Patiala News: ਡਾ. ਬਲਬੀਰ ਸਿੰਘ ਨੇ ਤ੍ਰਿਪੜੀ ਦੇ ਵਪਾਰੀਆਂ ਨਾਲ ਕੀਤੀ ਅਹਿਮ ਮੀਟਿੰਗ
March 24, 2026 - PatialaPolitics
Patiala News: ਡਾ. ਬਲਬੀਰ ਸਿੰਘ ਨੇ ਤ੍ਰਿਪੜੀ ਦੇ ਵਪਾਰੀਆਂ ਨਾਲ ਕੀਤੀ ਅਹਿਮ ਮੀਟਿੰਗ

ਸਿਹਤਮੰਦ ਪੰਜਾਬ” ਦੇ ਵਿਜ਼ਨ ‘ਤੇ ਮੰਤਰੀ ਦਾ ਜ਼ੋਰ
ਤ੍ਰਿਪੜੀ ਵਿੱਚ ਸਫਾਈ, ਟ੍ਰੈਫਿਕ ਅਤੇ ਪਾਰਕਿੰਗ ਮਸਲਿਆਂ ‘ਤੇ ਚਰਚਾ
ਪਟਿਆਲਾ 24 ਮਾਰਚ:
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਤ੍ਰਿਪੜੀ ਖੇਤਰ ਦੇ ਵਪਾਰੀਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ, ਜਿਸ ਵਿੱਚ ਇਲਾਕੇ ਦੇ ਵਪਾਰਕ ਅਤੇ ਨਗਰ ਸਹੂਲਤਾਂ ਨਾਲ ਜੁੜੇ ਮਸਲਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਮੀਟਿੰਗ ਦੌਰਾਨ ਵਪਾਰੀਆਂ ਨੇ ਸਫਾਈ ਪ੍ਰਬੰਧ, ਟ੍ਰੈਫਿਕ ਸਮੱਸਿਆਵਾਂ, ਪਾਰਕਿੰਗ ਦੀ ਕਮੀ ਅਤੇ ਬੁਨਿਆਦੀ ਢਾਂਚੇ ਦੇ ਸੁਧਾਰ ਸਬੰਧੀ ਆਪਣੀਆਂ ਚਿੰਤਾਵਾਂ ਮੰਤਰੀ ਸਾਹਿਬ ਅੱਗੇ ਰੱਖੀਆਂ। ਡਾ. ਬਲਬੀਰ ਸਿੰਘ ਨੇ ਵਪਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਤਰਜੀਹ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ ਅਤੇ ਸੰਬੰਧਤ ਵਿਭਾਗਾਂ ਨੂੰ ਤੁਰੰਤ ਕਾਰਵਾਈ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਇਸ ਮੌਕੇ ਉਨ੍ਹਾਂ ਨੇ “ਸਿਹਤਮੰਦ ਪੰਜਾਬ” ਦੇ ਵਿਜ਼ਨ ‘ਤੇ ਵੀ ਜ਼ੋਰ ਦਿੰਦਿਆਂ ਕਿਹਾ ਕਿ ਸਰਕਾਰ ਦਾ ਮੁੱਖ ਉਦੇਸ਼ ਸਿਰਫ ਇਲਾਜ ਨਹੀਂ, ਸਗੋਂ ਰੋਕਥਾਮ ਅਤੇ ਸਿਹਤ ਪ੍ਰਤੀ ਜਾਗਰੂਕਤਾ ਵਧਾਉਣਾ ਵੀ ਹੈ। ਉਨ੍ਹਾਂ ਕਿਹਾ ਕਿ ਸਾਫ-ਸੁਥਰਾ ਵਾਤਾਵਰਣ, ਚੰਗੀ ਸਫਾਈ ਅਤੇ ਸੁਧਰੇ ਹੋਏ ਨਗਰ ਪ੍ਰਬੰਧ ਸਿਹਤਮੰਦ ਸਮਾਜ ਦੀ ਨੀਂਹ ਹਨ।
ਇਸ ਮੌਕੇ ‘ਤੇ ਪਟਿਆਲਾ ਦੇ ਐਸ.ਡੀ.ਐਮ ਸ੍ਰੀ ਗੁਰਦੇਵ ਸਿੰਘ ਧਮ ਵੀ ਮੌਜੂਦ ਸਨ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਵਪਾਰੀਆਂ ਨਾਲ ਮਿਲ ਕੇ ਮਸਲਿਆਂ ਦਾ ਜਲਦੀ ਹੱਲ ਕਰੇਗਾ ਅਤੇ ਜ਼ਮੀਨੀ ਪੱਧਰ ‘ਤੇ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇਗਾ।
ਮੰਤਰੀ ਨੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਸਫਾਈ ਅਤੇ ਕਾਨੂੰਨ-ਵਿਵਸਥਾ ਬਣਾਈ ਰੱਖਣ ਵਿੱਚ ਪ੍ਰਸ਼ਾਸਨ ਦਾ ਸਹਿਯੋਗ ਕਰਨ। ਮੀਟਿੰਗ ਦੌਰਾਨ ਸਰਕਾਰ ਅਤੇ ਵਪਾਰੀਆਂ ਵਿਚਕਾਰ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ‘ਤੇ ਵੀ ਜ਼ੋਰ ਦਿੱਤਾ ਗਿਆ।
ਇਸ ਮੌਕੇ ਸਿਹਤ ਵਿਭਾਗ, ਐਕਸਾਈਜ਼ ਐਂਡ ਟੈਕਸੇਸ਼ਨ, ਫੂਡ ਸਪਲਾਈ, ਲੇਬਰ ਵਿਭਾਗ, ਪੁਲਿਸ ਵਿਭਾਗ ਅਤੇ
ਨਗਰ ਨਿਗਮ ਦੇ ਅਧਿਕਾਰੀ ਮੌਜੂਦ ਸਨ।
