ਨਵੰਬਰ ਮਹੀਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪਟਿਆਲਾ ‘ਚ ਹੋਣਗੇ ਵੱਡੇ ਸਮਾਗਮ ਡਾ. ਪ੍ਰੀਤੀ ਯਾਦਵ
October 10, 2025 - PatialaPolitics
ਨਵੰਬਰ ਮਹੀਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪਟਿਆਲਾ ‘ਚ ਹੋਣਗੇ ਵੱਡੇ ਸਮਾਗਮ ਡਾ. ਪ੍ਰੀਤੀ ਯਾਦਵ
-ਡੀ.ਸੀ. ਵੱਲੋਂ 350 ਸਾਲਾ ਸ਼ਹੀਦੀ ਸ਼ਤਾਬਦੀ ਬਾਬਤ ਕੀਰਤਨ ਸਮਾਗਮ ਤੇ ਧਾਰਮਿਕ ਯਾਤਰਾ ਦੀ ਆਮਦ ਦੇ ਪ੍ਰਬੰਧਾਂ ਦਾ ਜਾਇਜ਼ਾ
-ਪਟਿਆਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਤੋਂ ਵਰੋਸਾਇਆ ਸ਼ਹਿਰ, ਸਮੂਹ ਸੰਗਤ ਧਾਰਮਿਕ ਸਮਾਗਮਾਂ ‘ਚ ਵੱਧ-ਚੜ੍ਹਕੇ ਹਿੱਸਾ ਲਵੇ-ਡਾ. ਪ੍ਰੀਤੀ ਯਾਦਵ
-ਕਿਹਾ, ਜ਼ਿਲ੍ਹਾ ਪ੍ਰਸ਼ਾਸਨ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਤੇ ਅਕੀਦਤ ਨਾਲ ਇੱਕ ਸ਼ਰਧਾਲੂ ਦੀ ਤਰ੍ਹਾਂ ਨਿਭਾਉਣ ਲਈ ਤਤਪਰ
ਪਟਿਆਲਾ, 10 ਅਕਤੂਬਰ:
ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਪੰਜਾਬ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਤੇ ਹਿੰਦ ਦੀ ਚਾਦਰ ਸ੍ਰੀ ਗੁਰੂ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ ਯਾਦਗਾਰੀ ਸਮਾਗਮ ਕਰਵਾਉਣ ਦੇ ਕੀਤੇ ਫੈਸਲੇ ਤਹਿਤ ਪਟਿਆਲਾ ਜ਼ਿਲ੍ਹੇ ਵਿੱਚ ਨਵੰਬਰ ਮਹੀਨੇ ਹੋਣ ਵਾਲੇ ਵੱਡੇ ਸਮਾਗਮਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ।
ਜ਼ਿਲ੍ਹਾ ਸੱਭਿਆਚਾਰਕ ਸੁਸਾਇਟੀ ਦੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਨਵੰਬਰ ਮਹੀਨੇ ਦੌਰਾਨ ਪਟਿਆਲਾ ਵਿਖੇ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਨਤਮਸਤਕ ਹੋਣ ਲਈ ਇੱਕ ਵਿਸ਼ੇਸ਼ ਕੀਰਤਨ ਸਮਾਗਮ ਕਰਵਾਇਆ ਜਾਵੇਗਾ ਉਥੇ ਹੀ ਬਾਕੀ ਸਬ ਡਵੀਜ਼ਨਾਂ ਵਿਖੇ ਵੀ ਕੀਰਤਨ ਸਮਾਗਮ ਤੇ ਕਵੀ ਦਰਬਾਰ ਆਯੋਜਿਤ ਕੀਤੇ ਜਾਣਗੇ। ਇਸ ਤੋਂ ਬਿਨ੍ਹਾਂ 20 ਨਵੰਬਰ ਨੂੰ ਸ੍ਰੀ ਤਲਵੰਡੀ ਸਾਬੋ (ਬਠਿੰਡਾ) ਤੋਂ ਚੱਲਣ ਵਾਲੀ ਧਾਰਮਿਕ ਯਾਤਰਾ ਰਾਤ ਨੂੰ ਪਟਿਆਲਾ ਵਿਖੇ ਪੁੱਜੇਗੀ ਤੇ ਵਿਸ਼ਰਾਮ ਕਰੇਗੀ।
ਇਨ੍ਹਾਂ ਸਮੁੱਚੇ ਸਮਾਗਮਾਂ ਲਈ ਸੰਗਤ ਦੀ ਸਹੂਲਤ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਬਾਰੇ ਸਮੂਹ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਪਟਿਆਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਤੋਂ ਵਰੋਸਾਇਆ ਸ਼ਹਿਰ ਹੈ, ਕਿਉਂਕਿ ਗੁਰੂ ਸਾਹਿਬ ਦੀ ਚਰਨ ਛੋਹ ਵਾਲੇ ਸਭ ਤੋਂ ਵਧੇਰੇ 36 ਅਸਥਾਨ ਪਟਿਆਲਾ ਜ਼ਿਲ੍ਹੇ ਅੰਦਰ ਸਥਿਤ ਹਨ, ਜਿਨ੍ਹਾਂ ਦੇ ਚਹੁੰਪੱਖੀ ਵਿਕਾਸ ਲਈ ਵੱਡੇ ਪ੍ਰਾਜੈਕਟ ਉਲੀਕੇ ਗਏ ਹਨ। ਉਨ੍ਹਾਂ ਨੇ ਸਮੂਹ ਸੰਗਤ ਨੂੰ ਇਨ੍ਹਾਂ ਸਮਾਗਮਾਂ ਵਿੱਚ ਹੁੰਮ-ਹੁਮਾ ਕੇ ਸ਼ਮੂਲੀਅਤ ਕਰਨ ਦੀ ਬੇਨਤੀ ਕੀਤੀ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਵਰਗੀ ਮਿਸਾਲ ਦੁਨੀਆਂ ਵਿੱਚ ਹੋਰ ਕਿਧਰੇ ਨਹੀ ਮਿਲਦੀ, ਜਿਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਮੂਹ ਸੰਗਤ ਦੇ ਸਹਿਯੋਗ ਨਾਲ ਗੁਰੂ ਸਾਹਿਬਾਨ ਦੇ ਫ਼ਲਸਫ਼ੇ ਨੂੰ ਦੁਨੀਆਂ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਲਈ ਵੱਡੇ ਪ੍ਰੋਗਰਾਮ ਉਲੀਕ ਰਹੀ ਹੈ।ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਤੇ ਪੂਰੀ ਅਕੀਦਤ ਨਾਲ ਇੱਕ ਸ਼ਰਧਾਲੂ ਦੀ ਤਰ੍ਹਾਂ ਨਿਭਾਉਣ ਲਈ ਤਤਪਰ ਹੈ।
ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਮਾਗਮਾਂ ਦੇ ਪ੍ਰਬੰਧਾਂ ‘ਚ ਕੋਈ ਕਮੀ ਨਾ ਛੱਡੀ ਜਾਵੇ। ਉਨ੍ਹਾਂ ਨੇ ਸਫ਼ਾਈ, ਸੜਕਾਂ ਦੀ ਮੁਰੰਮਤ, ਸੰਗਤਾਂ ਦੀ ਰਿਹਾਇਸ਼, ਪਾਰਕਿੰਗ ਤੇ ਸਜਾਵਟ ਸਮੇਤ ਹੋਰ ਪ੍ਰਬੰਧਾਂ ਬਾਰੇ ਵਿਸਥਾਰ ‘ਚ ਚਰਚਾ ਕੀਤੀ ਤੇ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ। ਇਸ ਮੌਕੇ ਏ.ਡੀ.ਸੀਜ ਦਮਨਜੀਤ ਸਿੰਘ ਮਾਨ, ਨਵਰੀਤ ਕੌਰ ਸੇਖੋਂ ਤੇ ਸਿਮਰਪ੍ਰੀਤ ਕੌਰ, ਐਸ.ਪੀ ਵੈਭਵ ਚੌਧਰੀ, ਅੱਛਰੂ ਰਾਮ, ਐਸ.ਡੀ.ਐਮਜ ਡਾ. ਇਸਮਤ ਵਿਜੇ ਸਿੰਘ, ਕਿਰਪਾਲਵੀਰ ਸਿੰਘ, ਹਰਜੋਤ ਕੌਰ, ਰਿਚਾ ਗੋਇਲ ਸਮੇਤ ਲੋਕ ਨਿਰਮਾਣ, ਨਗਰ ਨਿਗਮ ਤੇ ਹੋਰ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਵੀ ਮੌਜੂਦ ਸਨ।