Beware if you are leaving animals in Patiala City

January 16, 2018 - PatialaPolitics


ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ

ਟਰੈਫਿਕ  ਸਮੱਸਿਆ ਦੇ ਹੱਲ ਲਈ 7 ਮੈਂਬਰੀ ਕਮੇਟੀ ਦਾ ਗਠਨ


*ਪਹਿਲੇ ਪੜਾਅ ‘ਚ 5 ਭੀੜ ਭੜੱਕੇ ਵਾਲੇ ਸਥਾਨਾਂ ਨੂੰ ਟਰੈਫਿਕ ਸਮੱਸਿਆ ਤੋਂ ਨਿਜਾਤ ਮਿਲੇਗੀ


* ਅਵਾਰਾ ਪਸ਼ੂਆਂ ਨੂੰ ਸ਼ਹਿਰਾਂ ‘ਚ ਛੱਡਣ ਵਾਲਿਆਂ ਖਿਲਾਫ਼ ਵੀ ਹੋਵੇਗੀ ਕਾਰਵਾਈ


ਪਟਿਆਲਾ, 16 ਜਨਵਰੀ


 ਪਟਿਆਲਾ ਦੇ ਨਿਵਾਸੀਆਂ ਨੂੰ ਦਿਨੋਂ ਦਿਨ ਵਧ ਰਹੀ ਟਰੈਫਿਕ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਅੱਜ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਇੱਕ 7 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਜੋ ਕਿ ਟਰੈਫਿਕ ਸਮੱਸਿਆ ਦੇ ਢੁਕਵੇਂ ਹੱਲ ਲਈ ਪਹਿਲੇ ਪੜਾਅ ਤਹਿਤ ਪਟਿਆਲਾ ਦੇ 5 ਜ਼ਿਆਦਾ ਭੀੜ ਭੜੱਕੇ ਵਾਲੇ ਸਥਾਨਾਂ ‘ਤੇ ਟਰੈਫਿਕ ਸਮੱਸਿਆ ਦਾ ਹੱਲ ਕਰਨ ਲਈ ਢੁਕਵੀਂ ਕਾਰਵਾਈ ਕਰੇਗੀ ਅਤੇ ਅਗਲੇ ਮਹੀਨੇ ਸੜਕ ਸੁਰੱਖਿਆ ਕਮੇਟੀ ਦੀ ਹੋਣ ਵਾਲੀ ਮੀਟਿੰਗ ਵਿੱਚ ਪ੍ਰਗਤੀ ਰਿਪੋਰਟ ਪੇਸ਼ ਕਰੇਗੀ।


 ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿੱਚ ਹਾਜ਼ਰ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਤੇ ਸੰਸਥਾਵਾਂ ਦੇ ਨੁਮਾਇੰਦਿਆਂ ਤੋਂ ਪਹਿਲਾਂ ਟਰੈਫਿਕ ਸਮੱਸਿਆ ਦੇ ਹੱਲ ਲਈ ਸੁਝਾਅ ਮੰਗੇ ਅਤੇ ਫਿਰ ਇਸ ਕਮੇਟੀ ਦੇ ਗਠਨ ਦਾ ਐਲਾਨ ਕੀਤਾ।


 ਡਿਪਟੀ ਕਮਿਸ਼ਨਰ ਵੱਲੋਂ ਗਠਿਤ ਕੀਤੀ ਇਸ ਕਮੇਟੀ ਵਿੱਚ ਐਸ.ਡੀ.ਐਮ. ਪਟਿਆਲਾ ਸ਼੍ਰੀ ਅਨਮੋਲ ਸਿੰਘ ਧਾਲੀਵਾਲ, ਡੀ.ਐਸ.ਪੀ. ਟਰੈਫਿਕ ਸ਼੍ਰੀ ਜਸਕੀਰਤ ਸਿੰਘ, ਐਕਸੀਅਨ ਮਿਊਂਸਪਲ ਕਾਰਪੋਰੇਸ਼ਨ ਸ਼੍ਰੀ ਐਮ.ਐਮ. ਸਿਆਲ, ਐਕਸੀਅਨ ਲੋਕ ਨਿਰਮਾਣ ਵਿਭਾਗ ਸ਼੍ਰੀ ਨਵੀਨ ਜਿੰਦਲ, ਥਾਪਰ ਕਾਲਜ ਦੇ ਪ੍ਰੋਫੈਸਰ ਸ਼੍ਰੀ ਤਨੁਜ ਚੋਪੜਾ, ਪਟਿਆਲਾ ਇੰਡਟਰੀਅਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ਼੍ਰੀ ਐਚ.ਪੀ.ਐਸ. ਲਾਂਬਾ ਅਤੇ ਟਰੈਫਿਕ ਪੁਲਿਸ ਦੇ ਇੰਚਾਰਜ ਇੰਸਪੈਕਟਰ ਕਰਨੈਲ ਸਿੰਘ ਨੂੰ ਵੀ ਸ਼ਾਮਲ ਕੀਤਾ ਗਿਆ ਹੈ।


 ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਕਮੇਟੀ ਪਹਿਲੇ ਪੜ੍ਹਾਅ ਤਹਿਤ ਪਟਿਆਲਾ ਦੇ 5 ਵੱਧ ਟਰੈਫਿਕ ਸਮੱਸਿਆ ਵਾਲੇ ਸਥਾਨਾਂ ‘ਤੇ ਟਰੈਫਿਕ ਦੀ ਸਮੱਸਿਆ ਦਾ ਢੁਕਵਾਂ ਹੱਲ ਕਢਵਾਏਗੀ। ਇਹਨਾਂ ਸਥਾਨਾਂ ਵਿੱਚ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਣ ਸਾਹਿਬ ਨੇੜੇ ਖੰਡਾ ਚੌਂਕ, ਲੀਲਾ ਭਵਨ ਤੋਂ ਥਾਪਰ ਕਾਲਜ ਤੱਕ ਭੁਪਿੰਦਰਾ ਰੋਡ, ਛੋਟੀ ਬਾਰਾਂਦਰੀ ਵਿਖੇ ਸੰਡੇ ਮਾਰਕੀਟ ਤੇ ਸਰਿਿਹੰਦ ਰੋਡ ਤੋਂ ਬੱਸ ਸਟੈਂਡ ਵਾਲੀ ਟਰੈਫਿਕ ਨੂੰ ਫੈਕਟਰੀ ਏਰੀਆ ਰਾਹੀਂ ਵਨ ਵੇਅ ਕਰਨਾ ਸ਼ਾਮਲ ਕੀਤਾ ਗਿਆ ਹੈ।


 ਮੀਟਿੰਗ ਦੌਰਾਨ ਸੜਕ ਦੁਰਘਟਨਾ ਦਾ ਕਾਰਨ ਬਣਦੇ ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਮੀਟਿੰਗ ਵਿੱਚ ਹਾਜ਼ਰ ਨਗਰ ਨਿਗਮ ਦੇ ਕਮਿਸ਼ਨਰ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਕੈਟਲ ਕੈਚਰ ਰਾਹੀਂ ਅਵਾਰਾ ਪਸ਼ੂਆਂ ਨੂੰ ਫੜ੍ਹ ਕੇ ਗਾਜੀਪੁਰ ਗਊਸ਼ਾਲਾ ਵਿੱਚ ਭੇਜਿਆ ਜਾਂਦਾ ਹੈ ਪਰ ਰਾਤ ਵੇਲੇ ਕੁਝ ਲੋਕ ਪਟਿਆਲਾ ਸ਼ਹਿਰ ਵਿੱਚ ਫਿਰ ਪਸ਼ੂ ਛੱਡ ਦਿੰਦੇ ਹਨ। ਇਸ ਮਾਮਲੇ ਬਾਰੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਮੀਟਿੰਗ ਵਿੱਚ ਹਾਜ਼ਰ ਐਸ.ਐਸ.ਪੀ. ਪਟਿਆਲਾ ਡਾ: ਐਸ. ਭੂਪਤੀ ਨੂੰ ਕਿਹਾ ਕਿ ਪੁਲਿਸ ਨੂੰ ਹਦਾਇਤ ਕੀਤੀ ਜਾਵੇ ਕਿ ਸ਼ਹਿਰ ਵਿੱਚ ਬਾਹਰੋਂ ਪਸ਼ੂ ਛੱਡਣ ਆਉਂਦੇ ਲੋਕਾਂ ਵਿਰੁੱਧ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਓਵਰ ਬਰਿਜ ‘ਤੇ ਪੋਸਟਰ ਲਗਾਉਣ ਅਤੇ ਪ੍ਰੈਸ਼ਰ ਹਾਰਨਾਂ ਵਿਰੁੱਧ ਕਾਰਵਾਈ, ਸੜਕਾਂ ‘ਤੇ ਸਪੀਡ ਲਿਮਟ ਦੇ ਬੋਰਡ ਲਗਾਉਣ ਅਤੇ ਦੁਕਾਨਾਂ ਤੇ ਵਿਦਿਅਕ ਸੰਸਥਾਵਾਂ ਦੇ ਬਾਹਰ ਸੜਕਾਂ ਕਿਨਾਰੇ ਵਾਹਨ ਖੜ੍ਹੇ ਕਰਨ ਦੇ ਮੁੱਦੇ ਵੀ ਵਿਚਾਰੇ ਗਏ।


 ਮੀਟਿੰਗ ਵਿੱਚ ਐਸ.ਐਸ.ਪੀ. ਪਟਿਆਲਾ ਡਾ: ਐਸ. ਭੂਪਤੀ, ਨਗਰ ਨਿਗਮ ਦੇ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਖਹਿਰਾ, ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਸ਼੍ਰੀ ਅੰਕੁਰ ਮਹਿੰਦਰੂ, ਆਰ.ਟੀ.ਏ. ਸ਼੍ਰੀ ਗੁਰਪ੍ਰੀਤ ਸਿੰਘ ਥਿੰਦ, ਐਸ.ਡੀ.ਐਮ. ਪਟਿਆਲਾ ਸ: ਅਨਮੋਲ ਸਿੰਘ ਧਾਲੀਵਾਲ, ਐਸ.ਪੀ. ਟਰੈਫਿਕ ਸ: ਅਮਰਜੀਤ ਸਿੰਘ ਘੁੰਮਣ, ਪਟਿਆਲਾ ਇੰਡਸਟਰੀਅਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ਼੍ਰੀ ਐਚ.ਪੀ.ਐਸ. ਲਾਂਬਾ, ਥਾਪਰ ਕਾਲਜ ਦੇ ਪ੍ਰੋ: ਤਨੁਜ ਚੋਪੜਾ ਅਤੇ ਵੱਖ-ਵੱਖ ਵਿਭਾਗਾਂ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।