Patiala: ਲੋਹੜੀ ਤਿਉਹਾਰ ਦੇ ਮੱਦੇਨਜ਼ਰ ਫੂਡ ਸੇਫ਼ਟੀ ਟੀਮ ਪਟਿਆਲਾ ਵੱਲੋਂ ਜਾਂਚ ਅਤੇ ਸੈਂਪਲਿੰਗ

January 8, 2026 - PatialaPolitics

Patiala: ਲੋਹੜੀ ਤਿਉਹਾਰ ਦੇ ਮੱਦੇਨਜ਼ਰ ਫੂਡ ਸੇਫ਼ਟੀ ਟੀਮ ਪਟਿਆਲਾ ਵੱਲੋਂ ਜਾਂਚ ਅਤੇ ਸੈਂਪਲਿੰਗ

ਪਟਿਆਲਾ:

ਆ ਰਹੇ ਲੋਹੜੀ ਤਿਉਹਾਰ ਨੂੰ ਧਿਆਨ ਵਿੱਚ ਰੱਖਦਿਆਂ ਫੂਡ ਸੇਫ਼ਟੀ ਟੀਮ ਪਟਿਆਲਾ ਵੱਲੋਂ ਲੋਕਾਂ ਨੂੰ ਸੁਰੱਖਿਅਤ ਅਤੇ ਮਿਆਰੀ ਖਾਦ ਪਦਾਰਥ ਉਪਲਬਧ ਕਰਵਾਉਣ ਲਈ ਜਾਂਚ ਅਤੇ ਸੈਂਪਲਿੰਗ ਮੁਹਿੰਮ ਚਲਾਈ ਗਈ। ਇਹ ਕਾਰਵਾਈ ਡਾ. ਗੁਰਪ੍ਰੀਤ ਕੌਰ, ਜ਼ਿਲ੍ਹਾ ਸਿਹਤ ਅਫ਼ਸਰ-ਕਮ-ਡਿਜ਼ਾਈਨੇਟਡ ਅਫ਼ਸਰ (ਫੂਡ ਸੇਫ਼ਟੀ), ਪਟਿਆਲਾ ਦੀ ਦੇਖਰੇਖ ਹੇਠ ਕੀਤੀ ਗਈ।

ਇਸ ਦੌਰਾਨ ਫੂਡ ਸੇਫ਼ਟੀ ਟੀਮ ਵੱਲੋਂ ਦੁੱਧ, ਦੁੱਧ ਤੋਂ ਬਣੇ ਪਦਾਰਥਾਂ ਅਤੇ ਗਚਕ ਵਰਗੀਆਂ ਪਰੰਪਰਾਗਤ ਮਿਠਾਈਆਂ ਤਿਆਰ ਕਰਨ ਲਈ ਵਰਤੇ ਜਾਣ ਵਾਲੇ ਸਮੱਗਰੀ ਦੇ 25 ਤੋਂ ਵੱਧ ਨਮੂਨੇ ਇਕੱਠੇ ਕੀਤੇ ਗਏ। ਇਹ ਨਮੂਨੇ ਫੂਡ ਸੇਫ਼ਟੀ ਐਂਡ ਸਟੈਂਡਰਡਜ਼ ਐਕਟ ਅਧੀਨ ਜਾਂਚ ਲਈ ਲੈਬੋਰਟਰੀ ਵਿੱਚ ਭੇਜੇ ਗਏ ਹਨ।

ਟੀਮ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਮਿਠਾਈ ਦੀਆਂ ਦੁਕਾਨਾਂ, ਦੁੱਧ ਵੇਚਣ ਵਾਲਿਆਂ ਅਤੇ ਖਾਦ ਕਾਰੋਬਾਰੀ ਇਕਾਈਆਂ ਦੀ ਜਾਂਚ ਵੀ ਕੀਤੀ ਗਈ। ਫੂਡ ਬਿਜ਼ਨਸ ਓਪਰੇਟਰਾਂ (FBOs) ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਕਿ ਉਹ ਗੁੱਡ ਮੈਨੂਫੈਕਚਰਿੰਗ ਪ੍ਰੈਕਟਿਸਜ਼ (GMP) ਅਤੇ ਗੁੱਡ ਹਾਈਜੀਨ ਪ੍ਰੈਕਟਿਸਜ਼ (GHP) ਦੀ ਪਾਲਣਾ ਯਕੀਨੀ ਬਣਾਉਣ।

ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਫੂਡ ਸੇਫ਼ਟੀ ਵਿਭਾਗ ਲੋਕਾਂ ਦੀ ਸਿਹਤ ਦੀ ਰੱਖਿਆ ਲਈ ਵਚਨਬੱਧ ਹੈ ਅਤੇ ਤਿਉਹਾਰਾਂ ਦੇ ਮੌਕੇ ‘ਤੇ ਮਿਲਾਵਟੀ ਜਾਂ ਗ਼ੈਰ-ਮਿਆਰੀ ਖਾਦ ਪਦਾਰਥਾਂ ਦੀ ਵਿਕਰੀ ਨੂੰ ਰੋਕਣ ਲਈ ਅਜਿਹੀਆਂ ਮੁਹਿੰਮਾਂ ਜਾਰੀ ਰਹਿਣਗੀਆਂ।

ਫੂਡ ਸੇਫ਼ਟੀ ਵਿਭਾਗ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਚੇਤ ਰਹਿਣ ਅਤੇ ਕਿਸੇ ਵੀ ਕਿਸਮ ਦੀ ਖਾਦ ਸੁਰੱਖਿਆ ਸੰਬੰਧੀ ਸ਼ਿਕਾਇਤ ਵਿਭਾਗ ਨੂੰ ਦਰਜ ਕਰਵਾਉਣ।