Stray cattle to be shifted to Gazipur Gaushala
August 14, 2018 - PatialaPolitics
ਸੜਕ ‘ਤੇ ਦੁਰਘਟਨਾਵਾਂ ਦਾ ਕਾਰਨ ਬਣਦੇ ਸਾਰੇ ਅਵਾਰਾ ਪਸ਼ੂਆਂ ਨੂੰ ਗਾਜੀਪੁਰ ਸਥਿਤ ਸਰਕਾਰੀ ਗਊਸ਼ਾਲਾ ਵਿੱਚ ਭੇਜਿਆ ਜਾਵੇਗਾ । ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਅੱਜ ਮਿਨੀ ਸਕੱਤਰੇਤ ਵਿੱਚ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ । ਉਹਨਾਂ ਨੇ ਦੱਸਿਆ ਕਿ ਸਰਕਾਰੀ ਕੈਟਲ ਪੌਂਡ ਗਾਜੀਪੁਰ ਦੀ ਸਮਰੱਥਾ ਪਿਛਲੇ ਸਾਲ ਤੱਕ ਸਿਰਫ 200 ਪਸ਼ੂ ਰੱਖਣ ਦੀ ਕੀਤੀ ਸੀ ਪਰੰਤੂ ਹੁਣ ਇਸ ਨੂੰ ਵਧਾ ਕੇ 1200 ਕਰ ਦਿੱਤਾ ਗਿਆ ਹੈ । ਪਿਛਲੇ ਹਫ਼ਤੇ ਹੀ ਇੱਕ ਮੁਹਿੰਮ ਚਲਾ ਕੇ 50 ਅਵਾਰਾ ਪਸ਼ੂਆਂ ਨੂੰ ਗਾਜੀਪੁਰ ਭੇਜਿਆ ਗਿਆ ਹੈ । ਨਾਲ ਹੀ ਉਨ੍ਹਾਂ ਨੇ ਜਿਲਾ ਟਰੈਫਿਕ ਪੁਲਿਸ ਅਤੇ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਸੰਗਰੂਰ ਰੋਡ ਉੱਤੇ ਛਾਉਣੀ ਖੇਤਰ ਵਿੱਚ ਖਾਸ ਤੌਰ ‘ਤੇ ਖਿਆਲ ਰੱਖਿਆ ਜਾਵੇ ਕਿ ਕੋਈ ਵੀ ਵਿਅਕਤੀ ਆਪਣੇ ਪਸ਼ੂਆਂ ਨੂੰ ਅਵਾਰਾ ਨਾ ਛੱਡ ਕੇ ਜਾਵੇ । ਮੀਟਿੰਗ ਵਿੱਚ ਫ਼ੈਸਲਾ ਲਿਆ ਗਿਆ ਹੈ ਕਿ ਸੜਕ ਸੁਰੱਖਿਆ ਦੇ ਸੰਦਰਭ ਵਿੱਚ ਫੀਡ ਬੈਕ ਦੇਣ ਲਈ ਇੱਕ ਸਭ ਕਮੇਟੀ ਦਾ ਗਠਨ ਕੀਤਾ ਜਾਵੇ । ਐਸ.ਪੀ. ਟਰੈਫਿਕ , ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਅਤੇ ਐਨ.ਜੀ.ਓ. ਪਟਿਆਲਾ ਫਾਉਂਡੇਸ਼ਨ ਦੇ ਆਗੂ ਦੀ ਅਗਵਾਈ ਹੇਠ ਗਠਿਤ ਕੀਤੀ ਗਈ ਇਹ ਕਮੇਟੀ ਸ਼ਹਿਰ ਅਤੇ ਆਸ ਪਾਸ ਦੇ ਖੇਤਰਾਂ ਵਿੱਚ ਸੜਕ ਦੁਰਘਟਨਾਵਾਂ ਰੋਕਣ ,ਵਧੀਆ ਟਰੈਫਿਕ ਵਿਵਸਥਾ , ਜਨਤਕ ਜਾਇਦਾਦ ਦਾ ਸੰਭਾਵਿਕ ਨੁਕਸਾਨ ਰੋਕਣ ਅਤੇ ਸੁੰਦਰਤਾ ਬਣਾਈ ਰੱਖਣ ਜਿਹੇ ਮੁੱਦਿਆਂ ‘ਤੇ ਹਰ 15 ਦਿਨਾਂ ਵਿੱਚ ਕਾਰਵਾਈ ਕਰਕੇ ਡਿਪਟੀ ਕਮਿਸ਼ਨਰ ਨੂੰ ਆਪਣੀ ਰਿਪੋਰਟ ਦੇਵੇਗੀ । ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਜਨਤਕ ਇਮਾਰਤਾਂ ਨੂੰ ਗੰਦਾ ਕਰਨ ਵਲਿਆਂ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ । ਪਿਛਲੇ ਮਹੀਨੇ ਸ਼ਹਿਰ ਵਿੱਚ 141 ਦੇ ਚਲਾਣ ਨਗਰ ਨਿਗਮ ਦੀ ਪਬਲਿਕ ਪ੍ਰਾਪਰਟੀ ਨੂੰ ਨੁਕਾਸਨ ਪਹੁੰਚਾਉਣ ਅਤੇ ਗੰਦਾ ਕਰਨ ਵਾਲਿਆਂ ਦੇ ਕੱਟੇ ਗਏ ਹਨ । ਹੁਣ ਅਜਿਹੇ ਵਿਅਕਤੀਆਂ ਦੇ ਖਿਲਾਫ ਐਫ.ਆਈ.ਆਰ. ਵੀ ਦਰਜ ਕੀਤੀ ਜਾਵੇਗੀ । ਉਨ੍ਹਾਂ ਨੇ ਕਿਹਾ ਕਿ ਓਵਰ ਬ੍ਰਿਜ , ਸਰਕਾਰੀ ਇਮਾਰਤਾਂ ਆਦਿ ਨੂੰ ਸੁੰਦਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਇਸ ਦੇ ਲਈ ਸਕੂਲੀ ਬੱਚਿਆਂ ਵਿੱਚ ਪੇਂਟਿੰਗ ਪ੍ਰਤੀਯੋਗਿਤਾ ਵੀ ਕਰਵਾਈ ਜਾਵੇ । ਡਿਪਟੀ ਕਮਿਸ਼ਨਰ ਨੇ ਟਰੈਫਿਕ ਪੁਲਿਸ ਨੂੰ ਨਿਰਦੇਸ਼ ਦਿੱਤੇ ਹਨ ਕਿ ਹਾਈਵੇਅ ਉੱਤੇ ਵਾਹਨ ਚਲਾਉਣ ਵਾਲਿਆਂ ਅਤੇ ਸੜਕ ਕੰਢੇੇ ਵਾਹਨਾਂ ਨੂੰ ਗ਼ੈਰ ਕਾਨੂੰਨੀ ਰੂਪ ਵਿੱਚ ਖੜ੍ਹਾ ਕਰਨ ਵਾਲਿਆਂ ‘ਤੇ ਕਾਰਵਾਈ ਕੀਤੀ ਜਾਵੇ ਜਿਸ ਦੇ ਨਾਲ ਦੁਰਘਟਨਾਵਾਂ ਵਿੱਚ ਕਮੀ ਲਿਆਂਦੀ ਜਾ ਸਕੇ ਅਤੇ ਬਹੁ ਮੁੱਲੀਆਂ ਇਨਸਾਨੀ ਜਾਨਾਂ ਨੂੰ ਬਚਾਇਆ ਜਾ ਸਕੇ । ਇਸ ਤੋਂ ਇਲਾਵਾ ਸ਼ਹਿਰ ਵਿੱਚ ਸਵੇਰੇ ਅੱਠ ਵਜੇ ਤੋਂ ਸ਼ਾਮ ਅੱਠ ਵਜੇ ਤੱਕ ਭਾਰੀ ਵਾਹਨਾਂ ਦਾ ਦਾਖਲਾ ਬੰਦ ਕੀਤਾ ਗਿਆ ਹੈ । ਸਾਈਨ ਬੋਰਡ ਲਗਵਾਉਣ ਤੋਂ ਇਲਾਵਾ , ਨਾਕੇ ਲਗਾ ਕੇ ਭਾਰੀ ਵਾਹਨਾਂ ਦਾ ਸ਼ਹਿਰ ਦੀ ਸੀਮਾ ਵਿੱਚ ਪ੍ਰਵੇਸ਼ ਰੋਕਿਆ ਜਾਵੇ । ਮੀਟਿੰਗ ਵਿੱਚ ਸਹਾਇਕ ਕਮਿਸ਼ਨਰ ਅੰਡਰ ਟਰੇਨਿੰਗ ਸ਼੍ਰੀ ਰਾਹੁਲ ਸੰਧੂ , ਸਹਾਇਕ ਕਮਿਸ਼ਨਰ ਸ਼੍ਰੀ ਨਮਨ ਮੜਕਨ , ਐਸ.ਪੀ. ਟਰੈਫਿਕ ਸ਼੍ਰੀ ਹਰਪ੍ਰੀਤ ਸਿੰਘ, ਪੀ ਡਬਲਿਊ ਡੀ ਦੇ ਐਕਸੀਅਨ ਸ਼੍ਰੀ ਨਵੀਨ ਮਿੱਤਲ , ਪਟਿਆਲਾ ਫਾਉਂਡੇਸ਼ਨ ਦੇ ਆਗੂ ਸ਼੍ਰੀ ਰਵੀ ਆਹਲੂਵਾਲੀਆ , ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ ਦੇ ਸ਼੍ਰੀ ਐਨ.ਪੀ.ਐਸ. ਲਾਂਬਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ ।