Pulse Polio Program in Patiala from 28 to 30 January 2018

January 18, 2018 - PatialaPolitics

28 ਤੋਂ 30 ਜਨਵਰੀ ਤੱਕ ਚੱਲੇਗੀ ਪੱਲਸ ਪੋਲੀਓ ਮੁਹਿੰਮ

-ਜ਼ਿਲ੍ਹੇ ਦੇ 2 ਲੱਖ ਤੋਂ ਵੱਧ ਬੱਚਿਆਂ ਨੂੰ ਪਲਾਈ ਜਾਵੇਗੀ 2 ਬੂੰਦ ਜਿੰਦਗੀ ਦੀ

-ਸਿਹਤ ਵਿਭਾਗ ਨੇ ਬਣਾਈਆਂ 1919 ਟੀਮਾਂ ਅਤੇ ਬਣਾਏਗਾ 914 ਬੂਥ, 64 ਟਰਾਂਜਿਟ ਟੀਮਾਂ ਵੀ ਕਰਨਗੀਆਂ ਕੰਮ

ਪਟਿਆਲਾ, 18 ਜਨਵਰੀ: ਕੌਮੀ ਪੱਲਸ ਪੋਲੀਓ ਰਾਊਂਡ ਦੇ ਤਹਿਤ ਜ਼ਿਲ੍ਹੇ ਵਿੱਚ 28 ਤੋਂ 30 ਜਨਵਰੀ ਤੱਕ ਪੱਲਸ ਪੋਲੀਓ ਮੁਹਿੰਮ ਚਲਾਈ ਜਾ ਰਹੀ ਹੈ। ਨਵੇਂ ਜੰਮੇ ਬੱਚੇ ਤੋਂ ਲੈ ਕੇ 5 ਸਾਲ ਤੱਕ ਦੇ ਬੱਚੇ ਨੂੰ ਪਲਾਈ ਜਾਣ ਵਾਲੀ ਇਸ ਦਵਾਈ ਦੇ ਸਬੰਧ ਵਿੱਚ ਕੀਤੀਆਂ ਜਾ ਰਹੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਜ਼ਿਲ੍ਹਾ ਟਾਸਕ ਫੋਰਸ ਨਾਲ ਮੀਟਿੰਗ ਕੀਤੀ ਹੈ।

ਮਿੰਨੀ ਸਕੱਤਰੇਤ ਵਿਖੇ ਆਯੋਜਿਤ ਕੀਤੀ ਗਈ ਇਸ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ 2 ਲੱਖ, 1 ਹਜਾਰ 573 ਬੱਚਿਆਂ ਨੂੰ ਪੱਲਸ ਪੋਲੀਓ ਦੀ ਦਵਾਈ ਪਿਲਾਈ ਜਾਵੇਗੀ। ਇਸ ਲਈ ਸਿਹਤ ਵਿਭਾਗ ਨੇ ਕੁਲ 1919 ਟੀਮਾਂ ਬਣਾਈਆਂ ਹਨ। ਜ਼ਿਲ੍ਹੇ ਭਰ ਵਿੱਚ ਵੱਖ-ਵੱਖ ਥਾਵਾਂ ‘ਤੇ 914 ਬੂਥ ਲਾਏ ਜਾਣਗੇ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਆਉਣ ਜਾਣ ਵਾਲੇ 32 ਰਸਤਿਆਂ ‘ਤੇ 64 ਟਰਾਂਜਿਟ ਟੀਮਾਂ ਵੀ ਤੈਨਾਤ ਕੀਤੀਆਂ ਜਾਣਗੀਆਂ। ਹਰ ਬੱਚੇ ਤੱਕ 2 ਬੂੰਦ ਜਿੰਦਗੀ ਦੀ ਪੁਹੰਚ ਸਕੇ ਇਸ ਲਈ 27 ਮੋਬਇਲ ਟੀਮਾਂ ਵੀ ਹੋਣਗੀਆਂ ਜਿਹੜੀਆਂ ਕਿ 152 ਇੱਟਾਂ ਦੇ ਭੱਠਿਆਂ ਅਤੇ 402 ਝੂੰਗੀ ਬਸਤੀਆਂ, ਫੈਕਟਰੀਆਂ, ਉਸਾਰੀ ਵਾਲੀਆਂ ਥਾਵਾਂ ‘ਤੇ ਰਹਿ ਰਹੇ ਮਜਦੂਰਾਂ ਦੇ ਬੱਚਿਆਂ ਨੂੰ ਪਿਲਾਉਣਗੀਆਂ।

ਮੀਟਿੰਗ ਵਿੱਚ ਸ਼੍ਰੀ ਕੁਮਾਰ ਅਮਿਤ ਨੇ ਪੀ.ਆਰ.ਟੀ.ਸੀ. ਅਤੇ ਸਿਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਦੇ ਹੋਏ ਪੱਲਸ ਪੋਲੀਓ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਪੋਲੀਓ ਦਾ ਅਖੀਰਲਾ ਕੇਸ 2011 ਵਿੱਚ ਸਾਹਮਣੇ ਆਇਆ ਸੀ ਉਸ ਤੋਂ ਬਾਅਦ ਜ਼ਿਲ੍ਹਾ ਪੋਲੀਓ ਮੁਕਤ ਹੈ। ਅਜਿਹੇ ਵਿੱਚ ਸਿਹਤ ਵਿਭਾਗ ਵਧਾਈ ਦਾ ਪਾਤਰ ਹੈ। ਉਹਨਾਂ ਕਿਹਾ ਕਿ ਪਰ ਪੜੋਸੀ ਮੁਲਕ ਵਿੱਚ ਪੱਲਸ ਪੋਲੀਓ ਵਰਗੀ ਕੋਈ ਮੁਹਿੰਮ ਨਹੀਂ ਚਲਾਈ ਜਾਂਦੀ ਇਸ ਲਈ ਪੰਜਾਬ ਨੂੰ ਕਾਫੀ ਚੁਕੱਨਾ ਰਹਿਣ ਦੀ ਲੋੜ ਹੈ।

ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ 5 ਸਾਲ ਤੱਕ ਦੇ ਬੱਚੇ ਦੇ ਟੀਕਾ ਕਰਨ ਅਤੇ ਗਰਭਵਤੀ ਔਰਤਾਂ ਦੇ ਸਿਹਤ ਦਾ ਚੈਕਅੱਪ ਕਰਨ ਦੇ ਪ੍ਰਬੰਧ ਹਨ। ਬੱਚਿਆਂ ਨੂੰ ਸਰਕਾਰੀ ਸਿਹਤ ਕੇਂਦਰਾਂ ਵਿੱਚ ਬੀ.ਸੀ.ਸੀ., ਪੈਂਟਾਵੈਲੈਂਟ-3, ਓ.ਪੀ.ਵੀ.-3, ਖਸਰੇ ਦਾ ਟੀਕਾ ਅਤੇ ਬੀਟਾਮਿਨ ਏ ਦੀ ਖੁਰਾਕ ਮੁਫਤ ਦਿੱਤੀ ਜਾਂਦੀ ਹੈ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ, ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ, ਸਹਾਇਕ ਸਿਵਲ ਸਰਜਨ ਡਾ. ਜਤਿੰਦਰ ਕਾਂਸਲ, ਜ਼ਿਲ੍ਹਾ ਪਰਿਵਾਰ ਭਲਾਈ ਅਧਿਕਾਰੀ ਡਾ. ਸੁਖਮਿੰਦਰ ਸਿੰਘ, ਜ਼ਿਲ੍ਹਾ ਟੀਕਾ ਕਰਨ ਅਧਿਕਾਰੀ ਡਾ. ਸੁਧਾ ਗਰੋਵਰ, ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਪਰਮਿੰਦਰਪਾਲ ਸਿੰਘ ਸਿੱਧੂ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਐਮ.ਐਸ. ਧਾਲੀਵਾਲ, ਐਸ.ਡੀ.ਐਮ. ਨਾਭਾ ਸ਼੍ਰੀ ਅਮਿਤ ਕੁਮਾਰ, ਐਸ.ਡੀ.ਐਮ. ਸਮਾਣਾ ਸ਼੍ਰੀ ਅਰਵਿੰਦ ਕੁਮਾਰ, ਐਸ.ਡੀ.ਐਮ. ਪਾਤੜਾਂ ਸ਼੍ਰੀ ਕਾਲਾ ਰਾਮ ਕਾਂਸਲ, ਜ਼ਿਲ੍ਹਾ ਸਿਖਿਆ ਅਧਿਕਾਰੀ ਸੈਕੰਡਰੀ ਸ਼੍ਰੀਮਤੀ ਕੰਵਲ ਕੁਮਾਰੀ ਅਤੇ ਐਨ.ਜੀ.ਓ. ਵੱਲੋਂ ਸ਼੍ਰੀ ਅਕਾਸ਼ ਬਾਂਸਲ, ਸ਼੍ਰੀ ਰਾਜੇਸ਼ ਸਿੰਗਲਾ, ਸ਼੍ਰੀ ਦੇਵੀ ਦਿਆਲ ਗੋਇਲ ਅਤੇ ਸ਼੍ਰੀ ਕੇ.ਐਸ. ਔਲਖ ਵੀ ਮੌਜੂਦ ਸਨ।