Patiala News: ਹਰ ਵਰਗ ਤੱਕ ਮੁਫ਼ਤ ਸਿਹਤ ਸਹੂਲਤਾਂ ਪਹੁੰਚਾਉਣ ਲਈ ਸਰਕਾਰ ਵਚਨਬੱਧ: ਕੋਹਲੀ

March 28, 2026 - PatialaPolitics

Patiala News: ਹਰ ਵਰਗ ਤੱਕ ਮੁਫ਼ਤ ਸਿਹਤ ਸਹੂਲਤਾਂ ਪਹੁੰਚਾਉਣ ਲਈ ਸਰਕਾਰ ਵਚਨਬੱਧ: ਕੋਹਲੀ

ਪਟਿਆਲਾ, 28 ਮਾਰਚ:

 

ਪਟਿਆਲਾ ਦੇ ਪ੍ਰਸਿੱਧ ਅਤੇ ਇਤਿਹਾਸਿਕ ਮੰਦਿਰ ਸ੍ਰੀ ਕਾਲੀ ਦੇਵੀ ਵਿਖੇ ਅੱਜ ਵਿਧਾਇਕ ਸ਼੍ਰੀ ਅਜੀਤਪਾਲ ਸਿੰਘ ਕੋਹਲੀ ਵੱਲੋਂ ਆਯੁਸ਼ਮਾਨ ਅਰੋਗਿਆ ਕੇਂਦਰ ਦਾ ਉਦਘਾਟਨ ਕੀਤਾ ਗਿਆ।ਇਸ ਮੌਕੇ ਵਿਧਾਇਕ ਸ਼੍ਰੀ ਅਜੀਤਪਾਲ ਸਿੰਘ ਕੋਹਲੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਘਰ-ਘਰ ਤੱਕ ਬਿਹਤਰ ਸਿਹਤ ਸੇਵਾਵਾਂ ਪਹੁੰਚਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਹ ਅਰੋਗਿਆ ਕੇਂਦਰ ਇਲਾਕੇ ਦੇ ਲੋਕਾਂ ਲਈ ਬਹੁਤ ਹੀ ਲਾਭਦਾਇਕ ਸਾਬਤ ਹੋਵੇਗਾ, ਜਿੱਥੇ ਮਰੀਜ਼ਾਂ ਨੂੰ ਮੁਫ਼ਤ ਇਲਾਜ, ਦਵਾਈਆਂ ਅਤੇ ਲੈਬ ਟੈਸਟਾਂ ਦੀ ਸਹੂਲਤ ਮਿਲੇਗੀ। ਉਨ੍ਹਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਕੇਂਦਰਾਂ ਨਾਲ ਸਿਹਤ ਪ੍ਰਣਾਲੀ ਨੂੰ ਮਜ਼ਬੂਤੀ ਮਿਲੇਗੀ ਅਤੇ ਲੋਕਾਂ ਨੂੰ ਵੱਡੇ ਹਸਪਤਾਲਾਂ ਵੱਲ ਜਾਣ ਦੀ ਲੋੜ ਘੱਟੇਗੀ।

 

ਉਨ੍ਹਾਂ ਨੇ ਇਹ ਵੀ ਕਿਹਾ ਕਿ ਮੰਦਰ ਵਿੱਚ ਆਉਣ ਵਾਲੇ ਸ਼ਰਧਾਲੂਆਂ ਲਈ ਵੀ ਇਹ ਕੇਂਦਰ ਇੱਕ ਵੱਡੀ ਸਹੂਲਤ ਹੋਵੇਗਾ, ਜਿਸ ਨਾਲ ਉਨ੍ਹਾਂ ਨੂੰ ਜ਼ਰੂਰਤ ਪੈਣ ’ਤੇ ਤੁਰੰਤ ਮੈਡੀਕਲ ਸਹਾਇਤਾ ਮਿਲ ਸਕੇਗੀ। ਵਿਧਾਇਕ ਨੇ ਸਿਹਤ ਵਿਭਾਗ ਦੀ ਟੀਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਲੋਕਾਂ ਦੀ ਸੇਵਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ।

 

ਇਸ ਮੌਕੇ ਐਸ ਐਮ ਓ ਡਾ. ਲਵਕੇਸ਼ ਕੁਮਾਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਅਰੋਗਿਆ ਕੇਂਦਰ ਵਿੱਚ ਆਮ ਜਨਤਾ ਅਤੇ ਮੰਦਰ ਵਿੱਚ ਆਉਣ ਵਾਲੇ ਸ਼ਰਧਾਲੂਆਂ ਲਈ ਮੁਫ਼ਤ ਮੈਡੀਕਲ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ। ਇੱਥੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦੇ ਨਾਲ-ਨਾਲ 46 ਤਰ੍ਹਾਂ ਦੇ ਲੈਬ ਟੈਸਟਾਂ ਦੀ ਸਹੂਲਤ ਵੀ ਪ੍ਰਦਾਨ ਕੀਤੀ ਜਾਵੇਗੀ।

 

ਉਦਘਾਟਨ ਸਮਾਗਮ ਦੌਰਾਨ ਵਾਰਡ ਨੋ 48 ਤੋਂ ਰਾਜੇਸ਼ ਕੁਮਾਰ ਸਾਹਨੀ, ਨਰੇਸ਼ ਕੁਮਾਰ ਕਾਕਾ, ਯੋਗੇਸ਼ ਟੰਡਨ , ਕੌਸ਼ਲ ਚੋਪੜਾ , ਸਿਵਿਲ ਸਰਜਨ ਪਟਿਆਲਾ ਡਾ. ਰਚਨਾ, ਐਸਐਮਓ ਡਾ. ਲਵਕੇਸ਼ ਕੁਮਾਰ, ਡਾ. ਸੰਦੀਪ ਕੰਡਾਰਾ, ਡਾ. ਕਿਰਨਪ੍ਰੀਤ ਕੌਰ, ਡਾ. ਸ਼ਿਵਾਲੀ ਸਮੇਤ ਪੈਰਾਮੈਡੀਕਲ ਸਟਾਫ, ਮੀਡੀਆ ਵਿੰਗ ਦਾ ਸਟਾਫ ਅਤੇ ਆਸ਼ਾ ਵਰਕਰ ਵੀ ਮੌਜੂਦ ਸਨ।