Development work worth 23 crore to begin soon in Patiala

August 13, 2018 - PatialaPolitics


ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਕਰਜਾ ਮੁਆਫ਼ੀ ਮਗਰੋਂ ਸੂਬੇ ਦੇ ਪੰਜਾਬ ਅਨੁਸੂਚਿਤ ਜਾਤੀਆਂ ਭੋਂ ਵਿਕਾਸ ਤੇ ਵਿੱਤ ਨਿਗਮ ਅਤੇ ਪੰਜਾਬ ਪੱਛੜੀਆਂ ਸ੍ਰੇਣੀਆਂ ਭੋ ਵਿਕਾਸ ਤੇ ਵਿੱਤ ਨਿਗਮ ਦੇ ਕਰਜਦਾਰ ਕਿਰਤੀ ਕਾਮਿਆਂ ਦੇ 50-50 ਹਜ਼ਾਰ ਰੁਪਏ ਤੱਕ ਦੇ ਮੁਆਫ਼ ਕੀਤੇ ਕਰਜ਼ਿਆਂ ਦੇ ਪ੍ਰਮਾਣ ਪੱਤਰ ਪਟਿਆਲਾ ਜ਼ਿਲ੍ਹੇ ਅੰਦਰ ਵੰਡੇ ਜਾ ਰਹੇ ਹਨ। ਇਸੇ ਤਹਿਤ ਅੱਜ ਇਥੇ ਨਗਰ ਨਿਗਮ ਦੇ ਸਾਹਿਰ ਲੁਧਿਆਣਵੀ ਆਡੋਟੋਰੀਅਮ ਵਿਖੇ ਕਰਵਾਏ ਸਮਾਗਮ ਦੌਰਾਨ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਪਟਿਆਲਾ ਸ਼ਹਿਰੀ ਵਿਧਾਨ ਸਭਾ ਹਲਕੇ ਦੇ 41 ਕਰਜਦਾਰ ਲਾਭਪਾਤਰੀਆਂ ਨੂੰ 13.32 ਲੱਖ ਰੁਪਏ ਦੀ ਕਰਜ਼ਾ ਮੁਆਫ਼ੀ ਦੇ ਪ੍ਰਮਾਣ ਪੱਤਰ ਸੌਂਪੇ।
ਇਸ ਮੌਕੇ ਇਕੱਤਰ ਹੋਏ ਲਾਭਪਾਤਰੀਆਂ ਤੇ ਹੋਰਨਾਂ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਪਰਨੀਤ ਕੌਰ ਨੇ ਦੱਸਿਆ ਕਿ ਭਾਵੇਂ ਕਿ ਪਿਛਲੀ ਸਰਕਾਰ ਵੱਲੋਂ ਲੰਘੇ 10 ਸਾਲਾਂ ਦੌਰਾਨ ਅਪਣਾਈਆਂ ਗਈਆਂ ਮਾੜੀਆਂ ਨੀਤੀਆਂ ਕਰਕੇ ਸੂਬੇ ਦੇ ਖ਼ਜ਼ਾਨੇ ਦੀ ਸਥਿਤੀ ਆਗਿਆ ਨਹੀਂ ਸੀ ਦਿੰਦੀ ਪਰੰਤੂ ਇਸਦੇ ਬਾਵਜੂਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਾਸੀਆਂ ਨਾਲ ਕੀਤੇ ਆਪਣੇ ਹਰ ਵਾਅਦੇ ਨੂੰ ਪੂਰਾ ਕਰਨ ਦਾ ਤਹੱਈਆ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸੇ ਤਹਿਤ ਕਿਸਾਨਾਂ ਤੇ ਕਿਰਤੀਆਂ ਦੀ ਕਰਜ਼ਾ ਮੁਆਫ਼ੀ, ਨਸ਼ਿਆਂ ਦਾ ਲੱਕ ਤੋੜਨਾ, ਘਰ-ਘਰ ਰੋਜ਼ਗਾਰ ਅਤੇ ਹੋਰ ਬਹੁਤ ਸਾਰੇ ਅਹਿਮ ਪ੍ਰਾਜੈਕਟ ਅਰੰਭੇ ਗਏ ਹਨ।
ਸਾਬਕਾ ਕੇਂਦਰੀ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪੰਜਾਬ ਅਨੁਸੂਚਿਤ ਜਾਤੀਆਂ ਭੋਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਵੱਲੋਂ 14269 ਕਰਜ਼ਦਾਰਾਂ ਅਤੇ ਬੈਕਫਿੰਕੋ ਦੇ 1630 ਦੇ ਕਰਜਦਾਰ ਲਾਭਪਾਤਰੀਆਂ ਦੇ ਕਰੀਬ 52.59 ਕਰੋੜ ਰੁਪਏ ਦੇ ਕਰਜੇ ਮੁਆਫ਼ ਕੀਤੇ ਹਨ ਜਦੋਂਕਿ ਇਕੱਲੇ ਪਟਿਆਲਾ ਜ਼ਿਲ੍ਹੇ ‘ਚ ਅਜਿਹੇ ਕਰਜ਼ਿਆਂ ਤੋਂ ਰਾਹਤ ਪਾਉਣ ਵਾਲਿਆਂ ਦੀ ਗਿਣਤੀ 928 ਹੈ, ਜ਼ਿਨ੍ਹਾਂ ਨੂੰ 3 ਕਰੋੜ 16 ਲੱਖ ਰੁਪਏ ਦੀ ਮੁਆਫ਼ੀ ਮਿਲੀ ਹੈ।
ਸ੍ਰੀਮਤੀ ਪਰਨੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਪਟਿਆਲਾ ਦੇ ਵਿਕਾਸ ਕਾਰਜਾਂ ਨੂੰ ਵਿਸ਼ੇਸ਼ ਮਨਜੂਰੀ ਦਿੱਤੀ ਹੈ, ਜਿਸ ਤਹਿਤ ਕਰੀਬ 23 ਕਰੋੜ ਰੁਪਏ ਦੇ ਟੈਂਡਰ ਨਗਰ ਨਿਗਮ ਵੱਲੋਂ ਜਲਦੀ ਲਗਾਏ ਜਾ ਰਹੇ ਹਨ ਅਤੇ ਕਿਸੇ ਵੀ ਵਾਰਡ ‘ਚ ਕੋਈ ਵੀ ਕੰਮ ਅਧੂਰਾ ਨਹੀਂ ਰਹੇਗਾ। ਜਦੋਂਕਿ ਪਿਛਲੇ ਲੰਮੇ ਅਰਸੇ ਤੋਂ ਲਟਕੇ ਡੇਅਰੀਆਂ ਨੂੰ ਬਾਹਰ ਕੱਢਣ ਦੇ ਪ੍ਰਾਜੈਕਟ ਦਾ ਵੀ ਛੇਤੀ ਹੀ ਟੈਂਡਰ ਲਗਾਇਆ ਜਾ ਰਿਹਾ ਹੈ।
ਸ੍ਰੀਮਤੀ ਪਰਨੀਤ ਕੌਰ ਨੇ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਮੁੱਖ ਮੰਤਰੀ ਵੱਲੋਂ 15 ਅਗਸਤ ਨੂੰ ਸ਼ੁਰੂ ਕੀਤੇ ਜਾ ਰਹੇ ਵਿਦਿਆਰਥੀਆਂ ਦੇ ‘ਬੱਡੀਜ’ ਨਾ ਦੇ ਵਿਸ਼ੇਸ਼ ਪ੍ਰੋਗਰਾਮ ਦਾ ਜਿਕਰ ਕਰਦਿਆਂ ਪਟਿਆਲਾ ਦੇ ਸਮੂਹ ਕੌਂਸਲਰਾਂ ਨੂੰ ਸੱਦਾ ਦਿੱਤਾ ਕਿ ਉਹ ਸਰਕਾਰ ਦੇ ਕਦਮ ਨਾਲ ਕਦਮ ਮਿਲਾਉਂਦਿਆਂ ਆਪਣੇ ਵਾਰਡਾਂ ‘ਚ ਸਮਾਜ ਸੇਵੀ ਸੰਸਥਾਵਾਂ ਅਤੇ ਹੋਰਨਾਂ ਪਤਵੰਤਿਆਂ ਦਾ ਸਹਿਯੋਗ ਲੈਕੇ ਨਸ਼ੇ ਦੀ ਗ੍ਰਿਫ਼ਤ ‘ਚ ਆਏ ਲੋਕਾਂ ਦੇ ਇਲਾਜ ਲਈ ਹੰਭਲਾ ਮਾਰਨ, ਕਿਉਂਕਿ ਸਰਕਾਰ ਨਸ਼ਿਆਂ ਦਾ ਲੱਕ ਪਹਿਲਾਂ ਹੀ ਤੋੜ ਚੁੱਕੀ ਹੈ ਅਤੇ ਹੁਣ ਲੋੜ ਸਿਰਫ਼ ਨਸ਼ੇ ਦੀ ਲੱਤ ਲਗਾ ਚੁਕੇ ਲੋਕਾਂ ਨੂੰ ਸੰਭਾਲਣ ਦੀ ਹੈ।
ਇਸ ਤੋਂ ਪਹਿਲਾਂ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ ਨੇ ਲੋਕਾਂ ਨੂੰ ਪਾਣੀ ਬਚਾਉਣ ਦਾ ਹੋਕਾ ਦਿੱਤਾ ਅਤੇ ਸਰਕਾਰ ਦੀ ਇਸ ਕਰਜ਼ਾ ਰਾਹਤ ਸਕੀਮ ਦੀ ਸ਼ਲਾਘਾ ਕਰਦਿਆਂ ਲਾਭਪਾਤਰੀਆਂ ਨੂੰ ਵਧਾਈ ਵੀ ਦਿੱਤੀ। ਇਸ ਸਮੇਂ ਸ੍ਰੀਮਤੀ ਪਰਨੀਤ ਕੌਰ ਤੇ ਹੋਰਨਾਂ ਦਾ ਸਵਾਗਤ ਕਰਦਿਆਂ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਨੇ ਪਟਿਆਲਾ ‘ਚ ਚੱਲ ਰਹੇ ਵਿਕਾਸ ਕਾਰਜਾਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਸ਼ਹਿਰ ‘ਚ 2 ਕਰੋੜ ਰੁਪਏ ਦੀ ਲਾਗਤ ਨਾਲ ਕਰੀਬ 600 ਕਿਲੋਮੀਟਰ ਲੰਮੇ ਸੀਵਰੇਜ ਨੂੰ ਸਾਫ਼ ਕਰਨ ਦਾ ਕੰਮ ਚੱਲ ਰਿਹਾ ਹੈ। ਜਦੋਂਕਿ ਸ਼ਹਿਰ ਦੀ ਹਰ ਵਾਰਡ ‘ਚ ਹੁਣ ਕੰਮ ਸ਼ੁਰੂ ਹੋਣ ਜਾ ਰਹੇ ਹਨ, ਜਿਸ ਲਈ ਹਰ ਕੌਂਸਲਰ ਸਮੁਚੀ ਵਾਰਡ ਦੇ ਨਿਵਾਸੀਆਂ ਨੂੰ ਨਾਲ ਲੈਕੇ ਇਨ੍ਹਾਂ ਕੰਮਾਂ ਦੀ ਨਿਗਰਾਨੀ ਖ਼ੁਦ ਕਰਕੇ ਗੁਣਵੱਤਾ ਭਰਪੂਰ ਕੰਮ ਕਰਵਾਉਣ।
ਇਸ ਮੌਕੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ. ਐਸ.ਐਸ. ਘੁੰਮਣ, ਪਟਿਆਲਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਸ੍ਰੀ ਪੀ.ਕੇ. ਪੁਰੀ, ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸ. ਯੋਗਿੰਦਰ ਸਿੰਘ ਯੋਗੀ, ਡਿਪਟੀ ਮੇਅਰ ਸ੍ਰੀਮਤੀ ਵਿਨਤੀ ਸੰਗਰ, ਕਾਂਗਰਸ ਦੇ ਐਸ.ਸੀ. ਡਿਪਾਰਟਮੈਂਟ ਦੇ ਪਟਿਆਲਾ ਚੇਅਰਮੈਨ ਸ੍ਰੀ ਸੋਨੂੰ ਸੰਗਰ, ਬੀ.ਸੀ. ਸੈਲ ਦੇ ਚੇਅਰਮੈਨ ਸ੍ਰੀ ਰਜੇਸ਼ ਮੰਡੋਰਾ, ਬਲਾਕ ਪ੍ਰਧਾਨ ਨਰੇਸ਼ ਦੁੱਗਲ, ਅਨਿਲ ਮੰਗਲਾ, ਜ਼ਿਲ੍ਹਾ ਕਾਂਗਰਸ ਦੇ ਜਨਰਲ ਸਕੱਤਰ ਰਜੇਸ਼ ਘਾਰੂ, ਜ਼ਿਲ੍ਹਾ ਭਲਾਈ ਅਫ਼ਸਰ ਸ. ਗੁਰਿੰਦਰਜੀਤ ਸਿੰਘ ਧਾਲੀਵਾਲ, ਨਗਰ ਨਿਗਮ ਦੇ ਸਮੁਚੇ ਕੌਂਸਲਰ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।