PATIALA: ਬੌਣਾ ਵਾਇਰਸ ਅਤੇ ਹਲਦੀ ਰੋਗ ਨਾਲ ਹੋਏ ਝੋਨੇ ਦੇ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਹੋਵੇਗੀ : ਡਾ. ਬਲਬੀਰ ਸਿੰਘ
September 21, 2025 - PatialaPolitics
PATIALA: ਬੌਣਾ ਵਾਇਰਸ ਅਤੇ ਹਲਦੀ ਰੋਗ ਨਾਲ ਹੋਏ ਝੋਨੇ ਦੇ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਹੋਵੇਗੀ : ਡਾ. ਬਲਬੀਰ ਸਿੰਘ
-ਕਿਹਾ, ਪੰਜਾਬ ਸਰਕਾਰ ਮੁਸ਼ਕਲ ਦੀ ਘੜੀ ‘ਚ ਕਿਸਾਨਾਂ ਦੇ ਨਾਲ ਖੜ੍ਹੀ
-ਪਟਿਆਲਾ ‘ਚ 8 ਹਜ਼ਾਰ ਏਕੜ ਝੋਨੇ ਦੀ ਫ਼ਸਲ ਬੌਣਾ ਵਾਇਰਸ ਅਤੇ ਹਲਦੀ ਰੋਗ ਨਾਲ ਪ੍ਰਭਾਵਿਤ; ਕਿਸਾਨ ਫ਼ਸਲ ਨਾ ਵਾਹੁਣ; ਜਲਦ ਮੁਕੰਮਲ ਹੋਵੇਗੀ ਵਿਸ਼ੇਸ਼ ਗਿਰਦਾਵਰੀ : ਸਿਹਤ ਮੰਤਰੀ
-ਭਾਰੀ ਮੀਂਹ ਕਰਕੇ ਨਾ ਸਿਰਫ਼ ਸਥਾਨਕ ਹੜ੍ਹ ਆਇਆ, ਸਗੋਂ ਇਸ ਨਾਲ ਵਧੇ ਵਾਇਰਸ ਨੇ ਫਸਲ ਵੀ ਤਬਾਹ ਕੀਤੀ- ਸਿਹਤ ਮੰਤਰੀ
ਨਾਭਾ, ਭਾਦਸੋਂ,ਪਟਿਆਲਾ, 21 ਸਤੰਬਰ:
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਬੌਣਾ ਵਾਇਰਸ (ਸਦਰਨ ਰਾਈਸ ਬਲੈਕ ਸਟ੍ਰੀਕਡ ਡਾਰਫ਼ ਵਾਇਰਸ), ਹਲਦੀ ਰੋਗ (ਝੂਠੀ ਕਾਂਗਿਆਰੀ) ਅਤੇ ਸਥਾਨਕ ਹੜ੍ਹ ਕਾਰਨ ਖਰਾਬ ਹੋਈ ਝੋਨੇ ਦੀ ਫ਼ਸਲ ਦਾ ਅੰਦਾਜ਼ਾ ਲਗਾਉਣ ਲਈ ਸਰਵੇ ਕਰਕੇ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇਗੀ। ਉਨ੍ਹਾਂ ਪ੍ਰਭਾਵਿਤ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਫ਼ਸਲ ਵਿਸ਼ੇਸ਼ ਗਿਰਦਾਵਰੀ ਹੋਣ ਤੱਕ ਨਾ ਵਹਾਉਣ ਕਿਉਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਜਲਦ ਹੀ ਵਿਸ਼ੇਸ਼ ਗਿਰਦਾਵਰੀ ਕਰਕੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਨੂੰ ਹਰੀ ਝੰਡੀ ਦਿੱਤੀ ਹੈ, ਕਿਉਂਕਿ ਕਿਸਾਨਾਂ ਨੇ ਆਪਣੀਆਂ ਫ਼ਸਲਾਂ ਨੂੰ ਪਾਲਣ ‘ਤੇ ਵੱਡਾ ਖਰਚ ਕੀਤਾ ਸੀ ਪਰ ਪਕਣ ਸਮੇਂ ਇਸ ਵਾਇਰਸ ਕਾਰਣ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ।
ਲਗਾਤਾਰ ਦੂਜੇ ਦਿਨ, ਡਾ. ਬਲਬੀਰ ਸਿੰਘ ਨੇ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ਇੱਛੇਵਾਲ, ਰੋਹਟੀ ਬਸਤਾ, ਰੋਹਟੀ ਮੌੜਾ, ਰੋਹਟਾ, ਲੁਬਾਣਾ ਕਰਮੂ, ਕੈਦੂਪੁਰ ਅਤੇ ਧੰਗੇੜਾ ਦਾ ਦੌਰਾ ਕੀਤਾ। ਉਨ੍ਹਾਂ ਨਾਲ ਖੇਤੀਬਾੜੀ ਮਾਹਰ ਵੀ ਮੌਜੂਦ ਸਨ। ਕੈਬਨਿਟ ਮੰਤਰੀ ਨੇ ਚਿੰਤਾ ਪ੍ਰਗਟਾਈ ਕਿ ਪਟਿਆਲਾ ਜ਼ਿਲ੍ਹੇ ਵਿੱਚ ਲਗਭਗ 8,000 ਏਕੜ ਝੋਨੇ ਦੀ ਫ਼ਸਲ ਪ੍ਰਭਾਵਿਤ ਹੋ ਗਈ ਹੈ। “ਪਹਿਲਾਂ ਹੜ੍ਹ ਦੀ ਮਾਰ ਅਤੇ ਹੁਣ ਝੋਨੇ ਦੇ ਵਾਇਰਸ ਨਾਲ ਨੁਕਸਾਨ, ਪੰਜਾਬੀ ਦੋਹਰੇ ਸੰਕਟ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਇਸ ਮੁਸ਼ਕਲ ਸਮੇਂ ‘ਚ ਕਿਸਾਨਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਜਿਹੜੀਆਂ ਕਿਸਮਾਂ, ਪੀ.ਆਰ. 131, ਪੀ.ਆਰ. 132 ਅਤੇ ਪੀ.ਆਰ. 114 ਜਾਂ 25 ਜੂਨ ਤੋਂ ਪਹਿਲਾਂ ਲਗਾਈਆਂ ਗਈਆਂ, ਸਭ ਤੋਂ ਵੱਧ ਪ੍ਰਭਾਵਿਤ ਹੋਈਆਂ ਹਨ, ਜਿਸ ਨਾਲ ਬੂਟਿਆਂ ਦਾ ਵਾਧਾ ਨਾ ਹੋਣ ਅਤੇ ਦਾਣੇ ਨਾ ਬਣਨ ਦੀ ਸਮੱਸਿਆ ਆਈ ਹੈ। ਉਨ੍ਹਾਂ ਕਿਹਾ ਕਿ ਮੌਨਸੂਨ ਦੌਰਾਨ ਭਾਰੀ ਬਰਸਾਤ ਅਤੇ ਪਾਣੀ ਖੜ੍ਹਾ ਹੋਣ ਕਾਰਨ ਨਾ ਸਿਰਫ਼ ਸਥਾਨਕ ਹੜ੍ਹ ਆਇਆ, ਸਗੋਂ ਇਸ ਨਾਲ ਵਾਇਰਸ ਦਾ ਫੈਲਾਅ ਵੀ ਤੇਜ਼ ਹੋ ਗਿਆ, ਜਿਸ ਨਾਲ ਕਿਸਾਨਾਂ ਦੀ ਮੁਸ਼ਕਲ ਹੋਰ ਵਧ ਗਈ।
ਖੇਤੀਬਾੜੀ ਮਾਹਰਾਂ ਨੇ ਕਿਸਾਨਾਂ ਨੂੰ ਖੇਤ ‘ਚੋਂ ਵਾਧੂ ਪਾਣੀ ਕੱਢਣ, ਜ਼ਿੰਕ ਪਾਉਣ ਅਤੇ ਚਿੱਟੀ ਪਿੱਠ ਵਾਲੇ ਟਿੱਡੇ ‘ਤੇ ਕਾਬੂ ਪਾਉਣ ਲਈ ਕੀਟਨਾਸ਼ਕ ਛਿੜਕਣ ਦੀ ਸਲਾਹ ਦਿੱਤੀ। ਹਲਦੀ ਰੋਗ ਤੋਂ ਬਚਾਅ ਲਈ ਉਨ੍ਹਾਂ ਨੇ ਪ੍ਰਤੀ ਏਕੜ 500 ਗ੍ਰਾਮ ਕੋਸਾਈਡ 2000 ਦਾ ਛਿੜਕਾਅ ਕਰਨ ਦੀ ਸਿਫਾਰਸ਼ ਕੀਤੀ।
ਸਿਹਤ ਮੰਤਰੀ ਨੇ ਦੁਹਰਾਇਆ ਕਿ ਸਰਕਾਰ ਕਿਸਾਨਾਂ ਦੇ ਹਿਤਾਂ ਦੀ ਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀਬਾੜੀ ਮਹਿਕਮੇ ਨਾਲ ਲਗਾਤਾਰ ਸੰਪਰਕ ਵਿੱਚ ਰਹਿਣ ਅਤੇ ਕੀਤੀਆਂ ਸਿਫਾਰਸ਼ਾਂ ਨੂੰ ਤੁਰੰਤ ਲਾਗੂ ਕਰਨ। ਉਨ੍ਹਾਂ ਇਹ ਭਰੋਸਾ ਵੀ ਦਿੱਤਾ ਕਿ ਮੁਆਵਜ਼ੇ ਦੇ ਨਾਲ-ਨਾਲ ਸਰਕਾਰ ਅਗਲੀ ਫ਼ਸਲ ਲਈ ਡੀ.ਏ.ਪੀ. ਖਾਦ ਅਤੇ ਮਿਆਰੀ ਬੀਜ ਕਿਸਾਨਾਂ ਨੂੰ ਸਮੇਂ ਸਿਰ ਉਪਲਬਧ ਕਰਵਾਉਣਾ ਯਕੀਨੀ ਬਣਾਏਗੀ, ਤਾਂ ਜੋ ਕਿਸਾਨ ਆਪਣੇ ਨੁਕਸਾਨ ਤੋਂ ਸੰਭਲ ਕੇ ਅਗਲੀ ਫ਼ਸਲ ਬੀਜ ਸਕਣ। ਉਨ੍ਹਾਂ ਕਿਹਾ ਸਾਡਾ ਉਦੇਸ਼ ਸਿਰਫ਼ ਮੌਜੂਦਾ ਨੁਕਸਾਨ ਨੂੰ ਘਟਾਉਣਾ ਹੀ ਨਹੀਂ, ਸਗੋਂ ਭਵਿੱਖ ਵਿੱਚ ਅਜਿਹੀਆਂ ਬੀਮਾਰੀਆਂ ਤੋਂ ਬਚਾਅ ਲਈ ਲੰਬੀ ਮਿਆਦ ਵਾਲੀਆਂ ਯੋਜਨਾਵਾਂ ਤਿਆਰ ਕਰਨਾ ਵੀ ਹੈ।
ਇਸ ਦੌਰਾਨ ਖੇਤੀ ਅਫ਼ਸਰ ਅਵਨਿੰਦਰ ਸਿੰਘ ਮਾਨ, ਕੇ.ਵੀ.ਕੇ. ਅਸਿਸਟੈਂਟ ਡਾਇਰੈਕਟਰ ਹਰਦੀਪ ਸਿੰਘ, ਖੇਤੀ ਵਿਕਾਸ ਅਧਿਕਾਰੀ ਜੁਪਿੰਦਰ ਸਿੰਘ ਗਿੱਲ ਦੇ ਨਾਲ ਸੁਰੇਸ਼ ਰਾਏ, ਸਰਪੰਚ ਸੰਜੀਵ ਰਾਏ, ਚਮਕੌਰ ਸਿੰਘ ਇੱਛਵਾਲ, ਜਸਵੀਰ ਸਿੰਘ ਛੰਨਾ, ਗੋਗੀ ਅਜਨੌਦਾ, ਜਗਦੀਪ ਧੰਗੇੜਾ, ਧਰਵਿੰਦਰ ਰੋਹਟਾ ਤੇ ਬਚਿਤਰ ਲੁਬਾਣਾ ਸਮੇਤ ਪਿੰਡਾਂ ਦੇ ਕਿਸਾਨਾਂ ਅਤੇ ਸਥਾਨਕ ਆਗੂ ਵੀ ਹਾਜ਼ਰ ਸਨ।