Patiala: ਡਿਪਟੀ ਕਮਿਸ਼ਨਰ ਵੱਲੋਂ ਪੁਲਿਸ, ਨਗਰ ਨਿਗਮ ਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਭਾਦਸੋਂ ਰੋਡ ਦਾ ਜਾਇਜ਼ਾ
September 24, 2025 - PatialaPolitics
Patiala: ਡਿਪਟੀ ਕਮਿਸ਼ਨਰ ਵੱਲੋਂ ਪੁਲਿਸ, ਨਗਰ ਨਿਗਮ ਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਭਾਦਸੋਂ ਰੋਡ ਦਾ ਜਾਇਜ਼ਾ
-ਪੁਰਾਣੀ ਚੁੰਗੀ ਚੌਂਕ ਵਿਖੇ ਅਤੇ ਟਿਵਾਣਾ ਚੌਂਕ ਨੇੜੇ ਭਾਰੀ ਟ੍ਰੈਫਿਕ ਕਾਰਨ ਲੱਗਦੇ ਜਾਮ ਦਾ ਹੱਲ ਕੱਢਣ ਲਈ ਨਿਰਦੇਸ਼
ਪਟਿਆਲਾ, 24 ਸਤੰਬਰ:
ਪਟਿਆਲਾ ਦੇ ਭਾਦਸੋਂ ਰੋਡ ਵਿਖੇ ਜੇਲ੍ਹ ਦੀ ਕੰਧ ਨਾਲ ਪੁਰਾਣੀ ਚੁੰਗੀ ਚੌਂਕ ਵਿਖੇ ਅਤੇ ਟਿਵਾਣਾ ਚੌਂਕ ਨੇੜੇ ਭਾਰੀ ਟ੍ਰੈਫਿਕ ਕਾਰਨ ਲੱਗਦੇ ਜਾਮ ਦਾ ਹੱਲ ਕੱਢਣ ਲਈ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਏਡੀਸੀ ਸ਼ਹਿਰੀ ਵਿਕਾਸ ਨਵਰੀਤ ਕੌਰ ਸੇਖੋਂ, ਐਸ ਪੀ ਸਿਟੀ ਪਲਵਿੰਦਰ ਸਿੰਘ ਚੀਮਾ, ਐਸ ਡੀ ਐਮ ਪਟਿਆਲਾ ਹਰਜੋਤ ਕੌਰ ਮਾਵੀ, ਆਰ ਟੀ ਓ ਬਬਨਦੀਪ ਸਿੰਘ ਵਾਲੀਆ, ਐਸ ਪੀ ਟ੍ਰੈਫਿਕ ਅੱਛਰੂ ਰਾਮ, ਐਸ ਪੀ ਮਨੋਜ ਗੋਰਸੀ ਸਮੇਤ ਨਗਰ ਨਿਗਮ, ਲੋਕ ਨਿਰਮਾਣ ਵਿਭਾਗ ਤੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਮੌਕੇ ਦਾ ਜਾਇਜ਼ਾ ਲਿਆ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਾਰੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਲਾਕਾ ਨਿਵਾਸੀਆਂ ਤੇ ਰਾਹਗੀਰਾਂ ਨੂੰ ਇਸ ਜਾਮ ਦੀ ਸਮੱਸਿਆ ਤੋਂ ਰਾਹਤ ਦਿਵਾਈ ਜਾਵੇ ਅਤੇ ਲੋੜੀਂਦੇ ਕਦਮ ਚੁੱਕੇ ਜਾਣ। ਇਸ ਮੌਕੇ ਵੱਖ-ਵੱਖ ਤਜਵੀਜ਼ਾਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ ਤਾਂ ਕਿ ਲੋਕਾਂ ਨੂੰ ਨਿਰਵਿਘਨ ਤੇ ਸੁਚਾਰੂ ਢੰਗ ਨਾਲ ਆਵਾਜਾਈ ਸਹੂਲਤਾਂ ਦਿਵਾਉਣ ਲਈ ਠੋਸ ਉਪਰਾਲੇ ਕੀਤੇ ਜਾ ਸਕਣ।
ਡਾ. ਪ੍ਰੀਤੀ ਯਾਦਵ ਨੇ ਇਸ ਮੌਕੇ ਸਥਾਨਕ ਮਾਰਕੀਟ ਦੇ ਦੁਕਾਨਦਾਰਾਂ ਦੇ ਨੁਮਾਇੰਦਿਆਂ ਨਾਲ ਵੀ ਗੱਲਬਾਤ ਕੀਤੀ ਅਤੇ ਕਿਹਾ ਕਿ ਸਾਰੇ ਦੁਕਾਨਦਾਰ ਆਪਣੀਆਂ ਦੁਕਾਨਾਂ ਅੱਗੇ ਸਮਾਨ ਤੇ ਮਸ਼ਹੂਰੀ ਬੋਰਡ ਆਦਿ ਨਾ ਰੱਖਣ ਅਤੇ ਨਾ ਹੀ ਵਾਧੂ ਥੜ੍ਹੇ ਬਣਾਏ ਜਾਣ ਤਾਂ ਕਿ ਆਵਾਜਾਈ ਵਿੱਚ ਵਿਘਨ ਨਾ ਪਵੇ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਇਸ ਸਮੱਸਿਆ ਨੂੰ ਹੱਲ ਕੀਤਾ ਜਾ ਸਕਦਾ ਹੈ ਅਤੇ ਪ੍ਰਸ਼ਾਸਨ ਇਸ ਸਬੰਧੀ ਵਚਨਬੱਧਤਾ ਪੁਗਾਉਣ ਲਈ ਤਿਆਰ ਹੈ ਕਿ ਸ਼ਹਿਰ ਵਿੱਚ ਭੀੜ ਕਾਰਨ ਲੱਗਣ ਵਾਲੇ ਜਾਮ ਦੀ ਸਮੱਸਿਆ ਦਾ ਪੁਖਤਾ ਹੱਲ ਕੀਤਾ ਜਾਵੇ।