ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੱਲੋਂ ਪਟਿਆਲਾ ਸ਼ਹਿਰੀ ਹਲਕੇ ਵਿਚ ਸੜਕਾਂ ਦੀ ਮੁੜ ਉਸਾਰੀ ਲਈ 40 ਕਰੋੜ ਰੁਪਏ ਦੀ ਲਾਗਤ ਨਾਲ ਕੰਮ ਸ਼ੁਰੂ

September 20, 2025 - PatialaPolitics

ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੱਲੋਂ ਪਟਿਆਲਾ ਸ਼ਹਿਰੀ ਹਲਕੇ ਵਿਚ ਸੜਕਾਂ ਦੀ ਮੁੜ ਉਸਾਰੀ ਲਈ 40 ਕਰੋੜ ਰੁਪਏ ਦੀ ਲਾਗਤ ਨਾਲ ਕੰਮ ਸ਼ੁਰੂ

ਮੌਨਸੂਨ ਕਾਰਨ ਹੋਈ ਦੇਰੀ ਲਈ ਜਤਾਇਆ ਖੇਦ , ਕਿਹਾ , ਨਹੀਂ ਰਹੇਗੀ ਲੋਕਾਂ ਨੂੰ ਪਰੇਸ਼ਾਨੀ – ਅਜੀਤਪਾਲ ਸਿੰਘ ਕੋਹਲੀ

 

ਅਸੁਵਿਧਾ ਦੇ ਬਾਵਜੂਦ ਪਟਿਆਲਾ ਵਾਸੀਆਂ ਦੀ ਸਹਿਣਸ਼ੀਲਤਾ ਦਾ ਕੀਤਾ ਧੰਨਵਾਦ

 

 

ਪਟਿਆਲਾ, 20 ਸਤੰਬਰ:

 

ਪਟਿਆਲਾ ਸ਼ਹਿਰੀ ਹਲਕੇ ਵਿਚ 40 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਦੀ ਮੁੜ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ । ਇਸ ਗੱਲ ਦਾ ਪ੍ਰਗਟਾਵਾ ਅੱਜ ਪਟਿਆਲਾ ਦੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਪ੍ਰੈਸ ਕਾਨਰੰਸ ਦੌਰਾਨ ਕੀਤਾ। ਓਹਨਾ ਦਸਿਆ ਕਿ ਇਸ 40 ਕਰੋੜ ਰੁਪਏ ਵਿਚ 10 ਕਰੋੜ ਰੁਪਏ ਨਗਰ ਨਿਗਮ, 10 ਕਰੋੜ ਰੁਪਏ ਪੀ ਡਬਲਯੂ ਡੀ ਅਤੇ 20 ਕਰੋੜ ਰੁਪਏ ਨੈਸ਼ਨਲ ਹਾਈ ਵੇ ਦੇ ਕੰਮਾਂ ਲਈ ਖਰਚੇ ਜਾਣਗੇ। ਇਹਨਾ ਕਮਾ ਵਿੱਚ ਸੜਕਾਂ ਦੀ ਮੁਰੰਮਤ, ਨਵੀਆਂ ਲਾਈਨਾਂ ਪਾਉਣ ਅਤੇ ਹੋਰ ਬੁਨਿਆਦੀ ਢਾਂਚਾਗਤ ਸੁਧਾਰ ਸ਼ਾਮਲ ਹਨ। ਓਹਨਾ ਮਾਨਸੂਨ ਰੁੱਤ ਕਾਰਨ ਹੋ ਰਹੀ ਦੇਰੀ ਲਈ ਖੇਦ ਜਤਾਉਂਦਿਆਂ ਯਕੀਨ ਦਵਾਇਆ ਕਿ ਹੁਣ ਕਿਸੇ ਵੀ ਤਰਾਂ ਦੀ ਹੋਰ ਦੇਰੀ ਨਹੀਂ ਹੋਣ ਦਿੱਤੀ ਜਾਵੇਗੀ । ਉਨ੍ਹਾਂ ਇਹ ਵੀ ਕਿਹਾ ਕਿ ਇਹ ਸਾਰੇ ਕੰਮ ਪੂਰੇ ਤਰੀਕੇ ਨਾਲ ਪੇਪਰ ਵਰਕ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਸ਼ੁਰੂ ਕੀਤੇ ਗਏ ਹਨ ਅਤੇ ਹੁਣ ਇਹ ਕੰਮ ਬਿਨਾਂ ਕਿਸੇ ਰੁਕਾਵਟ ਦੇ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਮੁਕੰਮਲ ਕਰ ਲਏ ਜਾਣਗੇ। ਵਿਧਾਇਕ ਨੇ ਕਿਹਾ ਕਿ ਇਹ ਕੰਮ ਸਿਰਫ਼ ਕਾਗਜ਼ੀ ਘੋਸ਼ਣਾ ਨਹੀਂ ਹਨ, ਸਗੋਂ ਜਮੀਨੀ ਹਕੀਕਤ ਵਿੱਚ ਇਹਨਾਂ ‘ਤੇ ਕੰਮ ਸ਼ੁਰੂ ਹੋ ਚੁੱਕਾ ਹੈ।

 

ਅਜੀਤਪਾਲ ਸਿੰਘ ਕੋਹਲੀ ਨੇ ਸੜਕਾਂ ਦੇ ਕੰਮਾਂ ਦੀ ਲਿਸਟ ਸਾਂਝੀ ਕਰਦਿਆਂ ਵਿਸਥਾਰ ਵਿੱਚ ਦੱਸਿਆ ਕਿ ਫੁਆਰਾ ਚੌਂਕ ਤੋਂ ਲੈ ਕੇ ਲੀਲਾ ਭਵਨ, ਬੱਸ ਅੱਡੇ ਤੋਂ ਦੁਖ ਨਿਵਾਰਨ ਸਾਹਿਬ , ਖੰਡਾ ਚੌਂਕ, ਬੱਸ ਅੱਡਾ, ਕਾਰਨਰ ਹੋਟਲ , ਸ਼ੇਰੇਵਾਲਾ ਗੇਟ, ਗੋਪਾਲ ਸਵੀਟਸ , ਬਡੂੰਗਰ, ਮਜੀਠੀਆ ਇੰਕਲੇਵ , ਪਰਤਾਪ ਨਗਰ, ਅਬਲੋਵਾਲ, ਸਨੌਰੀ ਅੱਡਾ ਅਤੇ ਹੋਰ ਅਨੇਕਾਂ ਮਹੱਤਵਪੂਰਨ ਸਥਾਨਾਂ ‘ ਤੇ ਕੰਮ ਕਦੋਂ ਤੋਂ ਕਦੋਂ ਤਕ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿੱਚ ਸੜਕਾਂ ਦੀ ਰੀ-ਕਾਰਪੇਟਿੰਗ, ਨਵੀਆਂ ਡਰੇਨੇਜ ਲਾਈਨਾਂ ਦੀ ਇਨਸਟਾਲੇਸ਼ਨ ਅਤੇ ਪਾਣੀ ਦੀ ਸਹੂਲਤਾਂ ਨੂੰ ਬਿਹਤਰ ਬਣਾਉਣ ਵਾਲੇ ਕਦਮ ਸ਼ਾਮਲ ਹਨ। ਵਿਧਾਇਕ ਨੇ ਇਹ ਵੀ ਕਿਹਾ ਕਿ ਨਗਰ ਨਿਗਮ ਵੱਲੋਂ ਕੀਤੇ ਜਾ ਰਹੇ ਹੋਰ ਕੰਮਾਂ ਨੂੰ ਦਸੰਬਰ 2025 ਤਕ ਪੂਰਾ ਕਰ ਲਿਆ ਜਾਵੇਗਾ।

 

ਪਾਈਪ ਲਾਈਨਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਲਗਭਗ 300 ਕਿਲੋਮੀਟਰ ਪਾਈਪ ਲਾਈਨਾਂ ਪੈਣੀਆਂ ਸਨ, ਜਿਨ੍ਹਾਂ ਵਿੱਚੋਂ 250 ਕਿਲੋਮੀਟਰ ਤੋਂ ਵੱਧ ਪਾਈਪ ਲਾਈਨ ਬਿਛਾਈਆਂ ਜਾ ਚੁੱਕੀਆਂ ਹਨ ਅਤੇ ਬਾਕੀ ਰਹਿ ਗਈਆਂ ਵੀ ਆਉਣ ਵਾਲੇ ਕੁਝ ਹਫਤਿਆਂ ਵਿੱਚ ਪੂਰੀਆਂ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਵਿਸ਼ਵਾਸ ਦਵਾਇਆ ਕਿ ਇਹ ਵਿਕਾਸ ਕਾਰਜ ਨਾ ਸਿਰਫ਼ ਪਟਿਆਲਾ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਗੇ, ਸਗੋਂ ਨਾਗਰਿਕਾਂ ਦੀਆਂ ਰੋਜ਼ਾਨਾ ਦੀਆਂ ਮੁਸ਼ਕਲਾਂ ਨੂੰ ਵੀ ਘਟਾਉਣਗੇ।

 

ਪਟਿਆਲਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਕੋਹਲੀ ਨੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਲੋਕ ਸਰਕਾਰੀ ਯਤਨਾਂ ਵਿੱਚ ਆਪਣੀ ਭਾਗੀਦਾਰੀ ਨਿਭਾਉਣ। ਉਨ੍ਹਾਂ ਕਿਹਾ ਕਿ “ਲੋਕਾਂ ਦਾ ਇੱਕ ਕਦਮ ਸਾਡੇ ਲਈ 100 ਕਦਮਾਂ ਦੇ ਬਰਾਬਰ ਹੈ। ਜੇਕਰ ਲੋਕਾਂ ਦਾ ਸਹਿਯੋਗ ਮਿਲੇ ਤਾਂ ਇਹ ਸਾਡੇ ਲਈ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇਗੀ।” ਉਨ੍ਹਾਂ ਕਿਹਾ ਕਿ ਵਿਕਾਸ ਸਿਰਫ਼ ਸਰਕਾਰ ਦੇ ਬਲਬੂਤੇ ਨਹੀਂ ਕੀਤਾ ਜਾ ਸਕਦਾ, ਇਹਨਾਂ ਯਤਨਾਂ ਨੂੰ ਸਫਲ ਬਣਾਉਣ ਲਈ ਲੋਕਾਂ ਦੀ ਭੂਮਿਕਾ ਬਹੁਤ ਹੀ ਜ਼ਰੂਰੀ ਹੈ।

 

ਖੰਡਾ ਚੌਂਕ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਥੇ ਸੜਕ ਦਾ ਕੰਮ ਬੜੇ ਜੋਰ ਸ਼ੋਰ ਨਾਲ ਚੱਲ ਰਿਹਾ ਹੈ ਅਤੇ ਲੋਕਾਂ ਨੂੰ ਜਲਦ ਹੀ ਇਸਦਾ ਲਾਭ ਮਿਲੇਗਾ। ਉਨ੍ਹਾਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਦੀ ਸ਼ਲਾਘਾ ਕੀਤੀ, ਜੋ ਇਸ ਕੰਮ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿਭਾਗੀ ਸਹਿਯੋਗ ਨਾਲ ਇਹਨਾਂ ਕੰਮਾਂ ਦੀ ਰਫ਼ਤਾਰ ਕਾਫੀ ਉਮੀਦ ਤੋਂ ਉਪਰ ਰਹੀ ਹੈ।

 

ਵਿਧਾਇਕ ਕੋਹਲੀ ਨੇ ਇਕ ਵਾਰ ਫਿਰ ਪਟਿਆਲਾ ਵਾਸੀਆਂ ਦਾ ਧੰਨਵਾਦ ਕੀਤਾ ਜੋ ਸਹਿਣਸ਼ੀਲਤਾ ਨਾਲ ਇਸ ਮੌਸਮ ਦੌਰਾਨ ਹੋਈ ਅਸੁਵਿਧਾਵਾਂ ਨੂੰ ਬਰਦਾਸ਼ਤ ਕਰ ਰਹੇ ਹਨ ਅਤੇ ਸਰਕਾਰੀ ਯਤਨਾਂ ਵਿੱਚ ਭਰੋਸਾ ਜਤਾਈ ਰੱਖੇ ਹੋਏ ਹਨ। ਉਨ੍ਹਾਂ ਯਕੀਨ ਦਿਵਾਇਆ ਕਿ ਇਹ ਵਿਕਾਸ ਕਾਰਜ ਪਟਿਆਲਾ ਨੂੰ ਇੱਕ ਨਵੇਂ ਤੇ ਬਿਹਤਰ ਰੂਪ ਵਿੱਚ ਸਾਹਮਣੇ ਲਿਆਉਣਗੇ, ਜਿੱਥੇ ਨਾਗਰਿਕਾਂ ਨੂੰ ਸੌਖਾ, ਸਾਫ਼ ਅਤੇ ਸੁਵਿਧਾਜਨਕ ਜੀਵਨ ਮਿਲੇਗਾ।