High-tech model Fruit Nursery Patiala

January 19, 2018 - PatialaPolitics

ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਪ੍ਰੋਗਰਾਮ ਤਹਿਤ ਬਾਗਬਾਨੀ ਲਈ ਉਤਸ਼ਾਹਤ ਕਰਕੇ ਉਨ੍ਹਾਂ ਦੀ ਆਮਦਨ ਵਧਾਉਣ ਲਈ ਵਧੀਆ ਨਸਲ ਦੇ ਬਿਮਾਰੀ ਰਹਿਤ ਫ਼ਲਦਾਰ ਬੂਟੇ ਪ੍ਰਦਾਨ ਕਰਨ ਲਈ ਪਟਿਆਲਾ ਵਿਖੇ ਪੰਜਾਬ ਦੀ ਪਹਿਲੀ ਸਰਕਾਰੀ ਹਾਈਟੈਕ ਮਾਡਲ ਫਰੂਟ ਨਰਸਰੀ ਸ਼ੁਰੂ ਹੋ ਗਈ ਹੈ। ਇਥੇ ਬਾਰਾਂਦਰੀ ਬਾਗ ਵਿਖੇ ਪੌਣੇ ਪੰਜ ਏਕੜ ਰਕਬੇ ਵਿਚ ਕਰੀਬ 43 ਲੱਖ ਰੁਪਏ ਦੀ ਲਾਗਤ ਨਾਲ ਕੌਮੀ ਬਾਗਬਾਨੀ ਮਿਸ਼ਨ ਤਹਿਤ ਤਿਆਰ ਹੋਏ ਇਸ ਪ੍ਰਾਜੈਕਟ ਨੂੰ ਪੰਜਾਬ ਦੇ ਬਾਗਬਾਨੀ ਵਿਭਾਗ ਦੇ ਡਾਇਰੈਕਟਰ ਡਾ. ਪੁਸ਼ਪਿੰਦਰ ਸਿੰਘ ਔਲਖ ਨੇ ਸੂਬੇ ਦੇ ਕਿਸਾਨਾਂ ਲਈ ਸਮਰਪਿਤ ਕੀਤਾ। ਇਸ ਮੌਕੇ ਡਾ. ਔਲਖ ਨੇ ਦੱਸਿਆ ਕਿ ਇਥੇ ਦੇਸੀ ਜੜੀ ਬੂਟੀਆਂ ਦੀ ਇੱਕ ਬਗੀਚੀ ਸਮੇਤ ਫ਼ਲਾਂ ਦੀ ਪੌਸਟਿਕ ਬਗੀਚੀ ਵੀ ਬਣਾਈ ਗਈ ਹੈ, ਜਿਸ ਰਾਹੀਂ ਕਿਸਾਨਾਂ ਸਮੇਤ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਨੂੰ ਇਨ੍ਹਾਂ ਬੂਟਿਆਂ ਦੀ ਪੌਸ਼ਟਿਕ ਗੁਣਵੱਤਾ ਅਤੇ ਦਵਾਈਆਂ ਵਾਲੇ ਗੁਣਾਂ ਬਾਬਤ ਜਾਣਕਾਰੀ ਦਿੱਤੀ ਜਾਵੇਗੀ ਅਤੇ ਇਥੋਂ ਬੂਟੇ ਪੂਰੇ ਪੰਜਾਬ ਦੇ ਕਿਸਾਨਾਂ ਨੂੰ ਮੁਹੱਈਆ ਹੋਣਗੇ।
ਬਾਗਬਾਨੀ ਡਾਇਰੈਕਟਰ ਡਾ. ਔਲਖ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗਤੀਸ਼ੀਲ ਅਗਵਾਈ ਹੇਠ ਪੰਜਾਬ ਸਰਕਾਰ ਦੀ ਤਰਜੀਹ ਹੈ ਕਿ ਸੂਬੇ ਵਿੱਚ ਕਣਕ-ਝੋਨੇ ਹੇਠੋਂ ਰਕਬਾ ਘਟਾ ਕੇ ਫੁੱਲ, ਸਬਜੀਆਂ ਅਤੇ ਬਾਗਬਾਨੀ ਹੇਠ ਲਿਆਂਦਾ ਜਾਵੇ, ਇਸੇ ਲਈ ਕਿਸਾਨਾਂ ਨੂੰ ਚੰਗੀ ਨਸਲ ਦੇ ਬੂਟੇ ਪ੍ਰਦਾਨ ਕਰਨ ਲਈ ਕੌਮੀ ਬਾਗਬਾਨੀ ਮਿਸ਼ਨ ਤਹਿਤ ਅਜਿਹੀਆਂ ਨਰਸਰੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਂਜ ਭਾਵੇਂ ਬਾਗਬਾਨੀ ਵਿਭਾਗ ਦੇ ਸੈਂਟਰ ਫਾਰ ਐਕਸੀਲੈਂਸ ਸਮੇਤ 23 ਹੋਰ ਨਰਸਰੀਆਂ ਵੀ ਹਨ ਪਰੰਤੂ ਇਹ ਮਿਸ਼ਨ ਦੇ ਸਲਾਹਕਾਰ ਡਾ. ਸੁਭਾਸ਼ ਚੰਦਰ ਖੁਰਾਣਾ ਦੀ ਦੇਖ ਰੇਖ ਹੇਠ ਤਿਆਰ ਕੀਤੀ ਗਈ ਆਪਣੀ ਕਿਸਮ ਦੀ ਪਹਿਲੀ ਸਰਕਾਰੀ ਨਰਸਰੀ ਹੈ ਅਤੇ ਇਸੇ ਤਰ੍ਹਾਂ ਦੀ ਇਕ ਹੋਰ ਹਾਈ ਟੈਕ ਮਾਡਲ ਨਰਸਰੀ ਜਲੰਧਰ ਵਿਖੇ ਵੀ ਕਿਸਾਨਾਂ ਦੇ ਸਮਰਪਿਤ ਕਰਨ ਲਈ ਤਿਆਰ ਹੈ। ਉਨ੍ਹਾਂ ਦੱਸਿਆ ਕਿ ਇਸ ਵਰ੍ਹੇ ਪੱਥਰ ਨਾਗ (ਨਾਸ਼ਪਤੀ) ਦੇ ਬੂਟਿਆਂ ਦੀ ਮੰਗ ਪੂਰੀ ਨਹੀਂ ਸੀ ਹੋ ਸਕੀ ਇਸ ਲਈ ਬਾਗਬਾਨੀ ਵਿਭਾਗ ਅਜਿਹੀਆਂ ਨਰਸਰੀਆਂ ‘ਚ ਬਿਮਾਰੀ ਰਹਿਤ ਪੌਲੀਬੈਗ ‘ਚ ਲਾਏ ਕਰੀਬ 3 ਲੱਖ ਬੂਟੇ ਤਿਆਰ ਕਰ ਰਿਹਾ ਹੈ।
ਡਾ. ਔਲਖ ਨੇ ਦੱਸਿਆ ਕਿ ਇਥੇ ਪਿਓਂਦੀ ਅੰਬ ਸਮੇਤ ਅਮਰੂਦ, ਨਿੰਬੂ, ਕਿੰਨੂ, ਮਾਲਟਾ, ਅੰਜੀਰ, ਆਂਵਲਾ, ਜਾਮਣ, ਬਿੱਲ, ਅਨਾਰ, ਕਠਹਲ, ਕਰੌਂਦਾ ਦੇ ਸਾਲਾਨਾ 30 ਹਜਾਰ ਬੂਟੇ ਤਿਆਰ ਕਰਕੇ ਪੂਰੇ ਰਾਜ ਦੇ ਵੱਖ-ਵੱਖ ਇਲਾਕਿਆ, ਮਾਲਵਾ ਬੈਲਟ, ਚੰਡੀਗੜ੍ਹ ਤੋਂ ਅਬੋਹਰ ਤੱਕ ਅਤੇ ਨੀਮ ਪਹਾੜੀ ਇਲਾਕੇ, ਰਾਜਸਥਾਨ ਦੀ ਹੱਦ ਨਾਲ ਲੱਗਦੇ ਇਲਾਕਿਆਂ ਦੇ ਕਿਸਾਨਾਂ ਨੂੰ ਮੁਹੱਈਆ ਕਰਵਾਏ ਜਾਣਗੇ। ਇਥੇ ਨੈਟ ਹਾਊਸ, ਸਕਰੀਨ ਹਾਊਸ, ਸ਼ੈਡ ਨੈਟ ਅਤੇ ਸਾਰੀ ਨਰਸਰੀ ਦੁਆਲੇ ਕੰਡਿਆਲੀ ਤਾਰ ਲਾਈ ਗਈ ਹੈ। ਇਸ ਮੌਕੇ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿਸਾਨ ਬਾਗਬਾਨੀ ਲਈ ਸਿਖਲਾਈ ਲੈਕੇ ਕੰਮ ਕਰਨ ਆਪਣੀ ਆਮਦਨ ਦੁੱਗਣੀ ਕਰਨ ਪਰੰਤੂ ਵਿਭਾਗ ਦੀ ਸਰਟੀਫਾਈਡ ਨਰਸਰੀ ਤੋਂ ਹੀ ਬਿਮਾਰੀ ਰਹਿਤ ਬੂਟੇ ਪ੍ਰਾਪਤ ਕਰਨ। ਉਨ੍ਹਾਂ ਹੋਰ ਦੱਸਿਆ ਕਿ ਕਿਸਾਨਾਂ ਦੀ ਬਾਗਬਾਨੀ ਦੀ ਉਪਜ ਦੀ ਮਾਰਕੀਟਿੰਗ ਲਈ ਮਾਰਕੀਟਿੰਗ ਵਿੰਗ ਸਥਾਪਤ ਕੀਤਾ ਜਾ ਰਿਹਾ ਹੈ, ਜਿਸ ਲਈ 91 ਆਸਾਮੀਆਂ ਭਰਨ ਲਈ ਪ੍ਰਵਾਨਗੀ ਲਈ ਭੇਜੀਆਂ ਗਈਆਂ ਹਨ, ਜੋ ਕਿ ਪੰਜਾਬ ਐਗਰੋ, ਮਾਰਕਫੈਡ ਨਾਲ ਮਿਲਕੇ ਕੰਮ ਕਰੇਗਾ। ਇਸ ਤੋਂ ਬਿਨ੍ਹਾਂ 170 ਅਸਾਮੀਆਂ ਬੇਲਦਾਰਾਂ ਦੀਆਂ ਵੀ ਭਰਨ ਦੀ ਪ੍ਰਵਾਨਗੀ ਮੰਗੀ ਗਈ ਹੈ।
ਡਿਪਟੀ ਡਾਇਰੈਕਟਰ ਬਾਗਬਾਨੀ ਪਟਿਆਲਾ ਡਾ. ਸਵਰਨ ਸਿੰਘ ਮਾਨ ਨੇ ਦੱਸਿਆ ਕਿ ਇਥੇ 1.25 ਕਨਾਲ ‘ਚ ਹਰਬਲ ਬਗੀਚੀ ਬਣੀ ਹੈ, ਜਿਸ ‘ਚ ਤਿੰਨ ਦਰਜਨ ਤੋਂ ਵਧ ਜੜੀ ਬੂਟੀਆਂ ਵਾਲੇ ਬੂਟੇ ਤੇ 1.25 ਕਨਾਲ ‘ਚ ਪੌਸ਼ਟਿਕ ਫ਼ਲਾਂ ਦੀ ਬਗੀਚੀ, ਜਿਸ ਵਿੱਚ 21 ਤਰ੍ਹਾਂ ਦੇ ਫ਼ਲਦਾਰ ਬੂਟੇ ਲਾਏ ਜਾਂ ਰਹੇ ਹਨ, ਜੋ ਕਿ ਇਕ ਔਸਤ ਪਰਿਵਾਰ ਨੂੰ ਸਾਰਾ ਸਾਲ ਪੌਸ਼ਟਿਕ ਫ਼ਲ ਮੁਹੱਈਆ ਕਰਵਾ ਸਕਦੀ ਹੈ, ਵੀ ਕਿਸਾਨਾਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ। ਇਸ ਹਾਈਟੈਕ ਮਾਡਲ ਨਰਸਰੀ ‘ਚ ਇਕੱਲੇ-ਇਕੱਲੇ ਬੂਟੇ ਨੂੰ ਖਾਦ ਤੇ ਪਾਣੀ ਵੱਖੋ-ਵੱਖ ਲੱਗਦਾ ਹੈ, ਜਿਸ ਨਾਲ ਪਾਣੀ ਦੀ ਦਰਵਰਤੋਂ ਨਹੀਂ ਹੁੰਦੀ। ਨਰਸਰੀ ਦੇ ਉਦਘਾਟਨ ਮੌਕੇ ਬਾਗਬਾਨੀ ਦੇ ਸੰਯੁਕਤ ਡਾਇਰੈਕਟਰ ਡਾ. ਗੁਰਕੇਵਲ ਸਿੰਘ, ਡਿਪਟੀ ਡਾਇਰੈਕਟਰ ਡਾ. ਗੁਲਾਬ ਸਿੰਘ ਗਿੱਲ, ਡਾ. ਕਰਨੈਲ ਸਿੰਘ, ਹਾਈਟੈਕ ਮਾਡਲ ਨਰਸਰੀ ਦੇ ਇੰਚਾਰਜ ਹਰਿੰਦਰਪਾਲ ਸਿੰਘ ਸਮੇਤ ਡਾ. ਕੁਲਵਿੰਦਰ ਸਿੰਘ ਤੇ ਬਾਗਬਾਨੀ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।