ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪਟਿਆਲਾ ਦਿਹਾਤੀ ਹਲਕੇ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ
October 5, 2025 - PatialaPolitics
ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪਟਿਆਲਾ ਦਿਹਾਤੀ ਹਲਕੇ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ
— ਨਵੀਆਂ ਸੜਕਾਂ, ਕਲੀਨਿਕ ਅਤੇ ਪੰਚਾਇਤ ਘਰ ਦਾ ਉਦਘਾਟਨ
– ਮੁਫ਼ਤ ਇਲਾਜ ਹੁਣ ਪਿੰਡਾਂ ਦੇ ਦਰਵਾਜ਼ੇ ਤਕ – ਡਾ. ਬਲਬੀਰ ਸਿੰਘ
– ਪਿੰਡ ਆਲੋਵਾਲ ਦੇ ਗੁਰੂ ਘਰ ਵਿਚ ਹਾਜ਼ਰੀ ਭਰੀ ਤੇ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ
ਪਟਿਆਲਾ, 5 ਅਕਤੂਬਰ
ਪੰਜਾਬ ਸਰਕਾਰ ਵੱਲੋਂ ” ਰੰਗਲਾ ਪੰਜਾਬ, ਸਿਹਤਮੰਦ ਪੰਜਾਬ ਅਤੇ ਨਸ਼ਾ ਮੁਕਤ ਪੰਜਾਬ” ਦੇ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਲਈ ਠੋਸ ਕਦਮ ਚੁੱਕਦੇ ਹੋਏ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਟਿਆਲਾ ਜ਼ਿਲ੍ਹੇ ਦੇ ਦਿਹਾਤੀ ਹਲਕੇ ਵਿੱਚ ਸੜਕਾਂ, ਕਲੀਨਿਕ ਅਤੇ ਪੰਚਾਇਤ ਘਰ ਦੀਆਂ ਮੁਹਿੰਮਾਂ ਦੀ ਸ਼ੁਰੂਆਤ ਕਰਕੇ ਲੋਕਾਂ ਨੂੰ ਵੱਡੀ ਸੌਗਾਤ ਦਿੱਤੀ।
ਡਾ. ਬਲਬੀਰ ਸਿੰਘ ਨੇ ਪਟਿਆਲਾ ਦੇ ਆਦਰਸ਼ ਕਲੋਨੀ, ਮਨਜੀਤ ਨਗਰ, ਅਨੰਦ ਨਗਰ, ਲਚਕਾਣੀ ਤੋਂ ਭਾਦਸੋਂ, ਮੰਡੋਰ ਤੋਂ ਹਿਆਣਾ ਕਲਾਂ ਅਤੇ ਹਿਆਣਾ ਕਲਾਂ ਤੋਂ ਹਿਆਣਾ ਖੁਰਦ ਤੱਕ ਦੀਆਂ ਸੜਕਾਂ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਸੜਕਾਂ ਸਿਰਫ਼ ਆਵਾਜਾਈ ਦੀ ਸੁਵਿਧਾ ਨਹੀਂ, ਬਲਕਿ ਇਲਾਕੇ ਦੇ ਵਿਕਾਸ ਦਾ ਰਾਹ ਖੋਲ੍ਹਣਗੀਆਂ। ਇਸ ਦੌਰਾਨ ਪਿੰਡ ਆਲੋਵਾਲ ਦੇ ਗੁਰੂ ਘਰ ਵਿਚ ਹਾਜ਼ਰੀ ਭਰੀ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।
ਇਸੇ ਤਰ੍ਹਾਂ ਪਿੰਡ ਖੁਰਦ ਵਿਖੇ ਨਵੇਂ ਬਣੇ ਪੰਚਾਇਤ ਘਰ ਦਾ ਉਦਘਾਟਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪੰਚਾਇਤਾਂ ਨੂੰ ਮਜ਼ਬੂਤ ਬਣਾਉਣਾ ਲੋਕਤੰਤਰ ਦੀ ਜੜ੍ਹ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪਿੰਡ ਵਾਸੀਆਂ ਨੂੰ ਬਹੁਤ ਲਾਭ ਹੋਵੇਗਾ।ਇਥੇ ਬੈਠ ਕੇ ਲੋਕ ਵਿਚਾਰ ਵਟਾਂਦਰਾ ਕਰਨਗੇ ਅਤੇ ਆਪਸ ਵਿਚ ਭਾਈਚਾਰਾ ਵਧੇਗਾ।
ਸਿਹਤ ਖੇਤਰ ਵਿੱਚ ਇਕ ਹੋਰ ਵਿਸ਼ੇਸ਼ ਯਤਨ ਕਰਦੇ ਹੋਏ, ਮੰਤਰੀ ਜੀ ਨੇ ਪਿੰਡ ਸਿੰਬੜੋ ਵਿੱਚ ਨਵੇਂ ਆਮ ਆਦਮੀ ਕਲੀਨਿਕ ਦੀ ਇਮਾਰਤ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਇਹ ਕਲੀਨਿਕ ਓਹਨਾ ਲੋਕਾਂ ਲਈ ਹੈ ਜੋ ਦੂਰ ਜਾਂ ਹਸਪਤਾਲ ਨਹੀਂ ਜਾ ਸਕਦੇ, ਪੰਜਾਬ ਸਰਕਾਰ ਵੱਲੋਂ “ਮੁਫ਼ਤ ਤੇ ਸੁਗਮ ਇਲਾਜ” ਹੁਣ ਓਹਨਾ ਦੀਆਂ ਥਾਵਾਂ ਤਕ ਪਹੁੰਚਾਇਆ ਜਾ ਰਿਹਾ ਹੈ। ਓਹਨਾ ਕਿਹਾ ਕਿ ਇਹ ਸਿਰਫ ਇਮਾਰਤ ਨਹੀਂ, ਸਗੋਂ ਪੰਜਾਬ ਦੀ ਸਿਹਤ ਕ੍ਰਾਂਤੀ ਵੱਲ ਇਕ ਮਜ਼ਬੂਤ ਕਦਮ ਹੈ।
ਉਨ੍ਹਾਂ ‘ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ’ ਦੀ ਅਗਵਾਈ ਹੇਠ ਚੱਲ ਰਹੀ ਪੰਜਾਬ ਸਰਕਾਰ ਦੀ ਨਵੀਂ ਸੋਚ ਅਤੇ ਨਵੇਂ ਮਾਡਲ ਤੇ ਜ਼ੋਰ ਦਿੰਦਿਆਂ ਕਿਹਾ ਕਿ, “ਅਸੀਂ ਸਿਰਫ਼ ਵਾਅਦੇ ਨਹੀਂ ਕਰਦੇ, ਉਨ੍ਹਾਂ ਨੂੰ ਪੂਰਾ ਕਰਕੇ ਵਿਖਾਂਦੇ ਹਾਂ। ਅਸੀਂ ਨਵੇਂ ਪੰਜਾਬ ਦੀ ਨੀਂਹ ਰੱਖ ਰਹੇ ਹਾਂ — ਜਿੱਥੇ ਲੋਕਾਂ ਦੀ ਤਰੱਕੀ ਸਾਡੀ ਪਹਿਲੀ ਤਰਜੀਹ ਹੈ।”
ਇਸ ਮੌਕੇ ਮੇਅਰ ਕੁੰਦਨ ਗੋਗੀਆ , ਮੇਘ ਚੰਦ ਸ਼ੇਰ ਮਾਜਰਾ , ਨਗਰ ਨਿਗਮ ਦੇ ਅਧਿਕਾਰੀ , ਪੰਚਾਇਤੀ ਅਹੁਦੇਦਾਰ, ਸਥਾਨਕ ਆਗੂ, ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਦੀ ਹਾਜ਼ਰੀ ਦਰਜ ਰਹੀ।