ।
ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਇਸ ਮੁਹਿੰਮ ‘ਚ ਸਹਿਯੋਗ ਕਰਨ ਦਾ ਸੱਦਾ ਦਿੱਤਾ ਕਿ, ”ਆਓ, ਸਾਰੇ ਇਕੱਠੇ ਮਿਲ ਕੇ, ਸਿਹਤਮੰਦ ਪੰਜਾਬ ਬਣਾਈਏ ਤੇ ਟੀਬੀ ਨੂੰ ਖਤਮ ਕਰਨ ਲਈ ਨਿਕਸ਼ੇ ਮਿੱਤਰਾ ਬਣਨ ਦਾ ਪ੍ਰਣ ਕਰੀਏ ਤਾਂ ਕਿ ਟੀ.ਬੀ. ਇੱਕ ਕਲੰਕ ਨਾ ਬਣੇ ਤੇ ਇਸ ਦੇ ਰੋਗੀ ਆਪਣਾ ਇਲਾਜ ਤੁਰੰਤ ਕਰਵਾਉਣ।”
ਸਿਹਤ ਮੰਤਰੀ ਚਿੰਤਾ ਜਤਾਉਂਦਿਆਂ ਕਿਹਾ ਕਿ ਅੱਜ ਭਾਰਤ ਟੀ.ਬੀ. ਸਮੇਤ ਸ਼ੂਗਰ ਤੇ ਐਚ.ਆਈ.ਵੀ. ਏਡਜ ਆਦਿ ਰੋਗਾਂ ਦੀ ਰਾਜਧਾਨੀ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਦੌਰ ਵਿੱਚ ਇਹ ਸਕੂਨ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਜ ਅੰਦਰ ਸਿਹਤ, ਸਿੱਖਿਆ ਤੇ ਰੋਜ਼ਗਾਰ ਨੂੰ ਪਹਿਲ ਦਿੰਦਿਆਂ ਸੂਬੇ ਦੇ 40 ਲੱਖ ਪਰਿਵਾਰਾਂ ਨੂੰ ਸਿਹਤਮੰਦ ਖੁਰਾਕ ਮੁਹੱਈਆ ਕਰਵਾਉਣ ਸਮੇਤ 65 ਲੱਖ ਪਰਿਵਾਰਾਂ ਨੂੰ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਮੁਹੱਈਆ ਕਰਵਾਈ ਹੈ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਟੀ.ਬੀ ਜਨਤਕ ਸਿਹਤ ਗੰਭੀਰ ਚੁਣੌਤੀ ਬਣ ਰਹੀ ਹੈ ਤੇ ਇਕੱਲੇ ਪੰਜਾਬ ਵਿੱਚ ਹਰ ਸਾਲ ਟੀ.ਬੀ. ਦੇ ਲਗਭਗ 60 ਹਜ਼ਾਰ ਕੇਸ ਮਿਲ ਰਹੇ, ਪਰੰਤੂ ਅਜੇ ਵੀ ਬਹੁਤ ਸਾਰੇ ਕੇਸ ਅਣਪਛਾਤੇ ਰਹਿੰਦੇ ਹਨ, ਜਿਸ ਲਈ ਅਜਿਹੇ ਕੇਸਾਂ ਨੂੰ ਲੱਭਣਾ ਤੇ ਸਮੇਂ ਸਿਰ ਇਲਾਜ ਸਹੂਲਤ ਦੇਣਾ ਇਸ ਮੁਹਿੰਮ ਨੂੰ ਅਹਿਮ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਟੀ.ਬੀ. ਦੇ ਕੇਸ ਲੱਭਣ ‘ਚ ਪਿਛਲੇ ਸਾਲ ਪੰਜਾਬ ਦੇਸ਼ ਭਰ ‘ਚ ਦੂਜੇ ਸਥਾਨ ‘ਤੇ ਰਿਹਾ ਸੀ ਅਤੇ ਇਸ ਵਾਰ ਅਸੀਂ ਆਪਣੀ ਰੈਂਕਿੰਗ ਵਿੱਚ ਹੋਰ ਸੁਧਾਰ ਕਰਾਂਗੇ।
ਸਿਹਤ ਮੰਤਰੀ ਨੇ ਕਿਹਾ ਕਿ ਅੱਜ ਰਵਾਨਾ ਕੀਤੀ ਗਈ ਵੈਨ ਜਰੀਏ ਬਜ਼ੁਰਗਾਂ, ਝੁੱਗੀਆਂ-ਝੌਂਪੜੀਆਂ ਅਤੇ ਹੋਰ ਉੱਚ ਜੋਖਮ ਵਾਲੇ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਛਾਤੀ ਦੇ ਐਕਸ-ਰੇ ਸਹੂਲਤਾਂ ਤੇ ਮੌਕੇ ‘ਤੇ ਟੈਸਟ ਕਰਕੇ ਤੁਰੰਤ ਇਲਾਜ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਨੇ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਦੀ ਸ਼ਲਾਘਾ ਕੀਤੀ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਨੇ ਸਿਹਤ ਕਰਾਂਤੀ ਲਿਆਂਦੀ ਹੈ ਅਤੇ ਰਾਜ ਵਿੱਚ 9 ਨਵੇਂ ਮੈਡੀਕਲ ਕਾਲਜ ਬਣਨ ਜਾ ਰਹੇ ਹਨ ਤੇ ਬਿਹਤਰ ਇਲਾਜ ਸਹੂਲਤਾਂ ਦੇਣ ਲਈ ਆਮ ਆਦਮੀ ਕਲੀਨਿਕਾਂ ਵਿੱਚ 107 ਤਰ੍ਹਾਂ ਦੀਆਂ ਮੁਫ਼ਤ ਦਵਾਈਆਂ ਮਿਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਅੱਜ ਸਰਕਾਰੀ ਹਸਪਤਾਲ ਮਰੀਜਾਂ ਲਈ ਵਰਦਾਨ ਸਾਬਤ ਹੋ ਰਹੇ ਹਨ।
ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਮਕਸਦ ਲੋਕਾਂ ਨੂੰ ਬਿਮਾਰੀ ਮੁਕਤ ਤੇ ਤੰਦਰੁਸਤ ਰੱਖਣਾ ਹੈ, ਇਸੇ ਲਈ ਔਰਤਾਂ ਦੇ ਖਾਤਿਆਂ ਵਿੱਚ 1000 ਰੁਪਏ ਦੀ ਸਹੂਲਤ, ਮਿਆਰੀ ਰਾਸ਼ਨ, ਯੁੱਧ ਨਸ਼ਿਆਂ ਵਿਰੁੱਧ ਤਹਿਤ ਨਸ਼ਾ ਮੁਕਤ ਪੰਜਾਬ, ਇਹ ਸਭ ਸਕੀਮਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਹਨ।
ਇਸ ਮੌਕੇ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਆਰ.ਪੀ.ਐਸ. ਸਿਬੀਆ, ਸਟੇਟ ਟੀ.ਬੀ. ਅਫ਼ਸਰ ਡਾ. ਰਜੇਸ਼ ਭਾਸਕਰ, ਟੀ.ਬੀ. ਹਸਪਤਾਲ ਦੇ ਡਿਪਟੀ ਮੈਡੀਕਲ ਸੁਪਰਡੈਂਟ ਡਾ. ਵਿਸ਼ਾਲ ਚੋਪੜਾ, ਸਿਵਲ ਸਰਜਨ ਡਾ. ਜਸਵਿੰਦਰ ਸਿੰਘ, ਸੀ.ਪੀ.ਪੀ. ਯੋਗੇਸ਼, ਗਿਆਨ ਜੋਤੀ ਐਨ.ਜੀ.ਓ. ਵਲੋਂ ਉਪਕਾਰ ਸਿੰਘ, ਜ਼ਿਲ੍ਹਾ ਟੀ.ਬੀ. ਅਫ਼ਸਰ ਡਾ. ਗੁਰਪ੍ਰੀਤ ਨਾਗਰਾ, ਡਾ. ਸੁਮੀਤ ਸਿੰਘ ਸਮੇਤ ਵੱਡੀ ਗਿਣਤੀ ਐਸ.ਐਮ.ਓਜ ਤੇ ਮੈਡੀਕਲ ਅਫ਼ਸਰ ਵੀ ਮੌਜੂਦ ਸਨ।
