Kanya Bachao Rally Patiala
February 3, 2018 - PatialaPolitics
ਪਰਨੀਤ ਕੌਰ ਵੱਲੋਂ ਕੰਨਿਆ ਭਰੂਣ ਹੱਤਿਆ ਰੋਕਣ ਦਾ ਸੁਨੇਹਾ ਦਿੰਦੀ ‘ਕੰਨਿਆ ਬਚਾਓ ਰੈਲੀ’ ਰਵਾਨਾ
-ਕਾਂਗਰਸ ਨੇ ਮਹਿਲਾਵਾਂ ਨੂੰ ਸ਼ਕਤੀ ਦੇਣ ਲਈ ਨਗਰ ਨਿਗਮ ਚੋਣਾਂ ‘ਚ 50 ਫ਼ੀਸਦੀ ਸੀਟਾਂ ਮਹਿਲਾਵਾਂ ਨੂੰ ਦਿੱਤੀਆਂ
ਪਟਿਆਲਾ, 3 ਫਰਵਰੀ :
”ਕਾਂਗਰਸ ਪਾਰਟੀ ਦੀ ਮਹਿਲਾ ਸ਼ਸ਼ਕਤੀਕਰਨ ਵਾਲੀ ਸੋਚ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਨੇ ਨਗਰ ਨਿਗਮ ਚੋਣਾਂ ‘ਚ ਮਹਿਲਾਵਾਂ ਨੂੰ 50 ਫੀਸਦੀ ਸੀਟਾਂ ਦਿੱਤੀਆਂ। ਸਿੱਟੇ ਵਜੋਂ ਪਟਿਆਲਾ ਨਗਰ ਨਿਗਮ ‘ਚ ਅੱਜ 31 ਮਹਿਲਾ ਕੌਂਸਲਰ ਜਿੱਤ ਕੇ ਆਈਆਂ ਹਨ ਅਤੇ ਇਨ੍ਹਾਂ ਦਾ ਪਟਿਆਲਾ ਦੇ ਵਿਕਾਸ ‘ਚ ਵੱਡਾ ਯੋਗਦਾਨ ਹੋਵੇਗਾ।” ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਕੀਤਾ। ਉਹ ਅੱਜ ਇਥੇ ਮਹਿੰਦਰਾ ਕਾਲਜ ਦੇ ਸਾਹਮਣੇ ਢਿੱਲੋਂ ਗਰਾਊਂਡ ਵਿਖੇ ‘ਕੰਨਿਆ ਬਚਾਓ ਰੈਲੀ’ ਨੂੰ ਝੰਡੀ ਦੇ ਕੇ ਰਵਾਨਾ ਕਰਨ ਮੌਕੇ ਸੰਬੋਧਨ ਕਰ ਰਹੇ ਸਨ।
ਇਸ ਦੌਰਾਨ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਕੰਨਿਆ ਨੂੰ ਜਨਮ ਲੈਣ ਦੇਣਾ ਹੀ ਕਾਫ਼ੀ ਨਹੀਂ ਸਗੋਂ ਲੜਕੀਆਂ ਦੀ ਸਿੱਖਿਆ ਅਤੇ ਇਨ੍ਹਾਂ ਨੂੰ ਸ਼ਕਤੀ ਦੇਣਾ ਵੀ ਅਹਿਮ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੜਕੀਆਂ ਦੀ ਸਿੱਖਿਆ ਅਤੇ ਇਨ੍ਹਾਂ ਨੂੰ ਬਰਾਬਰ ਦੇ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਸਮੇਤ ਮਹਿਲਾ ਸ਼ਸ਼ਕਤੀਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕੰਨਿਆ ਭਰੂਣ ਹੱਤਿਆ ਰੋਕਣ ਲਈ ਅਜਿਹੇ ਉਪਰਾਲੇ ਅਹਿਮ ਭੂਮਿਕਾ ਨਿਭਾਉਂਦੇ ਹਨ।
ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਲਿੰਗ ਸਮਾਨਤਾ ਪ੍ਰੋਗਰਾਮ ਦੇ ਤਹਿਤ ਕਰਵਾਈ ਗਈ ਲੜਕੀਆਂ ਅਤੇ ਮਹਿਲਾਵਾਂ ਦੀ ‘ਕੰਨਿਆ ਬਚਾਓ’ ਦਾ ਸੁਨੇਹਾ ਦਿੰਦੀ ‘ਸਕੂਟਰ ਰੈਲੀ’ ਨੂੰ ਝੰਡੀ ਦੇ ਕੇ ਰਵਾਨਾ ਤੋਂ ਪਹਿਲਾਂ ਕਰਵਾਏ ਸਮਾਰੋਹ ‘ਚ ਸ਼੍ਰੀਮਤੀ ਪਰਨੀਤ ਕੌਰ ਨੇ ਵੱਖ-ਵੱਖ ਖੇਤਰਾਂ ‘ਚ ਨਾਮਣਾ ਖੱਟਣ ਵਾਲੀਆਂ ਮਹਿਲਾਵਾਂ ਨੂੰ ਸਨਮਾਨਤ ਕੀਤਾ। ਇਨ੍ਹਾਂ ‘ਚ ਪੀ.ਐਸ.ਪੀ.ਸੀ.ਐਲ ਦੀ ਭੂਮੀ ਪ੍ਰਾਪਤੀ ਅਧਿਕਾਰੀ ਸ੍ਰੀਮਤੀ ਇੰਦਰਬੀਰ ਕੌਰ ਮਾਨ, ਸ੍ਰੀਮਤੀ ਜਸਲੀਨ ਕੌਰ ਸੰਧੂ ਪ੍ਰਧਾਨ ਇਲੀਟ ਕਲੱਬ ਪਟਿਆਲਾ ਸਮੇਤ ਹੋਰ ਵੀ ਸ਼ਾਮਲ ਸਨ।
ਇਸ ਮੌਕੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ, ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਮੁੱਖ ਮੰਤਰੀ ਦੇ ਓ.ਐਸ.ਪੀ. ਸ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਸੀਨੀਅਰ ਡਿਪਟੀ ਮੇਅਰ ਸ. ਯੋਗਿੰਦਰ ਸਿੰਘ ਯੋਗੀ, ਪੰਜਾਬ ਐਗਰੋ ਦੇ ਸਾਬਕਾ ਉਪ ਚੇਅਰਮੈਨ ਸ੍ਰੀ ਸੰਜੀਵ ਗਰਗ, ਸਵਾਮੀ ਗਿਆਨੇਸ਼ਾ ਨੰਦ, ਸਵਾਮੀ ਵਿਸ਼ਵਾ ਨੰਦ, ਸ੍ਰੀ ਰਜਿੰਦਰ ਸ਼ਰਮਾ, ਕੌਂਸਲਰ ਸ੍ਰੀ ਸੰਦੀਪ ਮਲਹੋਤਰਾ, ਸਕੱਤਰ ਮਹਾਰਾਣੀ ਕਲੱਬ ਸ੍ਰੀ ਵਿਪਨ ਸ਼ਰਮਾ, ਸ੍ਰੀ ਸਮੀਰ ਸਮੇਤ ਵੱਡੀ ਗਿਣਤੀ ‘ਚ ਹੋਰ ਅਹਿਮ ਸ਼ਖ਼ਸੀਅਤਾਂ ਹਾਜ਼ਰ ਸਨ।