ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਅਤੇ ਮੇਅਰ ਕੁੰਦਨ ਗੋਗੀਆ ਵੱਲੋਂ ਪਟਿਆਲਾ ਸ਼ਹਿਰ ਵਿੱਚ ਸੜਕਾਂ ਦੀ ਮੁਰੰਮਤ ਲਈ ਵੱਡਾ ਬਜਟ ਜਾਰੀ

September 24, 2025 - PatialaPolitics

ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਅਤੇ ਮੇਅਰ ਕੁੰਦਨ ਗੋਗੀਆ ਵੱਲੋਂ ਪਟਿਆਲਾ ਸ਼ਹਿਰ ਵਿੱਚ ਸੜਕਾਂ ਦੀ ਮੁਰੰਮਤ ਲਈ ਵੱਡਾ ਬਜਟ ਜਾਰੀ

-ਭਰਪੂਰ ਗਾਰਡਨ , ਲੀਲਾ ਭਵਨ ਚੌਂਕ ਅਤੇ ਅਰਜਨ ਨਗਰ ਵਿਖੇ 1 ਕਰੋੜ 46 ਲੱਖ ਰੁਪਏ ਦੀ ਲਾਗਤ ਨਾਲ ਨਵੀਂਆਂ ਸੜਕਾਂ ਦੇ ਨਿਰਮਾਣ ਦੇ ਕੰਮ ਦੀ ਸ਼ੁਰੂਆਤ

 

ਪਟਿਆਲਾ 24 ਸਤੰਬਰ

 

ਪਟਿਆਲਾ ਦੇ ਵਿਕਾਸ ਕਾਰਜਾਂ ਨੂੰ ਇੱਕ ਨਵੀਂ ਰਫ਼ਤਾਰ ਮਿਲੀ ਜਦੋਂ ਪਟਿਆਲਾ ਸ਼ਹਿਰੀ ਇਲਾਕੇ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਨਗਰ ਨਿਗਮ ਦੇ ਸਹਿਯੋਗ ਨਾਲ ਭਰਪੂਰ ਗਾਰਡਨ ‘ ਚ 14 ਲੱਖ 90 ਹਜ਼ਾਰ , ਅਰਜਨ ਨਗਰ ‘ ਚ 11 ਲੱਖ 47 ਹਾਜ਼ਰ ਰੁਪਏ ਦੀ ਲਾਗਤ ਨਾਲ ਸੜਕਾਂ ਦੇ ਕੰਮ ਅਤੇ ਪੀ ਡਬਲਯੂ ਡੀ ਦੇ ਸਹਿਯੋਗ ਨਾਲ ਫੁਆਰਾ ਚੌਂਕ ਤੋਂ ਸ਼ੁਰੂ ਹੋ ਕੇ ਲੀਲਾ ਭਵਨ , ਲੀਲਾ ਭਵਨ ਤੋਂ ਗਾਰਡਨ ਰੀਜ਼ੋਰਟ 21 ਨੰਬਰ ਪੁਲ ਦੇ ਥੱਲੇ ਯੂ ਟਰਨ ਲੈ ਕੇ ਵਾਪਸੀ ਫੁਆਰਾ ਚੌਂਕ ਤੱਕ ਲਗਭਗ 1 ਕਰੋੜ 20 ਲੱਖ ਰੁਪਏ ਦੀ ਲਾਗਤ ਨਾਲ ਨਵੀਂਆਂ ਸੜਕਾਂ ਦੇ ਨਿਰਮਾਣ ਦੇ ਕੰਮ ਦੀ ਸ਼ੁਰੂਆਤ ਕੀਤੀ। ਓਹਨਾ ਦਸਿਆ ਕਿ ਇਨ੍ਹਾਂ ਸੜਕਾਂ ਦੀ ਹਾਲਤ ਲੰਬੇ ਸਮੇਂ ਤੋਂ ਬੇਹੱਦ ਖ਼ਰਾਬ ਸੀ, ਜਿਸ ਕਾਰਨ ਇਲਾਕਾ ਨਿਵਾਸੀਆਂ ਨੂੰ ਆਵਾਜਾਈ ਵਿੱਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਮੀਂਹ ਪੈਣ ‘ਤੇ ਇੱਥੇ ਪਾਣੀ ਭਰ ਜਾਂਦਾ ਸੀ ਅਤੇ ਕਈ ਵਾਰ ਹਾਦਸੇ ਵੀ ਵਾਪਰ ਚੁੱਕੇ ਹਨ। ਲੋਕਾਂ ਨੇ ਮੰਗ ਕੀਤੀ ਸੀ ਕਿ ਇਨ੍ਹਾਂ ਸੜਕਾਂ ਦੀ ਮੁਰੰਮਤ ਜਾਂ ਨਵੀਨ ਨਿਰਮਾਣ ਕਰਵਾਇਆ ਜਾਵੇ। ਇਸ ਮੰਗ ਨੂੰ ਸਵੀਕਾਰ ਕਰਦਿਆਂ, ਵਿਧਾਇਕ ਕੋਹਲੀ ਨੇ ਲਗਭਗ ਇੱਕ ਕਰੋੜ ਛਿਆਲੀ ਲੱਖ ਰੁਪਏ ਦੇ ਬਜਟ ਨਾਲ ਸੜਕਾਂ ਦੇ ਨਿਰਮਾਣ ਦੀ ਸ਼ੁਰੂਆਤ ਕਰ ਦਿੱਤੀ ਹੈ । ਓਹਨਾ ਦਸਿਆ ਕਿ 300 ਕਿਲੋਮੀਟਰ ਵਿੱਚੋਂ ਲਗਭਗ 250 ਕਿਲੋਮੀਟਰ ਪਾਈਪ ਲਾਈਨਾਂ ਪਹਿਲਾਂ ਹੀ ਵਿਛਾਈ ਜਾ ਚੁੱਕੀਆਂ ਹਨ, ਜਿਸ ਤੋਂ ਬਾਅਦ ਹੁਣ ਸੜਕਾਂ ਦੀ ਪਕੀ ਮੁਰੰਮਤ ਅਤੇ ਨਵੀਨ ਨਿਰਮਾਣ ਦਾ ਕੰਮ ਵੀ ਚੱਲ ਪਿਆ ਹੈ।

 

ਵਿਧਾਇਕ ਕੋਹਲੀ ਨੇ ਇਸ ਮੌਕੇ ‘ ਤੇ ਇਲਾਕੇ ਦੀਆਂ ਹੋਰ ਸਮੱਸਿਆਵਾਂ ਨੂੰ ਦੇਖਦਿਆਂ ਕਿਹਾ ਕਿ ਸਿਰਫ਼ ਸੜਕਾਂ ਦੀ ਮੁਰੰਮਤ ਕਰਵਾਉਣਾ ਹੀ ਨਹੀਂ, ਸਗੋਂ ਇਲਾਕੇ ਦੀ ਡਰੇਨੇਜ ਪ੍ਰਣਾਲੀ, ਪਾਰਕਾਂ , ਸਟ੍ਰੀਟ ਲਾਈਟਾਂ, ਸਫਾਈ ਪ੍ਰਬੰਧ ਅਤੇ ਫੁੱਟਪਾਥਾਂ ਨੂੰ ਵੀ ਨਵੇਂ ਸਿਰੇ ਨਾਲ ਠੀਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਕੰਮ ਲਗਭਗ ਤਿੰਨ ਮਹੀਨੇ ਦੇ ਅੰਦਰ ਪੂਰਾ ਹੋ ਜਾਣ ਦੀ ਉਮੀਦ ਹੈ ਅਤੇ ਇਹ ਕੰਮ ਪੀ.ਡਬਲਿਊ.ਡੀ ਅਤੇ ਨਗਰ ਨਿਗਮ ਦੇ ਸਹਿਯੋਗ ਨਾਲ ਤਿਆਰ ਕੀਤੇ ਵਿਸ਼ੇਸ਼ ਯੋਜਨਾ ਅਧੀਨ ਕਰਵਾਇਆ ਜਾ ਰਿਹਾ ਹੈ।

 

ਅਜੀਤ ਪਾਲ ਸਿੰਘ ਕੋਹਲੀ ਨੇ ਆਪਣੇ ਸੰਬੋਧਨ ‘ਚ ਜਨਤਾ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਇਲਾਕੇ ਦੇ ਵਿਕਾਸ ਵਿਚ ਭਾਗੀਦਾਰ ਬਣਨ। ਉਨ੍ਹਾਂ ਕਿਹਾ ਕਿ ਜਿਵੇਂ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਹੈ, ਓਸੇ ਤਰ੍ਹਾਂ ਜਨਤਾ ਨੂੰ ਵੀ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਸਫਾਈ ਰੱਖਣੀ, ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ, ਅਤੇ ਵਿਕਾਸ ਕਾਰਜਾਂ ਵਿਚ ਸਹਿਯੋਗ ਦੇਣਾ , ਇਹ ਸਾਰੀਆਂ ਗੱਲਾਂ ਮਿਲ ਕੇ ਹੀ ਇੱਕ ਵਧੀਆ ਸ਼ਹਿਰ ਬਣਾਉਣ ਵਿੱਚ ਸਹਾਇਕ ਹੁੰਦੀਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਹੋਰ ਵਿਕਾਸ ਕਾਰਜਾਂ ਦੀ ਵੀ ਸ਼ੁਰੂਆਤ ਹੋਣ ਜਾ ਰਹੀ ਹੈ, ਜਿਸ ਵਿੱਚ ਪਾਣੀ ਦੀ ਸੁਵਿਧਾ, ਨਿਕਾਸੀ ਲਾਈਨਾਂ ਦੇ ਨਵੀਨੀਕਰਨ, ਸੜਕਾਂ ਦੇ ਕੰਢੇ ਦੀ ਮਰੰਮਤ, ਅਤੇ ਪਾਰਕਾਂ ਦੀ ਸਜਾਵਟ ਆਦਿ ਸ਼ਾਮਲ ਹਨ। ਉਨ੍ਹਾਂ ਅਖੀਰ ਵਿੱਚ ਇਹ ਭਰੋਸਾ ਦਿੱਤਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਇੱਕ ਸੇਵਕ ਵਾਂਗ ਨਿਭਾਉਣਗੇ, ਨਾ ਕਿ ਸਿਰਫ਼ ਇੱਕ ਰਾਜਨੀਤਿਕ ਨੁਮਾਇੰਦੇ ਵਾਂਗ।

 

ਮੇਅਰ ਕੁੰਦਨ ਗੋਗੀਆ ਨੇ ਇਸ ਸਬੰਧੀ ਦੱਸਦੇ ਹੋਏ ਕਿਹਾ ਕਿ ਮੌਸਮ ਦੀ ਮਾੜੀ ਸਥਿਤੀ ਕਾਰਨ ਕੰਮਾਂ ਵਿੱਚ ਕੁਝ ਦੇਰੀ ਹੋਈ ਸੀ, ਪਰ ਹੁਣ ਹਰੇਕ ਕੰਮ ਨੂੰ ਤੇਜ਼ੀ ਨਾਲ ਪੂਰਾ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ ‘ਚ ਕਿਸੇ ਵੀ ਤਰ੍ਹਾਂ ਦੀ ਹੋਰ ਦੇਰੀ ਨਹੀਂ ਹੋਣ ਦਿੱਤੀ ਜਾਵੇਗੀ।

 

ਇਸ ਮੌਕੇ ਉਨ੍ਹਾਂ ਦੇ ਨਾਲ ਐਮ ਸੀ ਰਮਨਪ੍ਰੀਤ ਕੌਰ ਕੋਹਲੀ, ਐਮ ਸੀ ਕੰਵਲਜੀਤ ਕੌਰ ਜੱਗੀ, ਐਮ ਸੀ ਇਤਵਿੰਦਰ ਸਿੰਘ, ਜਗਤਾਰ ਸਿੰਘ ਜੱਗੀ, ਭਵਨ ਪੁਨੀਤ ਸਿੰਘ ਤੋਂ ਇਲਾਵਾ ਪੀ ਡਬਲਯੂ ਡੀ ਅਤੇ ਨਗਰ ਨਿਗਮ ਦੇ ਅਧਿਕਾਰੀ ਮੌਜੂਦ ਸਨ।