Heritage Festival Patiala 2018 dates

January 10, 2018 - PatialaPolitics

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ

ਜਾਬ ਸਰਕਾਰ ਕਰੇਗੀ ਵਿਰਾਸਤੀ ਮੇਲਿਆਂ ਨੂੰ ਮੁੜ ਸੁਰਜੀਤ -ਸ਼ਿਵਦੁਲਾਰ ਸਿੰਘ ਢਿੱਲੋਂ

-ਪਟਿਆਲਾ ਵਿਖੇ ਫਰਵਰੀ ‘ਚ ਲੱਗਣਗੇ ਵਿਰਾਸਤੀ ਅਤੇ ਕਰਾਫ਼ਟ ਮੇਲੇ-ਕੁਮਾਰ ਅਮਿਤ

-18 ਤੋਂ 24 ਫਰਵਰੀ ਤੱਕ ਵਿਰਾਸਤੀ ਮੇਲਾ ਅਤੇ 21 ਫਰਵਰੀ ਤੋਂ 5 ਮਾਰਚ ਤੱਕ ਲਗੇਗਾ ਕਰਾਫ਼ਟ ਮੇਲਾ

-ਸੱਭਿਆਚਾਰਕ ਵਿਭਾਗ ਦੇ ਡਾਇਰੈਕਟਰ ਤੇ ਡਿਪਟੀ ਕਮਿਸ਼ਨਰ ਵੱਲੋਂ ਸ਼ੀਸ਼ ਮਹਿਲ ਅਤੇ ਕਿਲਾ ਮੁਬਾਰਕ ਦਾ ਦੌਰਾ

ਪਟਿਆਲਾ, 10 ਜਨਵਰੀ:

”ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਸ਼ੇਸ਼ ਪਹਿਲਕਦਮੀ ‘ਤੇ ਪੰਜਾਬ ਵਿੱਚ ਲਾਏ ਜਾਂਦੇ ਵਿਰਾਸਤੀ ਅਤੇ ਕਰਾਫ਼ਟ ਮੇਲਿਆਂ ਨੂੰ ਮੁੜ ਸੁਰਜੀਤ ਕੀਤਾ ਜਾ ਰਿਹਾ ਹੈ, ਜਿਸ ਤਹਿਤ ਪਟਿਆਲਾ ਵਿਖੇ ਫਰਵਰੀ ‘ਚ ਵਿਰਾਸਤੀ ਤੇ ਕਰਾਫ਼ਟ ਮੇਲੇ ਬੜੇ ਧੂਮਧਾਮ ਨਾਲ ਕਰਵਾਏ ਜਾ ਰਹੇ ਹਨ।” ਇਹ ਪ੍ਰਗਟਾਵਾ ਪੰਜਾਬ ਦੇ ਸੱਭਿਆਚਾਰਕ ਮਾਮਲੇ ਤੇ ਪੁਰਾਤਤਵ ਵਿਭਾਗ ਦੇ ਡਾਇਰੈਕਟਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਕੀਤਾ। ਸ. ਢਿੱਲੋਂ ਅੱਜ ਇਥੇ ਇਨ੍ਹਾਂ ਦੋਵੇਂ ਵੱਡੇ ਅਤੇ ਅਹਿਮ ਮੇਲਿਆਂ ਸਬੰਧੀਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਸੱਭਿਆਚਾਰਕ ਮਾਮਲੇ ਵਿਭਾਗ ਦੀ ਵਧੀਕ ਡਾਇਰੈਕਟਰ ਸ੍ਰੀਮਤੀ ਪ੍ਰਤਿਮਾ ਸ੍ਰੀਵਾਸਤਵਾ ਅਤੇ ਹੋਰ ਅਧਿਕਾਰੀਆਂ ਨਾਲ ਸ਼ੀਸ਼ ਮਹਿਲ, ਐਨ.ਆਈ.ਐਸ., ਕਿਲਾ ਮੁਬਾਰਕ ਅਤੇ ਯਾਦਵਿੰਦਰਾ ਪਬਲਿਕ ਸਕੂਲ ਦੇ ਖੇਡ ਸਟੇਡੀਅਮ ਦਾ ਦੌਰਾ ਕਰਨ ਪੁੱਜੇ ਹੋਏ ਸਨ। 

ਇਸ ਦੌਰਾਨ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਸ. ਢਿੱਲੋਂ ਨੇ ਆਖਿਆ ਕਿ ਪਟਿਆਲਾ ਇਕ ਵਿਰਾਸਤੀ ਸ਼ਹਿਰ ਹੈ, ਜਿਥੇ ਵਿਰਾਸਤੀ ਮੇਲੇ ਲੱਗਦੇ ਰਹੇ ਹਨ ਅਤੇ ਹੁਣ ਇਨ੍ਹਾਂ ਮੇਲਿਆਂ ਨੂੰ ਮੁੜ ਸੁਰਜੀਤ ਕਰਕੇ ਪੰਜਾਬ ਦੀ ਵਿਰਾਸਤ ਅਤੇ ਕਲਾ ਨੂੰ ਸੰਭਾਲਣ ਲਈ ਪੰਜਾਬ ਸਰਕਾਰ ਅਹਿਮ ਉਪਰਾਲੇ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸੇ ਲਈ ਪਟਿਆਲਾ ਵਿਖੇ 18 ਤੋਂ 24 ਫਰਵਰੀ ਤੱਕ ਵਿਰਾਸਤੀ ਮੇਲਾ ਅਤੇ 21 ਫਰਵਰੀ ਤੋਂ 5 ਮਾਰਚ ਤੱਕ ਕਰਾਫ਼ਟ ਮੇਲਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸ਼ੀਸ਼ ਮਹਿਲ ‘ਚ ਕਰਾਫ਼ਟ ਮੇਲੇ ਦੌਰਾਨ ਲੱਗਣ ਵਾਲੀਆਂ ਸਟਾਲਾਂ ਅਤੇ ਮੰਚ ਆਦਿ ਲਈ ਢੁਕਵੀਂ ਥਾਂ ਦੀ ਸਾਫ਼ ਸਫ਼ਾਈ ਕਰਨ ਅਤੇ ਸ਼ੀਸ਼ ਮਹਿਲ ‘ਚ ਜਿਥੇ ਕਿਤੇ ਮੁਰੰਮਤ ਦੀ ਲੋੜ ਹੈ, ਤੁਰੰਤ ਕਰਵਾਉਣ ਸਮੇਤ ਵੱਖ-ਵੱਖ ਰਾਜਾਂ ਤੋਂ ਆਉਣ ਵਾਲੇ ਕਲਾਕਾਰਾਂ ਲਈ ਖਾਣੇ ਤੇ ਰਿਹਾਇਸ਼ ਦੇ ਢੁਕਵੇਂ ਪ੍ਰਬੰਧ ਕਰਨ ਲਈ ਵੀ ਆਖਿਆ ਤਾਂ ਕਿ ਇਨ੍ਹਾਂ ਦੋਵਾਂ ਮੇਲਿਆਂ ਨੂੰ ਬਿਹਤਰ ਢੰਗ ਨਾਲ ਕਰਵਾਇਆ ਜਾ ਸਕੇ।

ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਇਨ੍ਹਾਂ ਦੋਵੇਂ ਵੱਡੇ ਮੇਲਿਆਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਜ਼ਿਲ੍ਹਾ ਪ੍ਰਸ਼ਾਸਨ ਸਮੁੱਚੇ ਪ੍ਰਬੰਧ ਪੂਰੀ ਜਿੰਮੇਵਾਰੀ ਤੇ ਤਨਦੇਹੀ ਨਾਲ ਕਰੇਗਾ। ਉਨ੍ਹਾਂ ਦੱਸਿਆ ਕਿ 18 ਤੋਂ 24 ਫਰਵਰੀ ਤੱਕ ਹੋਣ ਵਾਲੇ ਵਿਰਾਸਤੀ ਮੇਲੇ ‘ਚ ਕਿਲਾ ਮੁਬਾਰਕ, ਐਨ.ਆਈ.ਐਸ. ਅਤੇ ਵਾਈ.ਪੀ.ਐਸ. ਸਟੇਡੀਅਮ ਵਿਖੇ ਦੇਸ਼ ਦੇ ਉਚ ਕੋਟੀ ਦੇ ਫ਼ਨਕਾਰ ਅਤੇ ਕਲਾਕਾਰ ਅਪਣੇ ਫ਼ਨ ਦਾ ਮੁਜ਼ਾਹਰਾ ਕਰਨਗੇ ਅਤੇ ਵਿਰਾਸਤੀ ਸੱਭਿਆਚਾਰ ਨੂੰ ਦਰਸਾਉਣਗੇ। ਜਦੋਂ ਕਿ ਸ਼ੀਸ਼ ਮਹਿਲ ਵਿਖੇ 21 ਫਰਵਰੀ ਤੋਂ 5 ਮਾਰਚ ਤੱਕ ਦੇ ਕਰਾਫ਼ਟ ਮੇਲੇ ‘ਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਉੱਚ ਕੋਟੀ ਦੇ ਦਸਤਕਾਰ ਅਤੇ ਸ਼ਿਲਪੀ ਕਾਰੀਗਰਾਂ ਸਮੇਤ ਕਲਾਕਾਰ ਵੀ ਸ਼ਮੂਲੀਅਤ ਕਰਨਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਮੇਲਿਆਂ ‘ਚ ਪੁੱਜਣ ਵਾਲੇ ਦਰਸ਼ਕਾਂ ਦੇ ਮੰਨੋਰੰਜਨ ਲਈ ਦਿਲਲੁਭਾਊ ਰੰਗਾ ਰੰਗ ਪ੍ਰੋਗਰਾਮ ਸਮੇਤ ਖਰੀਦੋ ਫ਼ਰੋਖ਼ਤ ਲਈ ਉਚ ਪਾਏ ਦਾ ਹੱਥੀਂ ਬਣੇ ਸਾਜੋ-ਸਮਾਨ ਸਮੇਤ ਖਾਣ ਪੀਣ ਦਾ ਸਮਾਨ ਵੀ ਉਪਲਬਧ ਹੋਵੇਗਾ। 

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸ਼ੌਕਤ ਅਹਿਮਦ ਪਰ੍ਹੇ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀਮਤੀ ਪੂਨਮਦੀਪ ਕੌਰ, ਕਮਿਸ਼ਨਰ ਨਗਰ ਨਿਗਮ ਸ. ਗੁਰਪ੍ਰੀਤ ਸਿੰਘ ਖਹਿਰਾ, ਐਸ.ਡੀ.ਐਮ. ਸ. ਅਨਮੋਲ ਸਿੰਘ ਧਾਲੀਵਾਲ, ਪੰਜਾਬ ਟੂਰਿਜਮ ਪ੍ਰਮੋਸ਼ਨ ਬੋਰਡ ਦੇ ਸੀ.ਜੀ.ਐਮ. ਸ੍ਰੀ ਯੋਗੇਸ਼ ਗੁਪਤਾ, ਜੁਆਇੰਟ ਕਮਿਸ਼ਨਰ ਨਗਰ ਨਿਗਮ ਸ੍ਰੀ ਅੰਕੁਰ ਮਹਿੰਦਰੂ, ਉੱਤਰ ਖੇਤਰੀ ਸੱਭਿਆਚਾਰਕ ਕੇਂਦਰ ਤੋਂ ਭੁਪਿੰਦਰ ਸਿੰਘ, ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ, ਡਿਪਟੀ ਡਾਇਰੈਕਟਰ ਬਾਗਬਾਨੀ ਸ. ਸਵਰਨ ਸਿੰਘ ਮਾਨ, ਐਸ.ਡੀ.ਓ. ਲੋਕ ਨਿਰਮਾਣ (ਬਿਜਲੀ) ਐਸ.ਐਸ. ਵਿਰਕ, ਇੰਚਾਰਜ ਸ਼ੀਸ਼ ਮਹਿਲ ਸ੍ਰੀਮਤੀ ਸੁਰਿੰਦਰ ਕੌਰ, ਤਹਿਸੀਲਦਾਰ ਸੁਭਾਸ਼ ਭਾਰਦਵਾਜ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

ਨੰ: ਲਸਪ (ਪ੍ਰੈ.ਰੀ.)-2018/26