ਪਟਿਆਲਾ: ਡਿਪਟੀ ਕਮਿਸ਼ਨਰ ਵੱਲੋਂ ਪਰਾਲੀ ਪ੍ਰਬੰਧਨ ਸਬੰਧੀ ਅਧਿਕਾਰੀਆਂ ਨਾਲ ਬੈਠਕ
September 18, 2025 - PatialaPolitics
ਪਟਿਆਲਾ: ਡਿਪਟੀ ਕਮਿਸ਼ਨਰ ਵੱਲੋਂ ਪਰਾਲੀ ਪ੍ਰਬੰਧਨ ਸਬੰਧੀ ਅਧਿਕਾਰੀਆਂ ਨਾਲ ਬੈਠਕ
-ਬਲਾਕ ਪੱਧਰ ‘ਤੇ ਨਿਗਰਾਨ ਟੀਮਾਂ ਵੱਲੋਂ ਰੋਜ਼ਾਨਾ ਐਸ.ਡੀ.ਐਮ. ਨੂੰ ਦਿੱਤੀ ਜਾਵੇਗੀ ਰਿਪੋਰਟ : ਡਾ. ਪ੍ਰੀਤੀ ਯਾਦਵ
-ਵਾਤਾਵਰਨ ਸੁਰੱਖਿਆ ਲਈ ਵਿਭਾਗਾਂ ਨੂੰ ਸਹਿਯੋਗ ਨਾਲ ਕੰਮ ਕਰਨ ਦੀ ਅਪੀਲ
ਪਟਿਆਲਾ, 18 ਸਤੰਬਰ:
ਡਿਪਟੀ ਕਮਿਸ਼ਨਰ ਡਾ: ਪ੍ਰੀਤੀ ਯਾਦਵ ਨੇ ਪਰਾਲੀ ਪ੍ਰਬੰਧਨ ਕਰਨ ਲਈ ਅੱਜ ਸਬ ਡਵੀਜ਼ਨ ਪਟਿਆਲਾ ਦੇ ਐਸ.ਡੀ.ਐਮ. ਹਰਜੋਤ ਕੌਰ ਸਮੇਤ ਖੇਤੀਬਾੜੀ ਵਿਭਾਗ, ਸਹਿਕਾਰੀ ਸਭਾਵਾਂ, ਉਦਯੋਗਿਕ ਇਕਾਈਆਂ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਪੁਲਿਸ ਅਧਿਕਾਰੀਆਂ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਇਕ ਅਹਿਮ ਬੈਠਕ ਕੀਤੀ। ਇਸੇ ਲੜੀ ਤਹਿਤ ਵਧੀਕ ਡਿਪਟੀ ਕਮਿਸ਼ਨਰ ਨੇ ਐਸ ਡੀ ਐਮ ਨਾਭਾ ਡਾ. ਇਸਮਤ ਵਿਜੈ ਸਿੰਘ ਅਤੇ ਨਾਭਾ ਬਲਾਕ ਦੇ ਨੋਡਲ ਅਫਸਰਾਂ ਨਾਲ ਬੈਠਕ ਕੀਤੀ ।ਉਹਨਾਂ ਸਬੰਧਤ ਅਧਿਕਾਰੀਆਂ ਅਤੇ ਵਿਭਾਗਾਂ ਦੇ ਮੁਖੀਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਪਰਾਲੀ ਪ੍ਰਬੰਧਨ ਲਈ ਬਲਾਕ ਪੱਧਰ ‘ਤੇ ਟੀਮਾਂ ਬਣਾ ਕੇ ਕੰਮ ਕੀਤਾ ਜਾਵੇ। ਉਹਨਾਂ ਕਿਹਾ ਕਿ ਇਹ ਟੀਮਾਂ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨਾਲ ਸਿੱਧਾ ਰਾਬਤਾ ਕਾਇਮ ਕਰਨਗੀਆਂ ਅਤੇ ਕਿਸਾਨਾਂ ਨੂੰ ਜਾਗਰੂਕ ਕਰਨਗੀਆਂ ਕਿ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ। ਉਹਨਾਂ ਕਿਹਾ ਕਿ ਇਹ ਟੀਮਾਂ ਪਿੰਡ ਪੱਧਰ ‘ਤੇ ਪਰਾਲੀ ਸਾੜਨ ਦੇ ਮਾਮਲਿਆਂ ਦੀ ਨਿਗਰਾਨੀ/ਰੋਕਥਾਮ ਕਰੇਗੀ ਅਤੇ ਇਸ ਦੀ ਰਿਪੋਰਟ ਰੋਜ਼ਾਨਾ ਐਸ.ਡੀ.ਐਮ. ਨੂੰ ਦੇਵੇਗੀ।
ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮ. ਨੂੰ ਕਿਹਾ ਕਿ ਉਹ ਬਲਾਕ ਪੱਧਰ ‘ਤੇ ਪਰਾਲੀ ਸੁਰੱਖਿਆ ਟੀਮ ਦਾ ਗਠਨ ਕਰਕੇ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਦੀ ਰੋਕਥਾਮ ਨੂੰ ਯਕੀਨੀ ਬਣਾਉਣਗੇ। ਉਹਨਾਂ ਕਿਹਾ ਕਿ ਇਹਨਾਂ ਟੀਮਾਂ ਰਾਹੀਂ ਕਿਸਾਨਾਂ ਨੂੰ ਇਹ ਸਮਝਾਇਆ ਜਾਵੇਗਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਨਾ ਸਿਰਫ਼ ਵਾਤਾਵਰਣ ਵਿਗੜਦਾ ਹੈ, ਸਗੋਂ ਮਨੁੱਖੀ ਸਿਹਤ ਤੇ ਵੀ ਬੁਰਾ ਅਸਰ ਪੈਂਦਾ ਹੈ। ਉਹਨਾਂ ਕਿਹਾ ਕਿ ਇਹ ਟੀਮਾਂ ਕਿਸਾਨਾਂ ਨੂੰ ਆਧੁਨਿਕ ਉਪਕਰਨਾਂ ਬਾਰੇ ਵੀ ਜਾਣੂ ਕਰਵਾਉਣੀਆਂ। ਉਹਨਾਂ ਸਖ਼ਤੀ ਨਾਲ ਕਿਹਾ ਕਿ ਪਰਾਲੀ ਪ੍ਰਬੰਧਨ ਵਿੱਚ ਸਿਰਫ਼ ਸੁਪਰ ਐਸ.ਐਮ.ਐਸ. ਮਸ਼ੀਨਾਂ ਦੀ ਵਰਤੋਂ ਹੀ ਕੀਤੀ ਜਾਵੇ। ਉਹਨਾਂ ਕਿਹਾ ਕਿ ਇਸ ਤਕਨਾਲੋਜੀ ਨਾਲ ਨਾ ਸਿਰਫ਼ ਪਰਾਲੀ ਸਾੜਨ ਦੇ ਮਾਮਲੇ ਘਟਣਗੇ, ਬਲਕਿ ਵਾਤਾਵਰਣ ਪ੍ਰਦੂਸ਼ਣ ਵੀ ਕਾਬੂ ਚ ਰਹੇਗਾ। ਉਹਨਾਂ ਕਿਹਾ ਕਿ ਸੁਪਰ ਐਸ.ਐਮ.ਐਸ. ਮਸ਼ੀਨਾਂ ਕਿਸਾਨਾਂ ਲਈ ਇਕ ਮਦਦਗਾਰ ਹਥਿਆਰ ਬਣ ਕੇ ਉਭਰ ਸਕਦੀਆਂ ਹਨ, ਜੋ ਕਿ ਪਰਾਲੀ ਸਾੜਨ ਦੀ ਪ੍ਰਕ੍ਰਿਆ ਨੂੰ ਬਦਲ ਕੇ ਖੇਤੀ ਲਈ ਫਾਇਦੇਮੰਦ ਬਨਾਉਣਗੀਆਂ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੈਟੇਲਾਈਟ ਅਤੇ ਮੌਕੇ ਦੀ ਨਿਗਰਾਨੀ ਰਾਹੀਂ ਪਰਾਲੀ ਦੇ ਗੱਠਾਂ ਦੀ ਪਛਾਣ ਕੀਤੀ ਜਾ ਰਹੀ ਹੈ, ਜਿੱਥੇ-ਜਿੱਥੇ ਖੇਤਾਂ ਵਿੱਚ ਪਰਾਲੀ ਦੇ ਗੱਠ ਬਣੇ ਹੋਏ ਮਿਲ ਰਹੇ ਹਨ, ਉੱਥੇ ਟੀਮਾਂ ਤੁੰਰਤ ਪਹੁੰਚਣ ਅਤੇ ਕਿਸਾਨਾਂ ਨਾਲ ਸੰਪਰਕ ਕਰਕੇ ਉਹਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕੀਤਾ ਜਾਵੇ। ਉਹਨਾਂ ਸਖ਼ਤ ਹਦਾਇਤ ਦਿੱਤੀ ਕਿ ਗੱਠਾਂ ਦੀ ਪਛਾਣ ਹੋਣ ‘ ਤੇ ਤੁਰੰਤ ਕਾਰਵਾਈ ਹੋਵੇ ਅਤੇ ਸੰਭਾਵਿਤ ਸਾੜਨ ਦੀ ਘਟਨਾਂ ਨੂੰ ਪਹਿਲਾਂ ਹੀ ਰੋਕਿਆ ਜਾਵੇ ਤਾਂ ਜੋ ਵਾਤਾਵਰਣ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ ।
ਡਾ: ਪ੍ਰੀਤੀ ਯਾਦਵ ਨੇ ਮੌਕੇ ‘ ਤੇ ਹਾਜ਼ਰੀਨ ਨਾਲ ਗੱਲਬਾਤ ਕਰਦਿਆਂ ਉਹਨਾਂ ਦੇ ਸੁਝਾਅ ਵੀ ਸੁਣੇ ਅਤੇ ਮੌਕੇ ‘ ਤੇ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਵੀ ਕੀਤਾ। ਇਸ ਸਬੰਧੀ ਉਹਨਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਿਥੇ-ਜਿੱਥੇ ਜੋ ਵੀ ਕਮੀ ਹੈ, ਉੱਥੇ ਤੁਰੰਤ ਰਿਪੋਰਟ ਤਿਆਰ ਕਰਕੇ ਅੱਗੇ ਭੇਜੀ ਜਾਵੇ ਤਾਂ ਜੋ ਜ਼ਮੀਨੀ ਪੱਧਰ ‘ ਤੇ ਕੰਮ ਵਿੱਚ ਰੁਕਾਵਟ ਨਾ ਆਵੇ। ਉਹਨਾਂ ਸਾਰੇ ਵਿਭਾਗਾਂ ਨੂੰ ਸਹਿਯੋਗ ਨਾਲ ਕੰਮ ਕਰਨ ਅਤੇ ਪੂਰੀ ਤਨਦੇਹੀ ਨਾਲ ਆਪਣੀਆਂ ਜੁੰਮੇਵਾਰੀਆਂ ਨਿਭਾਉਣ ਦੀ ਅਪੀਲ ਕੀਤੀ ਤਾਂ ਜੋ ਇਸ ਵਾਰ ਜ਼ਿਲ੍ਹੇ ਵਿੱਚ ਪਰਾਲੀ ਸਾੜਨ ਦੇ ਮਾਮਲੇ ਘੱਟਣ ਅਤੇ ਇਕ ਸਾਫ਼ ਸੁਥਰੇ, ਪ੍ਰਦੂਸ਼ਣ ਰਹਿਤ ਵਾਤਾਵਾਰਣ ਵੱਲ ਕ਼ਦਮ ਚੁੱਕਿਆ ਜਾ ਸਕੇ ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਯੂਡੀ) ਨਵਰੀਤ ਕੌਰ ਸੇਖੋਂ, ਵਧੀਕ ਡਿਪਟੀ ਕਮਿਸ਼ਨਰ (ਜ) ਸਿਮਰਪ੍ਰੀਤ ਕੌਰ, ਐਸ.ਡੀ.ਐਮ. ਹਰਜੋਤ ਕੌਰ ਬੀ.ਡੀ.ਓਜ਼, ਤਹੀਸੀਲਦਾਰ , ਖੇਤੀਬਾੜੀ ਅਫਸਰਾਂ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ ।