Patiala Politics

Latest Patiala News

Patiala Heritage Festival 2018 ends

February 27, 2018 - PatialaPolitics

Click Here to See Pics

ਪਟਿਆਲਵੀਆਂ ਲਈ ਸਦੀਵੀ ਯਾਦਾਂ ਛੱਡਦਾ ਸਮਾਪਤ ਹੋਇਆ ‘ਪਟਿਆਲਾ ਹੈਰੀਟੇਜ ਫੈਸਟੀਵਲ-2018’
-‘ਜੰਗ-ਏ-ਸਾਰਾਗੜ੍ਹੀ’ ਦੇ ਮੰਚਨ ਨੇ ਦਰਸ਼ਕਾਂ ਨੂੰ ਕੀਤਾ ਭਾਵੁਕ, ਜਗਾਇਆ ਜੋਸ਼
-ਪਟਿਆਲਾ ਹੈਰੀਟੇਜ ਫੈਸਟੀਵਲ ਬਣੇਗਾ ਕੌਮਾਂਤਰੀ ਸੱਭਿਆਚਾਰਕ ਕੈਲੰਡਰ ਦਾ ਹਿੱਸਾ-ਪਰਨੀਤ ਕੌਰ
ਪਟਿਆਲਾ, 27 ਫਰਵਰੀ :
ਪੰਜਾਬ ਦੇ ਸੱਭਿਆਚਾਰਕ ਤੇ ਸੈਰ ਸਪਾਟਾ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੰਡੀਅਨ ਟਰੱਸਟ ਫਾਰ ਰੂਰਲ ਹੈਰੀਟੇਜ ਐਂਡ ਡਿਵੈਲਪਮੈਂਟ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਪਟਿਆਲਾ ਹੈਰੀਟੇਜ ਫੈਸਟੀਵਲ-2018 ਦੀ ਅੱਜ ਆਖਰੀ ਸ਼ਾਮ ‘ਜੰਗ-ਏ-ਸਾਰਾਗੜ੍ਹੀ’ ‘ਤੇ ਆਧਾਰਤ ਹਰਬਖ਼ਸ਼ ਸਿੰਘ ਲਾਟਾ ਵੱਲੋਂ ਨਿਰਦੇਸ਼ਤ ਰੌਸ਼ਨੀ ਤੇ ਆਵਾਜ ਪਨੋਰਮਾ ਦੇ ਪ੍ਰਦਰਸ਼ਨ ਨਾਲ ਇਤਿਹਾਸਕ ਬਣ ਗਈ। ਇਸ ਤਰ੍ਹਾਂ ਪਟਿਆਲਾ ਹੈਰੀਟੇਜ ਫੈਸਟੀਵਲ-2018 ਇਥੇ ਐਨ.ਆਈ.ਐਸ. ਵਿਖੇ ਪਟਿਆਲਵੀਆਂ ਲਈ ਸਦੀਵੀ ਯਾਦਾਂ ਛੱਡਦਾ ਸਮਾਪਤ ਹੋ ਗਿਆ। ਇਸ ਮੌਕੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ, ਮੁੱਖ ਮੰਤਰੀ ਦੇ ਭਰਾ ਰਾਜਾ ਮਾਲਵਿੰਦਰ ਸਿੰਘ, ਵਿਧਾਇਕ ਹਰਦਿਆਲ ਸਿੰਘ ਕੰਬੋਜ ਤੇ ਪੰਜਾਬੀ ਯੂਨੀਵਰਸਿਟੀ ਦੇ ਉਪਕੁਲਪਤੀ ਡਾ. ਬੀ.ਐਸ. ਘੁੰਮਣ, ਡਾਇਰੈਕਟਰ ਸੱਭਿਆਚਾਰ ਸ਼ਿਵਦੁਲਾਰ ਸਿੰਘ ਢਿੱਲੋਂ ਸਮੇਤ ਹੋਰ ਅਹਿਮ ਸ਼ਖ਼ਸੀਅਤਾਂ ਨੇ ਇਸ ਯਾਦਗਾਰੀ ਸ਼ਾਮ ‘ਚ ਸ਼ਮੂਲੀਅਤ ਦਰਜ ਕਰਵਾਈ। ਜੰਗ-ਏ-ਸਾਰਗੜ੍ਹੀ ਦਾ ਮੰਚਨ ਹਜਾਰਾਂ ਦੀ ਗਿਣਤੀ ‘ਚ ਐਨ.ਆਈ.ਐਸ. ਪੁੱਜੇ ਦਰਸ਼ਕਾਂ ‘ਚ ਭਾਵੁਕਤਾ ਭਰਿਆ ਜੋਸ਼ ਪੈਦਾ ਕਰ ਗਿਆ।
ਸ੍ਰੀਮਤੀ ਪਰਨੀਤ ਕੌਰ ਨੇ ਇਸ ਮੌਕੇ ਕਿਹਾ ਕਿ ਪੰਜਾਬ ਸਰਕਾਰ ਇਸ ਹੈਰੀਟੇਜ ਫੈਸਟੀਵਲ ਨੂੰ ਕੌਮਾਂਤਰੀ ਸੱਭਿਆਚਾਰਕ ਕੈਲੰਡਰ ‘ਚ ਸ਼ਾਮਲ ਕਰਵਾਏਗੀ ਤਾਂ ਕਿ ਵਿਦੇਸ਼ਾਂ ‘ਚੋਂ ਭਾਰਤ ਆਉਣ ਵਾਲੇ ਸੈਲਾਨੀ ਆਪਣੇ ਟੂਰ ਪ੍ਰੋਗਰਾਮ ਇਸ ਫੈਸਟੀਵਲ ਦੀਆਂ ਤਰੀਕਾਂ ਦੇ ਮੱਦੇਨਜ਼ਰ ਬਣਾਉਣ। ਉਨ੍ਹਾਂ ਦੱਸਿਆ ਕਿ ਸੱਭਿਆਚਾਰਕ ਮਾਮਲੇ ਵਿਭਾਗ ਵੱਲੋਂ 7 ਤੋਂ 10 ਮਾਰਚ ਤੱਕ ਚੱਲਣ ਵਾਲੀ ਆਈ.ਟੀ.ਬੀ. ਬਰਲਿਨ ਕਾਂਗਰਸ ‘ਚ ਸ਼ਿਰਕਤ ਕਰਕੇ ਇਸ ਉਤਸਵ ਦੀਆਂ ਤਰੀਕਾਂ ਦਰਜ ਕਰਵਾਈਆਂ ਜਾਣਗੀਆਂ ਜਿਸ ਨਾਲ ਜਿਥੇ ਪੰਜਾਬ ਦੀ ਅਮੀਰ ਵਿਰਾਸਤ ਤੋਂ ਅਗਲੀ ਪੀੜ੍ਹੀ ਨੂੰ ਜਾਣੂ ਕਰਵਾਇਆ ਜਾਵੇਗਾ ਉਥੇ ਹੀ ਪੰਜਾਬ ਨੂੰ ਸੈਰ ਸਪਾਟੇ ਦੇ ਕੇਂਦਰ ਵਜੋਂ ਵੀ ਵਿਕਸਤ ਕੀਤਾ ਜਾ ਸਕੇਗਾ। ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਪਟਿਆਲਾ ਹੈਰੀਟੇਜ ਫੈਸਟੀਵਲ ਨੇ ਦੇਸ਼ ਦੇ ਦੂਸਰੇ ਵੱਡੇ ਫੈਸਟੀਵਲਾਂ, ਸੂਰਜ ਕੁੰਡ ਆਦਿ ਵਾਂਗ, ਕੌਮਾਂਤਰੀ ਪੱਧਰ ‘ਤੇ ਆਪਣੀ ਜਗ੍ਹਾ ਬਣਾ ਲੈਣੀ ਹੈ, ਜਿਸ ਨਾਲ ਪਟਿਆਲਾ ਵੀ ਸੈਰ ਸਪਾਟੇ ਦੇ ਕੇਂਦਰ ਵਜੋਂ ਉਭਰੇਗਾ।
ਚੇਤੇ ਰਹੇ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਪਿਛਲੀ ਸਰਕਾਰ ਸਮੇਂ ਵਿਰਾਸਤੀ ਉਤਸਵ ਮਨਾਉਣੇ ਸ਼ੁਰੂ ਕੀਤੇ ਗਏ ਸਨ ਤੇ ਪਟਿਆਲਾ ਵਿਖੇ ਲਗਾਤਾਰ 5 ਵਰ੍ਹੇ ਅਜਿਹੇ ਉਤਸਵ ਮਨਾਏ ਗਏ ਸਨ ਪਰੰਤੂ ਪਿਛਲੇ ਕਰੀਬ 12 ਸਾਲ ਇਹ ਉਤਸਵ ਨਹੀਂ ਮਨਾਏ ਗਏ ਅਤੇ ਹੁਣ ਕਾਂਗਰਸ ਸਰਕਾਰ ਦੇ ਹੋਂਦ ‘ਚ ਆਉਣ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੇ ਇਹ ਉਤਸਵ ਮੁੜ ਤੋਂ ਸੁਰਜੀਤ ਕਰਨ ਦਾ ਫੈਸਲਾ ਕੀਤਾ ਸੀ। ਇਸੇ ਤਹਿਤ ਪਿਛਲੇ 7 ਦਿਨਾਂ ਤੋਂ ਵਿਰਾਸਤੀ ਉਤਸਵ ਦੇ ਚਲਦਿਆਂ ਪਟਿਆਲਾ ‘ਚ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਸੀ ਤੇ ਪਹਿਲੇ 5 ਦਿਨ ਖ਼ੂਬਸੂਰਤ ਰੌਸ਼ਨੀਆਂ ਨਾਲ ਰੁਸ਼ਨਾਇਆ ਵਿਰਾਸਤੀ ਕਿਲਾ ਮੁਬਾਰਕ ਇਸ ਉਤਸਵ ‘ਚ ਕਲਾ ਪ੍ਰੇਮੀਆਂ ਦੇ ਸ਼ਾਮਲ ਹੋਣ ਦਾ ਗਵਾਹ ਬਣਿਆ ਤੇ ਛੇਵੇਂ ਦਿਨ ਯਾਦਵਿੰਦਰਾ ਪਬਲਿਕ ਸਕੂਲ ਦੇ ਸਟੇਡੀਅਮ ‘ਚ ਸੂਫ਼ੀਆਨਾ ਪੌਪ ਤੇ ਕਵਾਲੀ ਗਾਇਨ ਹੋਇਆ ਸੀ।
ਜਿਕਰਯੋਗ ਹੈ ਕਿ ਸਾਰਾਗੜ੍ਹੀ ਦੀ ਜੰਗ ਯੁਨੈਸਕੋ ਵੱਲੋਂ ਪ੍ਰਕਾਸ਼ਿਤ ਸਮੂਹਿਕ ਦਲੇਰੀ ਦੀਆ ਅੱਠ ਕਹਾਣੀਆਂ ਵਿੱਚੋਂ ਇਕ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਪੁਸਤਕ ‘ਸਾਰਾਗੜ੍ਹੀ ਐਂਡ ਦੀ ਡਿਫੈਂਸ ਆਫ਼ ਦੀ ਸਮਾਣਾ ਫੋਰਟਸ’ ‘ਚ ਇਸ ਜੰਗ ਦੇ ਸ਼ਹੀਦ ਜਵਾਨਾਂ ਦਾ ਚਿਤਰਣ ਕੀਤਾ ਸੀ। ਇਹ ਜੰਗ 12 ਸਤੰਬਰ 1897 ਈਸਵੀ ਨੂੰ ਉੱਤਰੀ ਪੱਛਮੀ ਪ੍ਰਾਂਤ ਦੇ ਟਾਰਾਹ ਖੇਤਰ ਵਜੀਰਸਤਾਨ (ਹੁਣ ਪਾਕਿਸਤਾਨ ਵਿੱਚ ਪੇਸ਼ਾਵਰ ਦੇ ਨੇੜੇ) ਬ੍ਰਿਟਿਸ਼ ਆਰਮੀ ਦੇ ਸਿੱਖ ਸਿਪਾਹੀਆਂ (36 ਸਿੱਖ ਰੈਜੀਮੈਂਟ) ਅਤੇ ਪਸ਼ਤੂਨ ਅਰਕੋਜ਼ਾਈ ਕਬੀਲੇ ਦੇ ਵਿਚਕਾਰ ਹੋਈ।
ਇਸ ਜੰਗ ਦੀ ਖਾਸੀਅਤ ਇਹ ਸੀ ਕਿ ਇਸ ਜੰਗ ਵਿਚ ਇਕ ਪਾਸੇ 21 ਸਿੱਖ ਸਿਪਾਹੀ ਅਤੇ ਸਹਾਇਕ ਅਤੇ ਦੂਸਰੇ ਪਾਸੇ 10,000 (1:416) ਅਫਗਾਨਾ ਦੀ ਫੌਜ਼ ਸੀ। ਸਿੱਖ ਫੋਜ਼ੀਆਂ ਨੇ 6 ਘੰਟੇ 45 ਮਿੰਟ ਪਸ਼ਤੂਨੀ ਕਬੀਲਿਆ ਦੀ ਵੰਡੀ ਫੌਜ਼ ਨੂੰ ਰੋਕ ਕੇ ਰੱਖਿਆਂ। ਇਸ ਜੰਗ ‘ਚ 22 ਸਿੱਖ ਫ਼ੌਜੀਆਂ ਨੇ ਹੌਲਦਾਰ ਈਸ਼ਰ ਸਿੰਘ ਦੀ ਅਗਵਾਈ ਹੇਠ ਆਪਣੀ ਆਸਾਧਰਣ ਬਹਾਦਰੀ ਨਾਲ ਦੁਨੀਆਂ ਦੇ ਇਤਿਹਾਸ ਵਿੱਚ ਆਪਣਾ ਨਾਮ ਸੁਨਹਿਰੀ ਅੱਖਰਾਂ ਵਿੱਚ ਦਰਜ ਕਰਵਾਏ ਸਨ। ਇਸਨੂੰ ਜੰਗ-ਏ-ਸਾਰਾਗੜ੍ਹੀ ਆਵਾਜ ਤੇ ਰੌਸ਼ਨੀ ਪਨੋਰਮਾ ਰਾਹੀਂ ਦਰਸਾਉਣ ਲਈ ਨਿਰਮਾਤਾ ਅਤੇ ਨਿਰਦੇਸ਼ਕ – ਸ. ਹਰਬਖਸ਼ ਸਿੰਘ ਲਾਟਾ ਨੇ ਦਰਸ਼ਕਾਂ ਦੇ ਸਨਮੁੱਖ ਕੀਤਾ ਹੈ।
ਸਮਾਰੋਹ ਦੌਰਾਨ ਵਿਧਾਇਕ ਹਰਦਿਆਲ ਸਿੰਘ ਕੰਬੋਜ, ਰਾਣੀ ਹਰਪ੍ਰਿਆ ਕੌਰ, ਗੁਰਮੀਤ ਕੌਰ ਕੰਬੋਜ, ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਡਿਪਟੀ ਮੇਅਰ ਵਿਨਤੀ ਸੰਗਰ, ਮੁੱਖ ਮੰਤਰੀ ਦੇ ਓ.ਐਸ.ਡੀ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਸ੍ਰੀ ਰਜੇਸ਼ ਕੁਮਾਰ, ਸ੍ਰੀਮਤੀ ਅਨੀਤਾ ਸਿੰਘ, ਕੈਪਟਨ ਅਮਰਜੀਤ ਸਿੰਘ ਜੇਜੀ, ਸੱਭਿਆਚਾਰਕ ਮਾਮਲੇ ਵਿਭਾਗ ਦੇ ਡਾਇਰੈਕਟਰ ਸ. ਸ਼ਿਵਦੁਲਾਰ ਸਿੰਘ ਢਿੱਲੋਂ, ਆਈ.ਜੀ. ਏ.ਐਸ. ਰਾਏ, ਡੀ.ਆਈ.ਜੀ. ਡਾ. ਸੁਖਚੈਨ ਸਿੰਘ ਗਿੱਲ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਐਸ.ਐਸ.ਪੀ. ਡਾ. ਐਸ. ਭੁਪਤੀ, ਐਸ.ਐਸ.ਪੀ. ਫਤਿਹਗੜ੍ਹ ਸਾਹਿਬ ਸ੍ਰੀਮਤੀ ਅਲਕਾ ਮੀਨਾ, ਐਨ.ਆਈ.ਐਸ. ਦੇ ਕਾਰਜਕਾਰੀ ਡਾਇਰੈਕਟਰ ਡਾ. ਐਸ.ਐਸ. ਰੋਇ, ਸਕਿਉਰਟੀ ਕੋਆਰਡੀਨੇਟਰ ਵੀ.ਕੇ. ਵਰਮਾ, ਡਾ. ਦਰਸ਼ਨ ਸਿੰਘ ਘੁੰਮਣ, ਕੇ.ਕੇ. ਮਲਹੋਤਰਾ, ਕੇ.ਕੇ. ਸਹਿਗਲ, ਰਜਿੰਦਰ ਸ਼ਰਮਾ ਰਾਜੂ ਸਮੇਤ ਹੋਰ ਕੌਂਸਰਲਰ, ਸੋਨੂ ਸੰਗਰ, ਕਰਨਲ ਆਰ.ਪੀ.ਐਸ ਬਰਾੜ, ਡਾ. ਅਮਰ ਸਤਿੰਦਰ ਸੇਖੋਂ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਪੂਨਮਦੀਪ ਕੌਰ ਸਮੇਤ ਪਟਿਆਲਾ ਵਾਸੀ ਤੇ ਕਲਾ ਪ੍ਰੇਮੀਆਂ ਸਮੇਤ ਨੇ ਵੱਡੀ ਗਿਣਤੀ ਪਟਿਆਲਾ ਵਾਸੀਆਂ ਨੇ ਸ਼ਿਰਕਤ ਕਰਕੇ ਇਸ ਪਨੋਰਮਾ ਦਾ ਅਨੰਦ ਮਾਣਿਆ।

Leave a Reply

Your email address will not be published.