ਪਟਿਆਲਾ: ਸਿਹਤ ਮੰਤਰੀ ਡਾ. ਬਲਬੀਰ ਸਿੰਘ ਵਲੋਂ ਮੰਡੀ ਧੰਗੇੜਾ ਅਤੇ ਮੰਡੌਰ ਦਾ ਦੌਰਾ 

October 5, 2025 - PatialaPolitics

ਪਟਿਆਲਾ: ਸਿਹਤ ਮੰਤਰੀ ਡਾ. ਬਲਬੀਰ ਸਿੰਘ ਵਲੋਂ ਮੰਡੀ ਧੰਗੇੜਾ ਅਤੇ ਮੰਡੌਰ ਦਾ ਦੌਰਾ

– ਹੜ੍ਹਾਂ ਕਾਰਨ ਹੋਏ ਕਿਸਾਨਾਂ ਦੇ ਨੁਕਸਾਨ ਦੀ ਕੀਤੀ ਸਮੀਖਿਆ

 

– ਕਿਹਾ , ਮਾਨ ਸਰਕਾਰ ਕਿਸਾਨਾਂ ਦੇ ਨਾਲ: ਹਰ ਪੱਲ, ਹਰ ਮੰਡੀ ਵਿੱਚ”

 

– ਪੰਜਾਬ ਸਰਕਾਰ ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਵਚਨਬੱਧ – ਡਾ. ਬਲਬੀਰ ਸਿੰਘ

 

ਪਟਿਆਲਾ 5 ਅਕਤੂਬਰ

 

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਟਿਆਲਾ ਦੀ ਮੰਡੀ ਧੰਗੇੜਾ ਅਤੇ ਮੰਡੌਰ ਮੰਡੀ ਦਾ ਦੌਰਾ ਕਰਕੇ ਹੜ੍ਹ ਦੀ ਮਾਰ ਅਤੇ ਫਸਲਾਂ ‘ਤੇ ਪਏ ਬਿਮਾਰੀਆਂ ਦੇ ਨਤੀਜੇ ਵਜੋਂ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਮੰਤਰੀ ਜੀ ਨੇ ਦੱਸਿਆ ਕਿ ਹੜ੍ਹਾਂ ਕਾਰਨ ਖੇਤਾਂ ਵਿਚ ਨਮੀ ਹੋਣ ਕਾਰਨ ਕਈ ਕਿਸਮ ਦੀਆਂ ਫਸਲਾਂ ਬਿਮਾਰੀ ਦੀ ਚਪੇਟ ਵਿਚ ਆ ਗਈਆਂ ਹਨ, ਜਿਸ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ।

 

ਉਨ੍ਹਾਂ ਦੱਸਿਆ ਕਿ ਝੋਨੇ ਦੀ ਫਸਲ ‘ਤੇ ਫੰਗਸ ਅਤੇ ਵਾਇਰਸ ਦੇ ਹਮਲੇ ਕਾਰਨ ਝਾੜ ਪਿਛਲੇ ਸਾਲਾਂ ਨਾਲੋਂ ਕਾਫੀ ਘੱਟ ਆਇਆ ਹੈ, “ਫੰਗਸ ਕਰਕੇ ਕਾਲਾ ਹੋ ਗਿਆ, ਹਲਦੀ ‘ਤੇ ਵੀ ਫੰਗਸ ਦੀ ਮਾਰ ਪਈ। ਓਹਨਾ ਦਸਿਆ ਕਿ ਬੌਣਾ ਵਾਇਰਸ ਨੇ ਵੀ ਖੇਤਾਂ ਵਿੱਚ ਕਾਫੀ ਨੁਕਸਾਨ ਕੀਤਾ ਹੈ। ਕਾਲਾ ਦਾਣਾ ਅਤੇ ਪੀਲੀ ਹਲਦੀ ਵਰਗੀਆਂ ਸਮੱਸਿਆਵਾਂ ਨੇ ਝੋਨੇ ਦੀ ਗੁਣਵੱਤਾ ‘ਤੇ ਬੁਰਾ ਪ੍ਰਭਾਵ ਪਾਇਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਹ ਸਮੱਸਿਆ ਪਹਿਲਾਂ ਇੰਨੀ ਵੱਡੀ ਪੱਧਰ ‘ਤੇ ਨਹੀਂ ਸੀ। ਇਸ ਵਾਰ ਮੌਸਮ ਦੀ ਮਾਰ, ਹੜ੍ਹਾਂ ਅਤੇ ਖੇਤੀਬਾੜੀ ਸੰਬੰਧੀ ਬਿਮਾਰੀਆਂ ਦੇ ਕਾਰਨ ਝੋਨੇ ਦੀ ਝਾੜ ਕਾਫੀ ਘੱਟ ਰਹੀ ਹੈ।

 

ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਖੜੀ ਹੈ ਅਤੇ ਉਨ੍ਹਾਂ ਦੇ ਹਿੱਤਾਂ ਦੀ ਰੱਖਿਆ ਲਈ ਵਚਨਬੱਧ ਹੈ। “ਇਸ ਮੁਸ਼ਕਲ ਦੀ ਘੜੀ ਵਿੱਚ ਸਰਕਾਰ ਕਿਸਾਨਾਂ ਨੂੰ ਇਕੱਲਾ ਨਹੀਂ ਛੱਡੇਗੀ। ਓਹਨਾ ਭਰੋਸਾ ਦਵਾਇਆ ਕਿ ਅਸੀਂ ਨੁਕਸਾਨ ਦੀ ਪੂਰੀ ਤਰ੍ਹਾਂ ਭਰਪਾਈ ਕਰਨ ਅਤੇ ਉਨ੍ਹਾਂ ਦੀ ਆਰਥਿਕ ਮਦਦ ਲਈ ਹਰ ਸੰਭਵ ਕਦਮ ਚੁੱਕਾਂਗੇ ।

 

ਡਾ. ਬਲਬੀਰ ਸਿੰਘ ਨੇ ਇਹ ਵੀ ਕਿਹਾ ਕਿ ਸਰਕਾਰ ਦਾ ਉਦੇਸ਼ ਸਿਰਫ ਮੌਜੂਦਾ ਨੁਕਸਾਨ ਦੀ ਰੋਕਥਾਮ ਕਰਨਾ ਹੀ ਨਹੀਂ, ਸਗੋਂ ਅਗਲੇ ਸਾਲਾਂ ਵਿੱਚ ਅਜਿਹੀਆਂ ਬਿਮਾਰੀਆਂ ਤੋਂ ਬਚਾਅ ਲਈ ਲੰਬੀ ਮਿਆਦ ਵਾਲੀਆਂ ਯੋਜਨਾਵਾਂ ਤਿਆਰ ਕਰਨਾ ਹੈ। ਓਹਨਾ ਕਿਹਾ ਕਿ ਖੇਤੀਬਾੜੀ ਵਿਭਾਗ, ਵਿਗਿਆਨਕਾਂ ਅਤੇ ਖੇਤ ਮਜ਼ਦੂਰਾਂ ਦੇ ਮਿਲਕੇ ਕੰਮ ਕਰਨ ਨਾਲ, ਅਸੀਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਬਚਾਅ ਲਈ ਢਾਂਚਾਗਤ ਸੋਚ ਵਿਕਸਿਤ ਕਰ ਰਹੇ ਹਾਂ।

ਇਸ ਮੌਕੇ ਪਿੰਡਾਂ ਦੇ ਕਿਸਾਨ ਅਤੇ ਸਥਾਨਕ ਆਗੂ ਮੌਜੂਦ ਸਨ।