Patiala News: ਚੇਤ ਦੇ ਸਤਵੇਂ ਨਰਾਤੇ ਤਕ ਸ੍ਰੀ ਕਾਲੀ ਦੇਵੀ ਮੰਦਿਰ ‘ਚ ਕਰੀਬ 4 ਲੱਖ ਸ਼ਰਧਾਲੂਆਂ ਵੱਲੋਂ ਦਰਸ਼ਨ
March 25, 2026 - PatialaPolitics
Patiala News: ਚੇਤ ਦੇ ਸਤਵੇਂ ਨਰਾਤੇ ਤਕ ਸ੍ਰੀ ਕਾਲੀ ਦੇਵੀ ਮੰਦਿਰ ‘ਚ ਕਰੀਬ 4 ਲੱਖ ਸ਼ਰਧਾਲੂਆਂ ਵੱਲੋਂ ਦਰਸ਼ਨ

-ਮੰਦਿਰ ਦਰਸ਼ਨ ਲਈ ਲਾਇਨਾਂ, ਧਾਰਮਿਕ ਭਜਨ, ਹਵਨ, ਸੁਰੱਖਿਆ, ਲੰਗਰ ਵੀਲ੍ਹ ਚੇਅਰ, ਹੈਲਪ ਡੈਸਕ, ਸਾਫ਼-ਸਫ਼ਾਈ ਸਮੇਤ ਹੋਰ ਸਾਰੇ ਪ੍ਰਬੰਧ ਪੁਖ਼ਤਾ
-ਮੰਦਿਰ ‘ਚ ਸ਼ੁਭ ਨਵਰਾਤਰੇ ਸੈਲਫ਼ੀ ਪੁਆਇੰਟ ਸ਼ਰਧਾਲੂਆਂ ਲਈ ਖਿੱਚ ਦਾ ਕੇਂਦਰ ਬਣਿਆ
-ਐਡਵਾਇਜਰੀ ਮੈਨੇਜਿੰਗ ਕਮੇਟੀ ਵੱਲੋਂ ਕੀਤੇ ਵਿਆਪਕ ਪ੍ਰਬੰਧਾਂ ਦੀ ਸ਼ਰਧਾਲੂਆਂ ਨੇ ਕੀਤੀ ਸ਼ਲਾਘਾ
ਪਟਿਆਲਾ, 25 ਮਾਰਚ :
ਪਟਿਆਲਾ ਦੇ ਇਤਿਹਾਸਕ ਤੇ ਪੁਰਾਤਨ ਸ੍ਰੀ ਕਾਲੀ ਦੇਵੀ ਮੰਦਿਰ ਵਿਖੇ ਚੱਲ ਰਹੇ ਚੇਤ ਦੇ ਨਵਰਾਤਰਿਆਂ ਦੌਰਾਨ ਸਤਵੇਂ ਨਰਾਤੇ ਤੱਕ ਕਰੀਬ ਚਾਰ ਲੱਖ ਸ਼ਰਧਾਲੂਆਂ ਨੇ ਮਾਤਾ ਰਾਣੀ ਦੇ ਦਰਸ਼ਨ ਕੀਤੇ ਹਨ। ਸਤਵੇਂ ਨਰਾਤੇ ਮੌਕੇ ਸ਼ਰਧਾਲੂ ਪੁੱਜੇ ਤੇ ਸ਼ਰਧਾ ਨਾਲ ਮੰਦਿਰ ਵਿਖੇ ਨਤਮਸਤਕ ਹੋਏ। ਮੰਦਿਰ ਵਿਖੇ ਵੱਡੀ ਗਿਣਤੀ ਵਿਚ ਪੁੱਜ ਰਹੇ ਸ਼ਰਧਾਲੂਆਂ ਦੀ ਸਹੂਲਤ ਲਈ ਮੰਦਿਰ ਦੀ ਐਡਵਾਇਜਰੀ ਮੈਨੇਜਿੰਗ ਕਮੇਟੀ ਵੱਲੋਂ ਵਿਆਪਕ ਪ੍ਰਬੰਧ ਕੀਤੇ ਗਏ ਹਨ, ਇਨ੍ਹਾਂ ਪ੍ਰਬੰਧਾਂ ਦੀ ਸ਼ਰਧਾਲੂਆਂ ਵੱਲੋਂ ਭਰਵੀਂ ਸ਼ਲਾਘਾ ਕੀਤੀ ਜਾ ਰਹੀ ਹੈ। ਸ਼ਰਧਾਲੂਆਂ ਨੇ ਦਸਿਆ ਕਿ ਮੰਦਿਰ ‘ ਚ ਤਿੰਨ ਸਮੇਂ ਦਾ ਲੰਗਰ ਵਰਤਾਇਆ ਜਾਂਦਾ ਹੈ।
ਆਪਣੇ ਪਰਿਵਾਰ ਸਮੇਤ ਮੰਦਿਰ ਪੁੱਜੇ ਸ਼ਰਧਾਲੂਆਂ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਮੰਦਿਰ ਆ ਰਹੇ ਹਨ ਪਰੰਤੂ ਇਸ ਵਾਰ ਦੇ ਪ੍ਰਬੰਧਾਂ ਦੀ ਸਚਮੁੱਚ ਸ਼ਲਾਘਾ ਕਰਨੀ ਬਣਦੀ ਹੈ। ਉਨ੍ਹਾਂ ਕਿਹਾ ਕਿ ਸੇਵਾਦਾਰ ਤੇ ਸੁਰੱਖਿਆ ਮੁਲਾਜਮ ਸ਼ਰਧਾਲੂਆਂ ਨੂੰ ਪੂਰਾ ਗਾਇਡ ਕੀਤਾ ਜਾਂਦਾ ਹੈ।ਓਹਨਾ ਦਸਿਆ ਕਿ ਦਿਵਿਆਂਗ ਹੋਣ ਕਰਕੇ ਕਈ ਵਿਅਕਤੀ ਚੱਲ ਨਹੀਂ ਸਕਦੇ ਤੇ ਉਨ੍ਹਾਂ ਲਈ ਸੇਵਾਦਾਰਾਂ ਨੇ ਤੁਰੰਤ ਵੀਲ੍ਹਚੇਅਰ ਦਾ ਪ੍ਰਬੰਧ ਕਰਕੇ ਉਨ੍ਹਾਂ ਨੂੰ ਮਾਤਾ ਦੇ ਦਰਸ਼ਨ ਕਰਵਾਏ।
ਇਸੇ ਦੌਰਾਨ ਸਲਾਹਕਾਰੀ ਮੈਨੇਜਿੰਗ ਕਮੇਟੀ ਦੇ ਮੈਂਬਰ ਸੀ.ਏ. ਅਜੇ ਅਲੀਪੁਰੀਆ, ਸੰਜੇ ਸਿੰਗਲਾ ਤੇ ਡਾ. ਰਾਜਨ ਗੁਪਤਾ ਨੇ ਦੱਸਿਆ ਕਿ ਮੰਦਿਰ ‘ਚ ਸ਼ਰਧਾਲੂਆਂ ਵੱਲੋਂ ਦਰਸ਼ਨ ਕਰਨ ਲਈ ਲਾਇਨਾਂ, ਧਾਰਮਿਕ ਭਜਨ, ਹਵਨ, ਸੁਰੱਖਿਆ, ਲੰਗਰ, ਵੀਲ੍ਹ ਚੇਅਰ, 2 ਹੈਲਪ ਡੈਸਕ, ਸਾਫ਼-ਸਫ਼ਾਈ, ਸ਼ਰਧਾਲੂਆਂ ਲਈ ਲੋੜੀਂਦੀ ਜਾਣਕਾਰੀ ਦੀ ਅਨਾਊਂਸਮੈਂਟ, ਮੈਡੀਕਲ ਟੀਮ, ਲੋੜਵੰਦ ਸ਼ਰਧਾਲੂਆਂ ਲਈ ਵੀਲ੍ਹਚੇਅਰ ਦੇ ਵੀ ਪ੍ਰਬੰਧ ਹਨ।ਓਹਨਾ ਦਸਿਆ ਕਿ ਮੰਦਿਰ ‘ ਚ ਸੇਵਾਦਾਰ ਤੋਂ ਬਿਨ੍ਹਾਂ ਮੰਦਿਰ ਦੀ ਬਾਹਰੀ ਸੁਰੱਖਿਆ ਲਈ ਪਟਿਆਲਾ ਪੁਲਿਸ ਤੇ ਸੀ.ਆਰ.ਪੀ.ਐਫ਼ ਦੇ ਜਵਾਨ ਵੀ ਤਾਇਨਾਤ ਹਨ ਤੇ ਮੰਦਿਰ ਦੇ ਹਰ ਕੋਨੇ ‘ਚ ਪੁਰਸ਼ ਤੇ ਮਹਿਲਾ ਪੁਲਿਸ ਮੁਲਾਜਮਾਂ ਦੀ ਵਿਸ਼ੇਸ਼ ਤਾਇਨਾਤੀ ਕੀਤੀ ਗਈ ਹੈ।
