Patiala Mayor speak out after serious allegations

July 31, 2021 - PatialaPolitics

Patiala Mayor Sanjeev Sharma Bittu speak out after serious allegations against him.

Day after Patiala MC Krishan Chand Budhu’s letter goes viral in which Patiala Mayor blamed for deep Corruption and many other allegations,today AAP state secretary Gagandeep Chadha made serious allegations against Mayor’s working and involvement in illegal business in Patiala.

What Mayor Says :

ਆਮ ਆਦਮੀ ਪਾਰਟੀ ਸਿਆਸਤ ਚਮਕਾਉਣ ਲਈ ਹਵਾ ਵਿੱਚ ਚਲਾ ਰਹੀ ਤੀਰ
-ਗਲਤ ਬਿਆਨਬਾਜੀ ਕਰਕੇ ਬਦਨਾਮ ਕਰਨ ਵਾਲਿਆਂ ਖਿਲਾਫ ਮਾਨਹਾਨੀ ਅਧੀਨ ਕੀਤੀ ਜਾਵੇਗੀ ਕਾਰਵਾਈ

ਜਾਣਕਾਰੀ ਦੀ ਅਣਹੋਂਦ ਵਿੱਚ, ‘ਆਪ’ ਵਰਕਰ ਵੱਲੋਂ ਝੂਠੇ ਬਿਆਨ ਦੇ ਕੇ ਰਾਜਨੀਤਕ ਪਛਾਣ ਬਣਾਉਣ ਦੀ ਕੋਸ਼ਿਸ਼ ਕਰਦਿਆਂ ਲਾਏ ਦੋਸ਼ ਪੂਰੀ ਤਰਾਂ ਬੇਬੁਨਿਆਦ ਹਨ। ਮੇਅਰ ਦਫਤਰ ਨੇ ਆਮ ਆਦਮੀ ਪਾਰਟੀ ਦੇ ਗਗਨਦੀਪ ਚੱਡਾ ਦੇ ਇਲਜ਼ਾਮਾਂ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਹੈ ਕਿ ਸੁਲਰ ਡਰੇਨ ਬਾਰੇ ਲਗਾਏ ਗਏ ਦੋਸ਼ ਪੂਰੀ ਤਰ੍ਹਾਂ ਗਲਤ ਹਨ, ਕਿਉਂਕਿ ਇਹ ਡਰੇਨ ਡਰੇਨੇਜ ਵਿਭਾਗ ਵੱਲੋਂ ਤਿਆਰ ਕੀਤੀ ਗਈ ਹੈ ਅਤੇ ਇਸ ਵਿੱਚ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਨਿਗਮ ਦੀ ਕੋਈ ਭੂਮਿਕਾ ਨਹੀਂ ਹੈ। ਇਸੇ ਤਰ੍ਹਾਂ ਰਾਜਿੰਦਰਾ ਝੀਲ ਨੂੰ ਤਿਆਰ ਕਰਨ ਦਾ ਕੰਮ ਲੋਕ ਨਿਰਮਾਣ ਵਿਭਾਗ ਅਤੇ ਨਹਿਰੀ ਵਿਭਾਗ ਵੱਲੋਂ ਕੀਤਾ ਗਿਆ ਸੀ, ਜਿਸ ਵਿੱਚ ਨਿਗਮ ਜਾਂ ਮੇਅਰ ਦੀ ਕੋਈ ਭੂਮਿਕਾ ਨਹੀਂ ਸੀ।
ਪਿਛਲੇ ਚਾਰ ਸਾਲਾਂ ਵਿੱਚ ਸ਼ਹਿਰ ਲਈ ਬੇਹਦ ਜਰੂਰੀ ਕੰਮ ਕਰਨ ਦੀ ਹਿੰਮਤ ਕਾਂਗਰਸ ਪਾਰਟੀ ਨੇ ਦਿਖਾਈ ਹੈ। ਜਦੋਂ ਕਿ ਗੱਠਜੋੜ ਸਰਕਾਰ ਦੇ ਸਮੇਂ ਦੌਰਾਨ ਕਿਸੇ ਨੇ ਇਹਨਾਂ ਜਰੂਰੀ ਕੰਮਾ ਨੂੰ ਕਰਨ ਦੀ ਹਿੰਮਤ ਨਹੀਂ ਦਿਖਾਈ। ਜੈਕਬ ਡਰੇਨ ਦਾ ਨਵੀਨੀਕਰਨ, ਪੈਰੀਫੇਰੀ ਡਰੇਨ ‘ਤੇ ਸਲੈਬ ਵਿਛਾਉਣਾ, ਪੂਰਬੀ ਡਰੇਨ ਵਿੱਚ ਪਾਈਪ ਪਾ ਕੇ ਸ਼ਹਿਰ ਨੂੰ ਚੌੜੀ ਸੜਕ ਦੇਣਾ, ਡੰਪਿੰਗ ਗਰਾਂਡ ਤੇ ਵੇਸਟ ਨੂੰ ਖਤਮ ਕਰਨਾ, ਐਮ.ਆਰ.ਐਫ ਸੈਂਟਰ ਸਥਾਪਤ ਕਰਨਾ, ਸੈਮੀ ਅੰਡਰ ਗਰਾਉਂਡ ਬਿਨ ਲਗਾਉਣਾ, ਸ਼ਹਿਰ ਵਿੱਚ ਹਰਿਆਲੀ ਸੜਕਾਂ ਦੀ ਚੌੜਾਈ ਵਧਾਉਣ ਲਈ ਨਾਲਿਆਂ ਵਿੱਚ ਪਾਈਪਲਾਈਨ ਵਿਛਾਉਣਾ, ਪਾਰਕਾਂ ਦਾ ਨਵੀਨੀਕਰਨ ਕਰਨਾ ਅਤੇ ਖੁੱਲੇ ਜਿਮ ਸਥਾਪਤ ਕਰਨਾ, ਵਿਕਰੇਤਾ ਨੀਤੀ ਦੇ ਤਹਿਤ ਨਵੀਂ ਰੇਹੜੀ ਮਾਰਕੀਟ ਬਣਾਉਣਾ, ਡੇਅਰੀਆਂ ਤੋਂ ਸ਼ਹਿਰ ਨੂੰ ਆਜ਼ਾਦ ਕਰਵਾ ਕੇ ਪਿੰਡ ਅਬਲੋਵਾਲ ਵਿੱਚ ਕਰੋੜਾਂ ਦੀ ਲਾਗਤ ਵਾਲੇ ਡੇਅਰੀ ਪ੍ਰੋਜੈਕਟ ਸਥਾਪਤ ਕਰਨ ਵਰਗੇ ਕੰਮ ਕਾਂਗਰਸ ਦੇ ਦੌਰ ਵਿੱਚ ਹੀ ਸੰਭਵ ਹੋ ਸਕੇ ਹਨ। ਮੇਅਰ ਦਫਤਰ ਦੇ ਅਨੁਸਾਰ, ਸਾਰੀਆਂ ਵਿਰੋਧੀ ਪਾਰਟੀਆਂ ਜਾਂ ਉਨ੍ਹਾਂ ਦੇ ਨੇਤਾ ਜੋ ਬੇਬੁਨਿਆਦ ਦੋਸ਼ ਲਗਾ ਰਹੇ ਹਨ, ਦਾ ਸਮਾਂ ਆਉਣ ਤੇ ਸ਼ਹਿਰ ਵਿੱਚ ਵਿਕਾਸ ਦੇ ਅਧਾਰ ਤੇ ਜਵਾਬ ਦਿੱਤਾ ਜਾਵੇਗਾ।

What AAP says:

ਮੋਤੀ ਮਹਿਲ ਦੇ ਇਸ਼ਾਰੇ ਤੇ ਮੇਅਰ ਪਟਿਆਲਾ ਕਰ ਰਿਹਾ ਵੱਡੇ ਪੱਧਰ ਤੇ ਭਰਿਸ਼ਟਾਚਾਰ – ਗਗਨ ਚੱਢਾ

ਕਾਂਗਰਸੀ ਕੌਂਸਲਰ ਕਿਸ਼ਨ ਚੰਦ ਬੁੱਧੂ ਨੇ ਜਿਹੜੀ ਗੁਗਲੀ ਬਾਲ ਨਵਜੋਤ ਸਿੰਘ ਸਿੱਧੂ ਵੱਲ ਸੁਟੀ ਹੈ, ਦੇਖਣ ਵਾਲੀ ਗਲ ਹੈ, ਓਹ ਉਸ ਤੇ ਹੁਣ ਕਿੰਨੇ ਚੌਕੇ ਛੱਕੇ ਮਾਰਦਾ – ਗਗਨ ਚੱਢਾ

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਪਟਿਆਲਾ ਸ਼ਹਿਰ ਦਾ ਮੇਅਰ ਸੰਜੀਵ ਸ਼ਰਮਾ ਬਿੱਟੂ ਮੋਤੀ ਮਹਿਲ ਦੇ ਇਸ਼ਾਰੇ ਉਪਰ ਵੱਡੇ ਪੱਧਰ ਤੇ ਭਰਿਸ਼ਟਾਚਾਰ ਕਰ ਰਿਹਾ ਹੈ। ਇਹ ਗੰਭੀਰ ਇਲਜ਼ਾਮ ਆਮ ਆਦਮੀ ਪਾਰਟੀ ਜਿਲ੍ਹਾ ਪਟਿਆਲਾ ਸ਼ਹਿਰੀ ਵੱਲੋਂ ਅੱਜ ਸਥਾਨਕ ਹੋਟਲ ਵਿੱਚ ਕੀਤੀ ਗਈ ਹੈ ਪ੍ਰੈਸ ਕਾਨਫਰੰਸ ਵਿੱਚ ਪਾਰਟੀ ਦੇ ਸੂਬਾ ਸਕੱਤਰ ਗਗਨਦੀਪ ਸਿੰਘ ਚੱਢਾ ਵਲੋਂ ਲਗਾਏ ਗਏ। ਜਿਲ੍ਹਾ ਪ੍ਰਧਾਨ ਸ਼ਹਿਰੀ ਤੇਜਿੰਦਰ ਮਹਿਤਾ ਵੀ ਉਹਨਾਂ ਦੇ ਨਾਲ ਸਨ।

ਪ੍ਰੈਸ ਨਾਲ ਗੱਲਬਾਤ ਕਰਦਿਆਂ ਗਗਨਦੀਪ ਸਿੰਘ ਚੱਢਾ ਨੇ ਦੱਸਿਆ ਕਿ ਕਲ ਪੰਜਾਬ ਦੀ ਸੱਤਾਧਾਰੀ ਕਾਂਗਰਸ ਪਾਰਟੀ ਦੇ ਪਟਿਆਲਾ ਤੋਂ ਪੁਰਾਣੇ ਸੀਨੀਅਰ ਆਗੂ ਅਤੇ 1992 ਤੋਂ ਲਗਾਤਾਰ ਚਲੇ ਆ ਰਹੇ ਮੋਜੂਦਾ ਕੋਂਸਲਰ ਅਤੇ ਪਨਸਪ ਦੇ ਵਾਈਸ ਚੇਅਰਮੈਨ ਕਿਸ਼ਨ ਚੰਦ ਬੁੱਧੂ ਵਲੋਂ ਮੇਅਰ ਨਗਰ ਨਿਗਮ ਪਟਿਆਲਾ ਸੰਜੀਵ ਸ਼ਰਮਾ ਬਿੱਟੂ ਉਪਰ ਗੰਭੀਰ ਭਰਿਸ਼ਟਾਚਾਰ ਦੇ ਇਲਜ਼ਾਮ ਲਗਾਏ ਹਨ, ਅਤੇ ਇਸ ਸਾਰੇ ਭਰਿਸ਼ਟਾਚਾਰ ਦੇ ਖੇਲ ਵਿੱਚ ਮੇਅਰ ਸੰਜੀਵ ਸ਼ਰਮਾ ਬਿੱਟੂ ਨਾਲ ਪਟਿਆਲਾ ਤੋਂ ਲੋਕ ਸਭਾ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਅਤੇ ਉਹਨਾਂ ਦੀ ਪੁੱਤਰੀ ਬੀਬਾ ਜੈਇੰਦਰ ਕੌਰ ਦੇ ਸ਼ਾਮਿਲ ਹੋਣ ਦੇ ਇਲਜ਼ਾਮ ਲਗਾਏ ਹਨ। ਉਹਨਾਂ ਨੇ ਕਲ ਜਦੋਂ ਉਹ ਆਪਣੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਚੰਡੀਗੜ੍ਹ ਗਏ ਸਨ, ਉਹਨਾਂ ਨੇ ਕਿਹਾ ਕਿ ਮੇਅਰ ਸੰਜੀਵ ਸ਼ਰਮਾ ਬਿੱਟੂ ਪਟਿਆਲਾ ਨੂੰ ਲੁੱਟ ਕੇ ਖਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਬੁੱਧੂ ਨੇ ਆਪਣੇ ਦਸਤਖਤਾਂ ਰਾਹੀ ਜਾਰੀ ਚਿੱਠੀ ਵਿੱਚ ਦਸਿਆ ਕਿ ਪਟਿਆਲਾ ਨਿਵਾਸੀ ਜਿਸ ਮੇਅਰ ਸੰਜੀਵ ਸ਼ਰਮਾ ਬਿੱਟੂ ਨੂੰ ਪਹਿਲਾਂ ਇਕ ਸਧਾਰਨ ਚੇਤਕ ਸਕੂਟਰ ਤੇ ਘੁੰਮਦਾ ਦੇਖਦੇ ਸਨ। ਹੁਣ ਉਹ ਮੇਅਰ ਬਣਨ ਤੋਂ ਬਾਅਦ ਭਰਿਸ਼ਟਾਚਾਰ ਨਾਲ ਕਰੋੜਾਂ ਰੁਪਏ ਕਮਾ ਕੇ ਲੈਗਜ਼ਰੀ ਗੱਡੀਆਂ ਵਿੱਚ ਘੁੰਮ ਰਿਹਾ ਹੈ। ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਆਪਣਾ ਪੁਰਾਣਾ ਘਰ ਤੋੜਕੇ ਉਸਦੀ ਜਗ੍ਹਾ ਨਵਾਂ ਆਲੀਸ਼ਾਨ ਮਹਿਲ ਬਣਾ ਲਿਆ ਹੈ। ਮੇਅਰ ਸੰਜੀਵ ਸ਼ਰਮਾ ਬਿੱਟੂ ਅਤੇ ਉਸਦੇ ਸਾਥੀ ਸਾਰੇ ਸਮਾਜ ਵਿਰੋਧੀ ਕੰਮ ਜਿਵੇਂ ਜੂਆ, ਸੱਟਾ, ਨਜਾਇਜ਼ ਸ਼ਰਾਬ ਅਤੇ ਹੋਰ ਨਸ਼ੀਲੀਆਂ ਚੀਜ਼ਾਂ ਵੇਚਣ ਵਿੱਚ ਲਗੇ ਹੋਏ ਹਨ। (ਜਿਸਦਾ ਸੂਬਤ ਅੱਜ ਸਾਬਿਤ ਹੋ ਰਿਹਾ ਜੋ ਪਿਛਲੇ ਸਮੇਂ ਬਨੂੜ ਕੋਲ ਇਕ ਕੋਠੀ ਵਿੱਚ ਪੰਜਾਬ ਪੁਲਿਸ ਵਲੋਂ ਕੀਤੀ ਗਈ ਇਕ ਰੇਡ ਦੌਰਾਨ ਮੇਅਰ ਦੇ ਨਜ਼ਦੀਕੀਆਂ ਦੀ ਗ੍ਰਿਫਤਾਰੀ ਵੀ ਕੀਤੀ ਗਈ ਸੀ। ਜਿਸਦਾ ਕੇਸ ਹਾਲੇ ਚਲ ਰਿਹਾ ਹੈ)
ਮੇਅਰ ਸੰਜੀਵ ਸ਼ਰਮਾ ਬਿੱਟੂ ਦੇ ਮੇਅਰ ਬਣਨ ਤੋਂ ਬਾਅਦ ਪਟਿਆਲਾ ਸ਼ਹਿਰ ਵਿਚ ਨਜਾਇਜ਼ ਕਾਲੋਨੀਆਂ ਅਤੇ ਨਜਾਇਜ਼ ਕਬਜ਼ਿਆਂ ਅਤੇ ਨਜਾਇਜ਼ ਬਿਲਡਿੰਗਾਂ ਬਣਾਉਣ ਦਾ ਹੜ ਆ ਗਿਆ ਹੈ। ਮੇਅਰ ਸੰਜੀਵ ਸ਼ਰਮਾ ਬਿੱਟੂ ਦੇ ਮੇਅਰ ਬਣਨ ਤੋਂ ਬਾਅਦ ਪਟਿਆਲਾ ਦੇ ਸਧਾਰਨ ਨਾਗਰਿਕ ਦੀ ਨਗਰ ਨਿਗਮ ਪਟਿਆਲਾ ਵਿਖੇ ਕੋਈ ਪੁੱਛ ਨਹੀਂ ਹੁੰਦੀ ਹੈ। ਹਰ ਕੰਮ ਪੈਸੇ ਦੇ ਕੇ ਕਰਵਾਉਣਾ ਪੈਂਦਾ ਹੈ। ਜਦਕਿ ਅਮੀਰ ਲੋਕ ਆਪਣੇ ਨਜਾਇਜ਼ ਕੰਮ ਮੇਅਰ ਨੂੰ ਪੈਸੇ ਦੇ ਕੇ ਕਰਵਾ ਲੈਂਦੇ ਹਨ। ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਸਾਡੇ ਬਾਗਾਂ ਦੇ ਸ਼ਹਿਰ ਪਟਿਆਲਾ ਨੂੰ ਆਪਣੀਆਂ ਘਟੀਆ ਤੇ ਨਕਾਰਾ ਟਾਇਲਾਂ ਲਗਾਕੇ ਟਾਇਲਾਂ ਦਾ ਸ਼ਹਿਰ ਬਣਾਕੇ ਰੱਖ ਦਿੱਤਾ ਹੈ। ਆਖਿਰ ਵਿੱਚ ਇਕ ਖਾਸ ਗਲ ਉਹਨਾਂ ਵਲੋਂ ਬੋਲੀ ਗਈ ਕਿ ਜੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਏਜੰਸੀ ਰਾਹੀਂ ਇਹਨਾਂ ਸਾਰੀਆਂ ਗੱਲਾਂ ਦੀ ਜਾਂਚ ਕਰਵਾਉਣ ਤਾਂ ਮੈਂ ਆਪਣੇ ਸਾਰੇ ਲਗਾਏ ਹੋਏ ਇਲਜ਼ਾਮਾਂ ਨੂੰ ਸਬੂਤ ਪੇਸ਼ ਕਰਕੇ ਸੱਚ ਸਾਬਿਤ ਕਰਾਂਗਾ। ਬੁੱਧੂ ਨੇ ਇਹ ਵੀ ਕਿਹਾ ਕਿ ਉਹ ਜਲਦ ਹੀ ਇਕ ਪ੍ਰੈਸ ਕਾਨਫਰੰਸ ਕਰਕੇ ਮੇਅਰ ਦੇ ਹੋਰ ਕਾਲੇ ਕਾਰਨਾਮਿਆਂ ਨੂੰ ਪਟਿਆਲਾ ਦੀ ਜਨਤਾ ਦੇ ਸਾਹਮਣੇ ਉਜਾਗਰ ਕਰਨਗੇ।

ਗਗਨਦੀਪ ਸਿੰਘ ਚੱਢਾ ਨੇ ਕਿਹਾ ਆਮ ਆਦਮੀ ਪਾਰਟੀ ਤਾਂ ਕਾਫੀ ਲੰਮੇ ਸਮੇਂ ਤੋਂ ਕਹਿੰਦੀ ਆ ਰਹੀ ਹੈ ਕਿ ਪਟਿਆਲਾ ਸ਼ਹਿਰ ਵਿੱਚ ਚਲ ਰਹੇ ਵਿਕਾਸ ਦੇ ਕੰਮਾਂ ਵਿੱਚ ਵੱਡੇ ਪੈਮਾਨੇ ਤੇ ਭਰਿਸ਼ਟਾਚਾਰ ਚਲ ਰਿਹਾ ਹੈ। ਹਰ ਕੰਮ ਵਿੱਚ ਕਮਿਸ਼ਨ ਚਲ ਰਹੀ ਹੈ। ਹਰ ਕੰਮ ਵਿੱਚ ਘਟੀਆ ਮਟੀਰੀਅਲ ਵਰਤਿਆ ਜਾ ਰਿਹਾ ਹੈ। ਜਿਸਦਾ ਸਬੂਤ ਤੁਸੀਂ ਦੋ ਦਿਨ ਪਹਿਲਾਂ ਹੋਈ ਬਰਸਾਤ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਹਿਲ ਦੇ ਨੇੜੇ ਲੰਘ ਰਹੀ ਸੂਲਰ ਡਰੇਨ ਜੋ ਸਾਢੇ ਪੰਜ ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਗਈ ਸੀ। ਡਰੇਨ ਦੀਆਂ ਦੀਵਾਰਾਂ ਤਾਸ਼ ਦੇ ਪੱਤੇ ਦੀ ਤਰਾਂ ਢਹਿ ਢੇਰੀ ਹੋ ਗਈਆਂ ਹਨ। ਜਿਨਾਂ ਨੂੰ ਹੁਣ ਫੇਰ ਰਿਪੇਅਰ ਕੀਤਾ ਗਿਆ। ਰਾਜਿੰਦਰਾ ਝੀਲ ਦੇ ਕੰਮ ਵਿੱਚ ਕੀਤਾ ਗਿਆ, ਝੀਲ ਵਿੱਚੋਂ ਦਰੱਖਤ ਕੱਟ ਕੇ ਅਤੇ ਸੈਂਕੜੇ ਦੀ ਤਦਾਦ ਵਿੱਚ ਟਰਾਲੀਆਂ ਭਰਕੇ ਮਿੱਟੀ ਕੱਢਕੇ ਵੇਚੀ ਗਈ ਸੀ, ਸਾਡੀ ਪਾਰਟੀ ਵਲੋਂ ਆਵਾਜ਼ ਉਠਾਈ ਗਈ ਸੀ, ਪਰ ਕੋਈ ਸੁਣਵਾਈ ਨਹੀਂ ਹੋਈ ਸੀ।

ਗਗਨਦੀਪ ਚੱਢਾ ਨੇ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਹਮਲਾ ਬੋਲਦਿਆਂ ਕਿਹਾ ਕਾਂਗਰਸੀ ਕੌਂਸਲਰ ਕਿਸ਼ਨ ਚੰਦ ਬੁੱਧੂ ਨੇ ਜਿਹੜੀ ਗੁਗਲੀ ਬਾਲ ਨਵਜੋਤ ਸਿੰਘ ਸਿੱਧੂ ਵੱਲ ਸੁਟੀ ਹੈ, ਦੇਖਣ ਵਾਲੀ ਗਲ ਹੈ, ਓਹ ਉਸ ਤੇ ਹੁਣ ਕਿੰਨੇ ਚੌਕੇ ਛੱਕੇ ਮਾਰਦੇ ਹਨ, ਕਿ ਉਹ ਆਪਣੀ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕਰਕੇ ਇਸ ਸਾਰੇ ਮਸਲੇ ਵਿੱਚ ਮੇਅਰ ਪਟਿਆਲਾ ਨੂੰ ਬਰਖਾਸਤ ਕਰਕੇ ਪੂਰੇ ਮਾਮਲੇ ਦੀ ਜਾਂਚ ਕਰਵਾਉਣ ਨੂੰ ਕਹਿਣਗੇ, ਜਿਸ ਵਿੱਚ ਉਹਨਾਂ ਦੇ ਆਪਣੇ ਪਰਿਵਾਰਿਕ ਮੈਂਬਰਾਂ ਉਹਨਾਂ ਦੀ ਧਰਮਪਤਨੀ ਪਟਿਆਲਾ ਤੋਂ ਲੋਕਸਭਾ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਅਤੇ ਉਹਨਾਂ ਦੀ ਪੁੱਤਰੀ ਬੀਬਾ ਜੈਇੰਦਰ ਕੌਰ ਦੇ ਨਾਮ ਆ ਰਹੇ ਹਨ। ਇਸ ਮੌਕੇ ਉਹਨਾਂ ਨੇ ਮੇਅਰ ਸੰਜੀਵ ਸ਼ਰਮਾ ਬਿੱਟੂ ਨਾਲ ਉਹਨਾਂ ਦੇ ਨੇੜਲੇ ਪਟਿਆਲਾ ਸ਼ਹਿਰ ਦੇ ਕਾਂਗਰਸੀ ਲੀਡਰਾਂ ਦੀਆਂ ਫੋਟੋਆਂ ਵੀ ਦਿਖਾਈਆਂ ਜੋ ਕਿ ਪਿਛਲੇ ਸਮੇਂ ਕੋਵਿਡ ਦੇ ਦੌਰਾਨ ਬਨੂੜ ਵਿੱਚ ਇਕ ਕੋਠੀ ਤੇ ਪੰਜਾਬ ਪੁਲਿਸ ਵਲੋਂ ਰੇਡ ਮਾਰਕੇ ਪਕੜੇ ਗਏ ਸਨ। ਜਿਨ੍ਹਾਂ ਨੇ ਇਲਜ਼ਾਮ ਹਨ ਕਿ ਉਹ ਉਸ ਕੋਠੀ ਵਿੱਚ ਜੂਆ, ਸੱਟਾ, ਨਸ਼ਿਆਂ ਅਤੇ ਜਿਸਮਫਰੋਸ਼ੀ ਦਾ ਧੰਦਾ ਚਲਾਉਂਦੇ ਸਨ।

ਗਗਨਦੀਪ ਸਿੰਘ ਚੱਢਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਮੰਗ ਕਰਦੀ ਹੈ ਹੁਣ ਤਾਂ ਕਾਂਗਰਸ ਪਾਰਟੀ ਦੇ ਕੌਂਸਲਰ ਵਲੋਂ ਹੀ ਮੇਅਰ ਤੇ ਭਰਿਸ਼ਟਾਚਾਰ ਦੇ ਇਲਜ਼ਾਮ ਲਗਾਏ ਗਏ ਹਨ। ਇਸ ਕਰਕੇ ਇਸ ਮੇਅਰ ਪਟਿਆਲਾ ਨੂੰ ਤੁਰੰਤ ਪ੍ਰਭਾਵ ਨਾਲ ਅਸਤੀਫਾ ਦੇਣਾ ਚਾਹੀਦਾ ਹੈ। ਨਹੀਂ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਮੇਅਰ ਪਟਿਆਲਾ ਨੂੰ ਕੁਰਸੀ ਤੋਂ ਹਟਾਕੇ ਇਸ ਸਾਰੇ ਮਾਮਲੇ ਜਾਂਚ ਕਰਵਾਉਣੀ ਚਾਹੀਦੀ ਹੈ। ਨਾਲ ਹੀ ਖਾਸ ਗਲ ਜੋ ਕੌਂਸਲਰ ਕਿਸ਼ਨ ਚੰਦ ਬੁੱਧੂ ਨੇ ਇਸ ਸਾਰੇ ਭਰਿਸ਼ਟਾਚਾਰ ਦੇ ਖੇਲ ਵਿੱਚ ਮੇਅਰ ਨਾਲ ਪਟਿਆਲਾ ਤੋਂ ਲੋਕ ਸਭਾ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਅਤੇ ਉਹਨਾਂ ਦੀ ਪੁੱਤਰੀ ਬੀਬਾ ਜੈਇੰਦਰ ਕੌਰ ਦੇ ਸ਼ਾਮਿਲ ਹੋਣ ਦੇ ਇਲਜ਼ਾਮ ਲਗਾਏ ਹਨ। ਉਸ ਵਿੱਚ ਮਹਾਰਾਣੀ ਪ੍ਰਨੀਤ ਕੌਰ ਨੂੰ ਪ੍ਰੈਸ ਦੇ ਸਾਹਮਣੇ ਆ ਕੇ ਇਸ ਸਾਰੇ ਮਾਮਲੇ ਵਿੱਚ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਕਿ ਇਹ ਸਭ ਕੁਝ ਕੀ ਚਲ ਰਿਹਾ ਹੈ, ਨਹੀਂ ਤਾਂ ਆਮ ਆਦਮੀ ਪਾਰਟੀ ਇਸ ਸਾਰੇ ਮਾਮਲੇ ਵਿੱਚ ਚੁੱਪ ਕਰਕੇ ਨਹੀਂ ਬੈਠੇਗੀ ਤੇ ਮੋਤੀ ਮਹਿਲ ਅਤੇ ਮੇਅਰ ਖਿਲਾਫ ਸੜਕਾਂ ਤੇ ਉਤਰ ਕੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।

ਇਸ ਮੌਕੇ ਜਿਲ੍ਹਾ ਪਟਿਆਲਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਪਾਰਟੀ ਆਗੂ ਕੁੰਦਨ ਗੋਗੀਆ, ਜੇ ਪੀ ਸਿੰਘ, ਪ੍ਰੋ: ਸੁਮੇਰ ਸਿੰਘ, ਰਸ਼ਪਿੰਦਰ ਜੇਜੀ, ਨਵਤੇਜ ਪ੍ਰਿੰਸ, ਸੰਦੀਪ ਬੰਧੂ, ਹਨੀ ਮਹਾਲਾ, ਰਾਜ ਕੁਮਾਰ, ਐਡਵੋਕੇਟ ਜਤਿੰਦਰ ਆਦਿ ਹਾਜ਼ਰ ਸਨ।

What Krishan Chand Budhu Says:

ਵਾਇਸ ਚੇਅਰਮੈਨ ਅਤੇ ਮਿਊਂਸਪਲ ਕੌਂਸਲਰ ਕ੍ਰਿਸ਼ਨ ਚੰਦ ਬੁੱਧੂ ਨੇ ਇਕ ਬਿਆਨ ਵਿੱਚ ਦੱਸਿਆ ਕਿ ਸ੍ਰ. ਨਵਜੋਤ ਸਿੰਘ ਸਿੱਧੂ ਜੀ ਦੇ ਪ੍ਰਧਾਨ ਬਣਨ ਨਾਲ ਟਕਸਾਲੀ ਕਾਂਗਰਸੀਆਂ ਵਿੱਚ ਉਤਸ਼ਾਹ ਦਾ ਮਾਹੌਲ ਹੈ ਅਤੇ ਸਿੱਧੂ ਜੀ ਦੇ ਪ੍ਰਧਾਨ ਬਣਨ ਨਾਲ ਕਾਂਗਰਸ ਵਿੱਚ ਫਾਇਵ ਸਟਾਰ ਕਲਚਰ ਦਾ ਖਾਤਮਾ ਹੋ ਗਿਆ ਹੈ ਅਤੇ ਆਮ ਵਰਕਰ ਦੀ ਸੁਣਵਾਈ ਹੋਣੀ ਸ਼ੁਰੂ ਹੋ ਗਈ ਹੈ। ਜੋ ਟਕਸਾਲੀ ਕਾਂਗਰਸੀ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਜਾਣ ਦੀ ਸੋਚ ਰਹੇ ਸੀ ਉਸਦੀ ਤੁਰੰਤ ਰੋਕ ਲਗ ਗਈ ਹੈ ਅਤੇ ਕਾਂਗਰਸੀ ਵਰਕਰਾਂ ਨੂੰ ਇਨਸਾਫ ਦੀ ਆਸ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਮੈਨੂੰ ਕਾਂਗਰਸ ਪਾਰਟੀ ਵਿੱਚ 56 ਸਾਲ ਹੋ ਗਏ ਹਨ। ਮੈਂ ਸ਼੍ਰੀਮਤੀ ਇੰਦਰਾ ਗਾਂਧੀ, ਗਿਆਨੀ ਜੈਲ ਸਿੰਘ, ਸ੍ਰ. ਦਰਬਾਰਾ ਸਿੰਘ ਜੀ ਅਤੇ ਜ਼ਿਲਾ ਪਟਿਅਲਾ ਦਿਹਾਤੀ ਦੇ ਪ੍ਰਧਾਨ ਸਵਰਗਵਾਸੀ ਸ੍ਰ. ਭਗਵੰਤ ਸਿੰਘ ਜੀ ਦੀ ਅਗਵਾਈ ਵਿੱਚ ਕਾਂਗਰਸ ਵਲੋਂ ਕੀਤੇ ਹਰੇਕ ਸੰਘਰਸ਼ ਵਿੱਚ ਜੇਲਾਂ ਗਿਆ ਹਾਂ ਅਤੇ ਸਾਲ 1992 ਤੋਂ ਅੱਜ ਤੱਕ ਕੌਂਸਲਰ ਜਿੱਤਦਾ ਆ ਰਿਹਾ ਹਾਂ। ਮੋਤੀ ਬਾਗ ਪਟਿਆਲਾ ਵਾਲਿਆਂ ਨੇ ਮੇਰੀ ਦੋ ਵਾਰ ਟਿੱਕਟ ਵੀ ਕਟੀ ਪਰ ਲੋਕਾਂ ਨੇ ਮੈਨੂੰ ਅਸਲੀ ਕਾਂਗਰਸੀ ਮੰਨਦੇ ਹੋਏ ਮੈਨੂੰ ਭਾਰੀ ਵੋਟਾਂ ਨਾਲ ਜਿਤਾਇਆ। ਇਥੋਂ ਤੱਕ ਕਿ ਮੈਂ ਉਸ ਵੇਲੇ ਦੇ ਮੌਜੂਦਾ ਮੇਅਰ ਵਿਸ਼ਨੂੰ ਸ਼ਰਮਾ ਨੂੰ ਹਰਾਇਆ। ਮਹਾਰਾਜਾ ਅਮਰਿੰਦਰ ਸਿੰਘ ਜੀ ਨੇ ਮੈਨੂੰ ਹਮੇਸ਼ਾ ਮਾਣ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਮਿਲਣਾ ਔਖਾ ਹੋਣ ਕਰਕੇ ਮਹਾਰਾਣੀ ਪ੍ਰਨੀਤ ਕੌਰ ਅਤੇ ਬੀਬਾ ਜੈ ਇੰਦਰ ਕੌਰ ਨੇ ਮੇਰੀ ਕਾਂਗਰਸ ਪ੍ਰਤੀ ਦੇਣ ਨੂੰ ਰੋਲ ਦਿੱਤਾ ਅਤੇ ਬਿਨ੍ਹਾਂ ਇਲੈਕਸ਼ਨ ਚੋਣ ਜਿਤੇ ਮਿਊਂਸਪਲ ਕੌਂਸਲਰ ਸੰਜੀਵ ਬਿੱਟੂ ਨੂੰ ਪਟਿਆਲੇ ਸ਼ਹਿਰ ਦੇ ਲੋਕਾਂ ਦੀ ਇੱਛਾ ਦੇ ਉਲਟ ਮੇਅਰ ਥੋਪ ਦਿੱਤਾ। ਜਦੋਂ ਕਿ ਮੇਰੇ ਸੀਨੀਅਰ ਹੋਣ ਕਰਕੇ ਮੇਰਾ ਹੱਕ ਬਣਦਾ ਸੀ। ਮੈਂ ਇਸ ਸਬੰਧੀ ਕਈ ਵਾਰੀ ਮਹਾਰਾਣੀ ਪ੍ਰਨੀਤ ਕੌਰ ਜੀ ਨੂੰ ਦੱਸਿਆ ਪ੍ਰੰਤੂ ਮੇਰੇ ਗਰੀਬ ਹੋਣ ਕਰਕੇ ਮੇਰੀ ਸੁਣਵਾਈ ਨਹੀਂ ਹੋਈ। ਪਟਿਆਲੇ ਵਿੱਚ ਮੇਅਰ ਕਾਂਗਰਸ ਦੀ ਬਦਨਾਮੀ ਦਾ ਮੁੱਖ ਕਾਰਣ ਬਣ ਚੁੱਕਿਆ ਹੈ। ਪਟਿਆਲਾ ਦੇ ਲੋਕ ਮਹਾਰਾਜਾ ਅਮਰਿੰਦਰ ਸਿੰਘ ਜੀ ਨੂੰ ਪਿਆਰ ਕਰਦੇ ਹਨ। ਪਰ ਮੇਅਰ ਅਤੇ ਉਸਦੀ ਜੁੰਡਲੀ ਨੂੰ ਨਫਰਤ ਕਰਦੇ ਹਨ। ਲੋਕਾਂ ਵਿੱਚ ਮੋਤੀ ਬਾਗ ਪੈਲੇਸ ਬਾਰੇ ਘੱਟ ਗੁੱਸਾ ਹੈ ਪ੍ਰੰਤੂ ਇੱਕ ਸਾਧਾਰਨ ਚੇਤਕ ਸਕੂਟਰ ਸਵਾਰ ਮੇਅਰ ਬਣਕੇ ਕਰੋੜਾਂ ਵਿੱਚ ਖੇਡ ਕੇ ਲਗਜ਼ਰੀ ਗੱਡੀਆਂ ਵਿੱਚ ਘੁੰਮਣ ਦਾ ਗੁੱਸਾ ਵਧੇਰੇ ਹੈ। ਮੇਅਰ ਆਪਣਾ ਪੁਰਾਣਾ ਘਰ ਤੋੜ ਕੇ ਆਲੀਸ਼ਾਨ ਮਹਿਲ ਬਣਾ ਰਿਹਾ ਹੈ। ਮੇਅਰ ਦੀ ਜੁੰਡਲੀ ਸਾਰੇ ਸਮਾਜ ਵਿਰੋਧੀ ਕੰਮ ਜੂਆ, ਸੱਟਾ, ਨਜਾਇਜ ਸ਼ਰਾਬ ਤੇ ਹੋਰ ਨਸ਼ੀਲੀਆਂ ਵੇਚ ਰਹੇ ਹਨ ਅਤੇ ਮੇਅਰ ਬਣਨ ਤੋਂ ਬਾਅਦ ਪਟਿਆਲਾ ਸ਼ਹਿਰ ਵਿੱਚ ਨਜਾਇਜ਼ ਕਲੋਨੀਆਂ ਤੇ ਨਜਾਇਜ ਬਿਲਡਿੰਗਾਂ ਦਾ ਹੱੜ ਆ ਗਿਆ ਹੈ। ਪਟਿਆਲੇ ਦੇ ਸਾਧਾਰਨ ਨਾਗਰਿਕ ਦੀ ਨਗਰ ਨਿਗਮ ਵਿੱਚ ਕੋਈ ਪੁੱਛ ਪ੍ਰਤੀਕ ਨਹੀਂ ਹੈ। ਜਦੋਂ ਕਿ ਅਮੀਰ ਲੋਕ ਆਪਣੇ ਨਜਾਇਜ ਕੰਮ ਮੇਅਰ ਤੋਂ ਪੈਸੇ ਦੇ ਕੇ ਕਰਾ ਰਹੇ ਹਨ। ਜੇ ਕੈਪਟਨ ਅਮਰਿੰਦਰ ਸਿੰਘ ਇਸ ਗੱਲ ਦੀ ਪੜਤਾਲ ਕਰਵਾਉਣ ਤਾਂ ਮੈਂ ਆਪਣੇ ਸਾਰੇ ਦੋਸ਼ ਸਾਬਿਤ ਕਰਾਂਗਾ। ਮੈਂ ਮੁੜ ਮੁੱਖ ਮੰਤਰੀ ਜੀ ਨੂੰ ਬੇਨਤੀ ਕਰਦਾ ਹਾਂ ਕਿ ਪਟਿਆਲਾ ਸੀਟ ਉਹਨਾਂ ਦੀ ਅਮਾਨਤ ਹੈ ਪਰ ਮੇਅਰ ਆਪਣੇ ਸਵਾਰਥ ਲਈ ਅਮਾਨਤ ਵਿੱਚ ਖਿਆਨਤ ਕਰਕੇ ਪਟਿਆਲਾ ਸੀਟ ਨੂੰ ਮਹਾਰਾਜਾ ਪਰਿਵਾਰ ਤੋਂ ਲੋਕਾਂ ਨੂੰ ਦੂਰ ਕਰਕੇ ਉਨ੍ਹਾਂ ਦੀ ਸਾਫ ਸਿਆਸਤ ਤੇ ਕਾਲੇ ਧੱਬੇ ਲਾ ਦਿੱਤੇ ਹਨ। ਮੈਂ ਮਹਾਰਾਜਾ ਅਮਰਿੰਦਰ ਸਿੰਘ ਦਾ ਸਭ ਤੋਂ ਪੁਰਾਣਾ ਸਾਥੀ ਤੇ ਟਕਸਾਲੀ ਕਾਂਗਰਸੀ ਹੋਣ ਕਰਕੇ ਉਨ੍ਹਾਂ ਨੂੰ ਅਪੀਲ ਕਰਦਾ ਹਾਂ ਕਿ ਇਸ ਭ੍ਰਿਸ਼ਟਾਚਾਰ ਵਿੱਚ ਲਿਬੜੇ ਹੋਏ ਮੇਅਰ ਨੂੰ ਤੁਰੰਤ ਘਰ ਬਿਠਾਇਆ ਜਾਵੇ ਅਤੇ ਕਿਸੇ ਇਮਾਨਦਾਰ ਤੇ ਲੋਕਾਂ ਦੀ ਪਸੰਦ ਮਿਊਂਸਪਲ ਕੌਂਸਲਰ ਨੂੰ ਮੇਅਰ ਬਣਾਇਆ ਜਾਵੇ ਤਾਂ ਜੋ ਕਿ ਆਉਣ ਵਾਲੀ ਵਿਧਾਨ ਸਭਾ ਦੀ ਚੋਣ ਵਿੱਚ ਮਹਾਰਾਜਾ ਸਾਹਿਬ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰ ਸੱਕਣ ਅੱਜ ਮੈਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰ. ਨਵਜੋਤ ਸਿੰਘ ਸਿੱਧੂ ਜੀ ਨੂੰ ਨਿੱਜੀ ਤੌਰ ਤੇ ਮਿਲਕੇ ਵੀ ਮੇਅਰ ਦੇ ਕਾਲੇ ਕਾਰਨਾਮਿਆਂ ਦੀ ਜਾਣਕਾਰੀ ਦਿੱਤੀ ਹੈ ਕਿ ਮੇਅਰ ਨੇ ਮਹਾਰਾਜਾ ਸਾਹਿਬ ਦੇ ਪੂਰਖਿਆਂ ਵਲੋਂ ਵਸਾਏ “ਬਾਗਾਂ ਦੇ ਸ਼ਹਿਰ ਨੂੰ ਆਪਣੇ ਨਿੱਜੀ ਹਿੱਤਾ ਦੀ ਪੂਰਤੀ ਲਈ ਟਾਇਲਾਂ ਦਾ ਸ਼ਹਿਰ” ਬਣਾ ਦਿੱਤਾ ਹੈ। ਕ੍ਰਿਸ਼ਨ ਚੰਦ ਬੁੱਧੂ ਨੇ ਅੱਜ ਪੰਜਾਬ ਕਾਂਗਰਸ ਭਵਨ ਵਿੱਚ ਉੱਚੀ ਆਵਾਜ ਵਿੱਚ ਨਾਅਰਾ ਬੁਲੰਦ ਕੀਤਾ ਕਿ “ਨੱਕ ਤੇ ਮੱਛਰ ਬਹਿਣ ਨਹੀਂ ਦੇਣਾ, ਕੁਰਪਟ ਮੇਅਰ ਰਹਿਣ ਨਹੀਂ ਦੇਣਾ”।