Patiala Heritage Festival 2026 Craft Saras Mela Sheesh Mahal from 21 February to 2 March

January 14, 2026 - PatialaPolitics

Patiala Heritage Festival 2026 Craft Saras Mela Sheesh Mahal from 21 February to 2 March

 

ਪਟਿਆਲਾ, 14 ਜਨਵਰੀ:

 

ਪਟਿਆਲਾ ਦੀ ਵਿਰਾਸਤੀ ਇਮਾਰਤ ਸ਼ੀਸ਼ ਮਹਿਲ ਦੇ ਵਿਹੜੇ ‘ਚ ਇਸ ਵਾਰ 21 ਫਰਵਰੀ ਤੋਂ 2 ਮਾਰਚ ਤੱਕ ਕਰਾਫ਼ਟ ਮੇਲਾ ਅਤੇ ਸਖੀ ਸ਼ਕਤੀ ਮੇਲਾ ਲੱਗੇਗਾ, ਇਸ ਮੇਲੇ ਦਾ ਰੋਡ ਮੈਪ ਤਿਆਰ ਕਰਨ ਲਈ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਦਮਨਜੀਤ ਸਿੰਘ ਮਾਨ ਨੇ ਜ਼ਿਲ੍ਹਾ ਅਧਿਕਾਰੀਆਂ ਨਾਲ ਬੈਠਕ ਕਰਕੇ ਨੋਡਲ ਅਫ਼ਸਰਾਂ ਦੀ ਅਗਵਾਈ ਹੇਠ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਸੰਕਲਪ ਤਹਿਤ ਇਸ ਕਰਾਫ਼ਟ ਮੇਲੇ ਅਤੇ ਸਖੀ ਸ਼ਕਤੀ ਮੇਲੇ ਦੀਆਂ ਤਿਆਰੀਆਂ ਹੁਣੇ ਤੋਂ ਵਿੱਢ ਦਿੱਤੀਆਂ ਗਈਆਂ ਹਨ।

 

ਦਮਨਜੀਤ ਸਿੰਘ ਮਾਨ ਨੇ ਇਸ ਮੇਲੇ ਨੂੰ ਕਰਵਾਉਣ ਲਈ ਗਠਿਤ ਕਮੇਟੀਆਂ ਦੇ ਮੈਂਬਰ ਅਧਿਕਾਰੀਆਂ ਨੂੰ ਸੌਂਪੀਆਂ ਜਿੰਮੇਵਾਰੀਆਂ ਦੱਸਦਿਆਂ ਹਦਾਇਤ ਕੀਤੀ ਕਿ ਤਿਆਰੀਆਂ ‘ਚ ਕਿਸੇ ਕਿਸਮ ਦੀ ਕੋਈ ਢਿੱਲ-ਮੱਠ ਨਾ ਵਰਤੀ ਜਾਵੇ ਅਤੇ ਸਾਰੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰ ਲਏ ਜਾਣ। ਉਨ੍ਹਾਂ ਕਿਹਾ ਕਿ ਮੇਲੇ ਲਈ ਕੋਈ ਵੀ ਜਾਣਕਾਰੀ ਲੈਣ ਲਈ ਦਸਤਕਾਰ ਏ.ਡੀ.ਸੀ. ਦਿਹਾਤੀ ਵਿਕਾਸ ਦੇ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ।

 

ਏ.ਡੀ.ਸੀ. ਮਾਨ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਉਲੀਕੇ ਗਏ ਇਸ ਕਰਾਫ਼ਟ ਮੇਲੇ ਵਿੱਚ ਦੇਸ਼ ਤੇ ਵਿਦੇਸ਼ਾਂ ਤੋਂ 110 ਤੋਂ ਵਧੇਰੇ ਵੱਖ-ਵੱਖ ਸ਼ਿਲਪਕਾਰ ਆਪਣੀਆਂ ਦਸਤਕਾਰੀ ਵਸਤਾਂ ਦਰਸ਼ਕਾਂ ਦੀ ਖਰੀਦੋ-ਫ਼ਰੋਖਤ ਲਈ ਇੱਥੇ ਲੈ ਕੇ ਆਉਣਗੇ। ਇਸ ਤੋਂ ਇਲਾਵਾ ਦਰਸ਼ਕਾਂ ਦੇ ਮਨੋਰੰਜਨ ਲਈ ਮਸ਼ਹੂਰ ਗਾਇਕਾਂ ਤੇ ਲੋਕ ਗਾਇਕਾਂ, ਉਤਰ ਖੇਤਰੀ ਸੱਭਿਆਚਾਰਕ ਕੇਂਦਰ ਦੇ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਦੇ 125 ਤੋਂ ਵਧੇਰੇ ਲੋਕ ਕਲਾਵਾਂ ਤੇ ਲੋਕ ਨਾਚਾਂ ਦੇ ਕਲਾਕਾਰਾਂ ਸਮੇਤ ਪੰਜਾਬ ਦੇ ਬਾਜੀਗਰ ਤੇ ਨਚਾਰ, ਹਰਿਆਣਾ ਦੇ ਬੀਨ ਜ਼ੋਗੀ, ਰਾਜਸਥਾਨ ਦੀ ਕੱਚੀ ਘੋੜੀ, ਬਹਿਰੂਪੀਏ ਸਮੇਤ ਹੋਰ ਵੰਨਗੀਆਂ ਦੀਆਂ ਪੇਸ਼ਕਾਰੀਆਂ ਦਾ ਪ੍ਰਬੰਧ ਕੀਤਾ ਜਾਵੇਗਾ।

 

ਏ.ਡੀ.ਸੀ. ਦਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਕਰਾਫ਼ਟ ਮੇਲੇ ਦੌਰਾਨ ਧਾਤਾਂ ‘ਤੇ ਹੋਇਆ ਦਸਤਕਾਰੀ ਦਾ ਕੰਮ, ਚਿੱਤਰਕਾਰੀ, ਪੱਥਰ ਤੇ ਮੀਨਾਕਾਰੀ ਨਾਲ ਲਬਰੇਜ਼ ਪੁਰਾਤਨ ਗਹਿਣੇ, ਕੱਪੜਿਆਂ ‘ਚ ਚਿਕਨਕਾਰੀ, ਗੁਜਰਾਤੀ ਕਢਾਈ, ਸ਼ੀਸ਼ੇ ਦਾ ਕੰਮ, ਬਲਾਕ ਪ੍ਰਿੰਟਿੰਗ, ਕਲਾਕਾਰੀ, ਜ਼ਰੀ, ਸੋਜਨੀ ਅਨੇਕਾ ਕਿਸਮਾਂ ਦੇ ਹੋਰ ਸ਼ਾਨਦਾਰ ਕੱਪੜੇ ਵਿਕਣ ਲਈ ਸਜਾਏ ਜਾਣਗੇ। ਇਸ ਤੋਂ ਬਿਨ੍ਹਾਂ ਮਿੱਟੀ ਦੇ ਬਰਤਨਾਂ ਵਿਚ ਜੈਪੁਰ ਪੋਟਰੀ, ਟੈਰਾਕੋਟਾ, ਸੈਰਾਮਿਕ, ਬਲੈਕ ਪੋਟਰੀ, ਪੇਟਿੰਗ ਨਾਲ ਸਜੇ ਭਾਂਡੇ, ਪਟਚਿੱਤਰ, ਬਸੋਲੀ ਸਮੇਤ ਲੱਕੜ ਦੇ ਐਂਟੀਕ ਫਰਨੀਚਰ ਸਮੇਤ ਹੋਰ ਅਣਗਿਣਤ ਕਿਸਮਾਂ ਵੀ ਉਪਲਬੱਧ ਹੋਣਗੀਆਂ।

 

ਏ.ਡੀ.ਸੀ ਮਾਨ ਨੇ ਹੋਰ ਦੱਸਿਆ ਕਿ ਦਰਸ਼ਕਾਂ ਦੇ ਖਾਣ ਪੀਣ ਲਈ ਲਜੀਜ਼ ਪਕਵਾਨਾਂ ਦੀਆਂ ਸਟਾਲਾਂ, ਬੱਚਿਆਂ ਦੇ ਮਨੋਰੰਜਨ ਲਈ ਝੂਲਿਆਂ ਤੇ ਖੇਡਾਂ ਦੇ ਪ੍ਰਬੰਧਾਂ ਸਮੇਤ ਕਰਾਫਟ ਮੇਲੇ ਦੌਰਾਨ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਇਸ ਵਾਰ ਦਾ ਵੀ ਕਰਾਫ਼ਟ ਮੇਲਾ ਦਰਸ਼ਕਾਂ ਦੀ ਖਿੱਚ ਦਾ ਵੱਡਾ ਕੇਂਦਰ ਬਣੇਗਾ ਤੇ ਇੱਥੇ ਪਟਿਆਲਾ ਦੇ ਨਾਲ ਲੱਗਦੇ ਜ਼ਿਲ੍ਹਿਆਂ ਤੇ ਬਾਹਰੋਂ ਵੀ ਦਰਸ਼ਕ ਪੁੱਜਣਗੇ। ਇਸ ਮੌਕੇ ਐਸ.ਡੀ.ਐਮਜ ਸਮੇਤ ਹੋਰ ਪ੍ਰਸ਼ਾਸ਼ਨਿਕ ਅਧਿਕਾਰੀ ਵੀ ਮੌਜੂਦ ਸਨ।

 

View this post on Instagram