ਪਟਿਆਲਾ: ਡਿਪਟੀ ਕਮਿਸ਼ਨਰ ਵੱਲੋਂ ਮੁਰਾਦਪੁਰ ਦੇ ਪਰਾਲੀ ਪ੍ਰਬੰਧਨ ਕਰਨ ਵਾਲੇ ਕਿਸਾਨਾਂ ਨਾਲ ਮੁਲਾਕਾਤ

September 25, 2025 - PatialaPolitics

ਪਟਿਆਲਾ: ਡਿਪਟੀ ਕਮਿਸ਼ਨਰ ਵੱਲੋਂ ਮੁਰਾਦਪੁਰ ਦੇ ਪਰਾਲੀ ਪ੍ਰਬੰਧਨ ਕਰਨ ਵਾਲੇ ਕਿਸਾਨਾਂ ਨਾਲ ਮੁਲਾਕਾਤ

-ਕਿਸਾਨਾਂ ਵੱਲੋਂ ਬੇਲਰ ਮੁਹੱਈਆ ਕਰਵਾਉਣ ਦੀ ਮੰਗ, ਡੀ.ਸੀ ਨੇ ਕਿਹਾ ਕਿ ਕਿਸਾਨ ਅੱਗ ਨਾ ਲਾਉਣ ਮਿਲੇਗੀ ਮਸ਼ੀਨਰੀ

 

ਪਟਿਆਲਾ, 25 ਸਤੰਬਰ:

 

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਇੱਥੇ ਰਾਜਪੁਰਾ ਰੋਡ ਵਿਖੇ ਸਥਿਤ ਪਿੰਡ ਮੁਰਾਦਪੁਰ ਦਾ ਦੌਰਾ ਕੀਤਾ ਤੇ ਬਿਨ੍ਹਾਂ ਅੱਗ ਲਗਾਏ ਪਰਾਲੀ ਪ੍ਰਬੰਧਨ ਕਰਦੇ ਕਿਸਾਨਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਹੌਂਸਲਾ ਵਧਾਇਆ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਇਸ ਵੇਲੇ ਕੋਈ ਵੀ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਗਾਉਣਾ ਚਾਹੁੰਦਾ ਇਸ ਲਈ ਉਨ੍ਹਾਂ ਨੂੰ ਬੇਲਰ ਮੁਹੱਈਆ ਕਰਵਾਏ ਜਾਣ ਤਾਂ ਡਿਪਟੀ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਕਿਸਾਨਾਂ ਦੀ ਮੰਗ ਅਨੁਸਾਰ ਮਸ਼ੀਨਰੀ ਮੁਹੱਈਆ ਕਰਵਾਈ ਜਾਵੇਗੀ।

 

ਡਾ. ਪ੍ਰੀਤੀ ਯਾਦਵ ਨੇ ਪਿੰਡ ਦੇ ਕਿਸਾਨਾਂ ਮੇਹਰ ਸਿੰਘ, ਸੰਤ ਸਿੰਘ, ਗੋਗੀ ਸਿੰਘ ਆਦਿ ਕਿਸਾਨਾਂ ਵੱਲੋਂ ਆਪਣੇ ਖੇਤਾਂ ਵਿੱਚ ਰੇਕ ਮਸ਼ੀਨ ਨਾਲ ਪਰਾਲੀ ਇਕੱਠੀ ਕਰਨ ਦਾ ਜਾਇਜ਼ਾ ਲਿਆ। ਕਿਸਾਨਾਂ ਨੇ ਦੱਸਿਆ ਕਿ ਇਹ ਪਰਾਲੀ ਇਕੱਠੀ ਕਰਨ ਉਪਰੰਤ ਉਹ ਬੇਲਰ ਨਾਲ ਇਸ ਦੀਆਂ ਗੱਠਾਂ ਬਣਵਾਉਣਗੇ।

 

ਡਿਪਟੀ ਕਮਿਸ਼ਨਰ ਨੇ ਐਕਸ ਸੀਟੂ ਤਕਨੀਕ ਰਾਹੀਂ ਕੀਤੇ ਪਰਾਲੀ ਪ੍ਰਬੰਧਨ ਕਰਦੇ ਇਨ੍ਹਾਂ ਅਗਾਂਹਵਧੂ ਕਿਸਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਵੱਡੀ ਗਿਣਤੀ ‘ਚ ਇਨ ਸੀਟੂ ਤੇ ਐਕਸ ਸੀਟੂ ਤਕਨੀਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਜੋ ਕਿ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਖੇਤੀ ਮਾਹਰਾਂ ਵੱਲੋਂ ਪਰਾਲੀ ਨੂੰ ਖੇਤਾਂ ਵਿੱਚ ਮਿਲਾਉਣ ਨਾਲ ਜਮੀਨ ਨੂੰ ਹੋਣ ਵਾਲੇ ਫਾਇਦੇ ਸਬੰਧੀ ਦੱਸਿਆ ਗਿਆ ਹੈ, ਇਸ ਲਈ ਕਿਸਾਨ ਇਨਸੀਟੂ ਤਕਨੀਕਾਂ ਜਰੂਰ ਅਪਣਾਉਣ।

 

ਡਾ. ਪ੍ਰੀਤੀ ਯਾਦਵ ਨੇ ਪਟਿਆਲਾ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਪਰਾਲੀ ਦਾ ਨਿਪਟਾਰਾ ਇਨ ਸੀਟੂ ਤਕਨੀਕਾਂ ਨਾਲ ਕਰਨ ਤੇ ਇਸ ਲਈ ਸੁਪਰ ਸੀਡਰ, ਹੈਪੀ ਸੀਡਰ, ਜ਼ੀਰੋ ਟਰਿਲ ਡਰਿੱਲ, ਮਲਚਰ, ਆਰਐਮਵੀ ਪਲਾਓ ਵਰਗੀਆਂ ਮਸ਼ੀਨਾਂ ਜ਼ਿਲ੍ਹੇ ਵਿੱਚ ਉਪਲਬੱਧ ਹਨ।

 

ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ, ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਸੰਗਰਾਮ ਸਿੰਘ ਸੰਧੂ, ਪ੍ਰਦੂਸ਼ਨ ਰੋਕਥਾਮ ਬੋਰਡ ਦੇ ਅਧਿਕਾਰੀ ਕੰਵਲਦੀਪ ਕੌਰ, ਖੇਤੀਬਾੜੀ ਵਿਸਥਾਰ ਅਫ਼ਸਰ ਰਵਿੰਦਰਪਾਲ ਸਿੰਘ ਚੱਠਾ ਤੇ ਹੋਰ ਅਧਿਕਾਰੀ ਤੇ ਪਿੰਡ ਦੇ ਕਿਸਾਨ ਮੌਜੂਦ ਸਨ।