Young cops from Punjab makes to 50 popular Police Captains 2021 list
March 27, 2021 - PatialaPolitics
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਸ਼ਹਿਰ ਪਟਿਆਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਵਿਕਰਮਜੀਤ ਦੁੱਗਲ ਅਤੇ ਸ਼ਹੀਦ ਭਗਤ ਸਿੰਘ ਨਗਰ, ਨਵਾਂਸ਼ਹਿਰ ਦੇ ਜ਼ਿਲ੍ਹਾ ਪੁਲਿਸ ਮੁਖੀ ਅਲਕਾ ਮੀਨਾ ਦੇਸ਼ ਦੇ 50 ਹਰਮਨ ਪਿਆਰੇ ਪੁਲਿਸ ਕਪਤਾਨਾਂ ਦੀ ਸੂਚੀ ਵਿਚ ਸ਼ਾਮਲ ਹਨ। ਇਹ ਸੂਚੀ ‘ਫੇਮ ਇੰਡੀਆ’ ਮੈਗਜ਼ੀਨ ਵਲੋਂ ਏਸ਼ੀਆ ਪੋਸਟ ਸਰਵੇਖਣ ਦੇ ਆਧਾਰ ‘ਤੇ ਤਿਆਰ ਕੀਤੀ ਗਈ ਹੈ। ਇਸ ਸਾਲਾਨਾ ਸਰਵੇਖਣ ਵਿਚ ਦੇਸ਼ ਦੇ ‘50 ਹਰਮਨਪਿਆਰੇ ਪੁਲਿਸ ਕਪਤਾਨ 2021’ ਸਿਰਲੇਖ ਹੇਠ 12 ਨੁਕਾਤੀ ਪੈਮਾਨੇ ਦੇ ਆਧਾਰ ‘ਤੇ ਪ੍ਰਭਾਵਸ਼ਾਲੀ ਤੇ ਪੇਸ਼ੇਵਰ ਪੁਲਿਸ ਅਧਿਕਾਰੀਆਂ ਦੀ ਚੋਣ ਕੀਤੀ ਗਈ ਹੈ। ਇਨ੍ਹਾਂ ਪੈਮਾਨਿਆਂ ਵਿਚ ਜ਼ੁਰਮ ‘ਤੇ ਕਾਬੂ, ਬਿਹਤਰੀਨ ਕਾਨੂੰਨ ਤੇ ਵਿਵਸਥਾ, ਜਨਤਾ ਨਾਲ ਦੋਸਤਾਨਾ ਵਿਹਾਰ, ਦੂਰਦ੍ਰਿਸ਼ਟੀ, ਉਸਾਰੂ ਸੋਚ, ਜਵਾਬਦੇਹ ਕਾਰਜਸ਼ੈਲੀ, ਅਹਿਮ ਫੈਸਲੇ ਲੈਣ ਦੀ ਇੱਛਾ ਸ਼ਕਤੀ, ਜਾਗਰੂਕਤਾ ਅਤੇ ਵਿਹਾਰਕ ਨਿਪੁੰਨਤਾ ਆਦਿ ਨੁਕਤੇ ਸ਼ਾਮਲ ਕੀਤੇ ਗਏ ਸਨ। ਚੇਤੇ ਰਹੇ ਕਿ ਤੇਲੰਗਾਨਾ ਕੇਡਰ ਦੇ 2007 ਬੈਚ ਦੇ ਆਈ.ਪੀ.ਐਸ. ਅਧਿਕਾਰੀ ਸ੍ਰੀ ਵਿਕਰਮਜੀਤ ਦੁੱਗਲ ਨੂੰ ਅਜੇ ਕੁਝ ਦਿਨ ਪਹਿਲਾਂ ਹੀ ਪਦਉਨਤ ਕਰਕੇ ਡੀ.ਆਈ.ਜੀ. ਦਾ ਰੈਂਕ ਦਿੱਤਾ ਗਿਆ ਸੀ। ਉਹ ਪੰਜਾਬ ਦੇ ਨੌਜਵਾਨ ਪੁਲਿਸ ਕਪਤਾਨ ਹਨ। ਉਨ੍ਹਾਂ ਨੇ ਆਪਣੇ ਜ਼ਿਲ੍ਹੇ ਵਿਚ ਜਿਥੇ ਅਮਨ ਕਾਨੂੰਨ ਦੀ ਵਿਵਸਥਾ ਬਿਹਤਰੀਨ ਬਣਾ ਕੇ ਰੱਖੀ ਹੈ ਉਥੇ ਉਹ ਪੁਲਿਸ ਮੁਲਾਜ਼ਮਾਂ ਅੰਦਰ ਸਰੀਰਕ ਕਿਰਿਆਸ਼ੀਲਤਾ, ਨਸ਼ਾ ਮੁਕਤੀ ਅਤੇ ਬਿਹਤਰੀਨ ਸਮਾਜਿਕ ਵਿਹਾਰ ਵਿਚ ਪ੍ਰਪੱਕਤਾ ਪੈਦਾ ਕਰਨ ‘ਤੇ ਨਿੱਠ ਕੇ ਕੰਮ ਕਰ ਰਹੇ ਹਨ।