Patiala News: ਏ.ਡੀ.ਸੀ. ਨੇ ਕਣਕ ਦੇ ਨਾੜ ਤੇ ਹੋਰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਦੇ ਨੁਕਸਾਨ ਬਾਰੇ ਜਾਗਰੂਕਤਾ ਲਈ 4 ਵੈਨਾਂ ਰਵਾਨਾ ਕੀਤੀਆਂ

April 13, 2026 - PatialaPolitics

Patiala News: ਏ.ਡੀ.ਸੀ. ਨੇ ਕਣਕ ਦੇ ਨਾੜ ਤੇ ਹੋਰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਦੇ ਨੁਕਸਾਨ ਬਾਰੇ ਜਾਗਰੂਕਤਾ ਲਈ 4 ਵੈਨਾਂ ਰਵਾਨਾ ਕੀਤੀਆਂ

-ਕਿਸਾਨਾਂ ਨੂੰ ਵਾਤਾਵਰਣ ਤੇ ਆਪਣੀ ਜਮੀਨ ਦੀ ਸੰਭਾਲ ਲਈ ਖੇਤਾਂ ‘ਚ ਕਦੇ ਵੀ ਅੱਗ ਨਾ ਲਗਾਉਣ ਦਾ ਸੱਦਾ

 

ਪਟਿਆਲਾ, 13 ਅਪ੍ਰੈਲ:

 

ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਜ) ਸਿਮਰਪ੍ਰੀਤ ਕੌਰ ਨੇ ਕਣਕ ਦੇ ਨਾੜ ਅਤੇ ਹੋਰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾ ਕੇ ਸਾੜਨ ਵਿਰੁੱਧ ਜਾਗਰੂਕਤਾ ਲਈ 4 ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੀਆਂ ਇਹ ਵੈਨਾਂ ਅਗਲੇ 20 ਦਿਨਾਂ ਲਈ 6 ਬਲਾਕਾਂ ਦੇ 934 ਪਿੰਡਾਂ ਵਿੱਚ ਲੋਕਾਂ ਨੂੰ ਕਣਕ ਦੀ ਫ਼ਸਲ ਦੀ ਰਹਿੰਦ-ਖੂੰਹਦ ਤੇ ਨਾੜ ਨੂੰ ਅੱਗ ਨਾ ਲਾਉਣ ਬਾਰੇ ਜਾਗਰੂਕ ਕਰਨਗੀਆਂ। ਇਸ ਦੌਰਾਨ ਕਿਸਾਨਾਂ ਨੂੰ ਇਸ ਬਾਰੇ ਹੋਰ ਵਧੇਰੇ ਜਾਣਕਾਰੀ ਦੇਣ ਲਈ ਲਿਟਰੇਚਰ ਵੀ ਵੰਡਿਆ ਜਾਵੇਗਾ।

 

ਜ਼ਿਲ੍ਹੇ ਦੇ ਕਿਸਾਨਾਂ ਨੂੰ ਫ਼ਸਲਾਂ ਦੀ ਕੋਈ ਵੀ ਰਹਿੰਦ-ਖੂੰਹਦ ਸਾੜਨ ਤੋਂ ਗੁਰੇਜ਼ ਕਰਨ ਦੀ ਅਪੀਲ ਕਰਦਿਆਂ ਸਿਮਰਪ੍ਰੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕਿਸਾਨਾਂ ਦੀ ਹਰ ਪੱਖੋਂ ਮਦਦ ਕੀਤੀ ਜਾ ਰਹੀ ਹੈ ਤਾਂ ਕਿ ਉਹ ਵਾਤਾਵਰਣ ਦੀ ਸੰਭਾਲ ਲਈ ਜਾਗਰੂਕ ਹੋਣ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਵਾਤਾਵਰਣ ਤੇ ਆਪਣੀ ਜਮੀਨ ਦੀ ਸੰਭਾਲ ਲਈ ਖੇਤਾਂ ਵਿੱਚ ਕਦੇ ਵੀ ਅੱਗ ਨਾ ਲਗਾਉਣ।

 

ਏ.ਡੀ.ਸੀ. ਨੇ ਕਿਹਾ ਕਿ ਪੰਜਾਬ ਸਰਕਾਰ ਹਰ ਸੰਭਵ ਉਪਰਾਲਾ ਕਰਕੇ ਜਿੱਥੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਜਮੀਨ ਵਿੱਚ ਹੀ ਮਿਲਾਉਣ ਲਈ ਕਿਸਾਨਾਂ ਦੀ ਮਦਦ ਕਰ ਰਹੀ ਹੈ ਤਾਂ ਕਿ ਜਮੀਨ ਦੀ ਉਪਜਾਊ ਸ਼ਕਤੀ ਵੀ ਵਧੇ ਤੇ ਸਾਡਾ ਵਾਤਾਵਰਣ ਵੀ ਖ਼ਰਾਬ ਨਾ ਹੋਵੇ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਦਾਰਾ ਸਿੰਘ, ਏ.ਡੀ.ਓ. ਗੁਰਮੇਲ ਸਿੰਘ ਤੇ ਏ.ਏ.ਈ ਪ੍ਰਭਦੀਪ ਸਿੰਘ ਵੀ ਮੌਜੂਦ ਸਨ।