Patiala will soon become beautiful city

September 19, 2018 - PatialaPolitics

ਪਟਿਆਲਾ ਸ਼ਹਿਰ ਨੂੰ ਗੰਦਗੀ ਮੁਕਤ ਕਰਨ ਲਈ ‘ਜਾਗੋ ਪਟਿਆਲਾ, ਸਵੱਛ ਪਟਿਆਲਾ’ ਮੁਹਿੰਮ ਨਾਲ 200 ਸੰਸਥਾਵਾਂ ਨੇ ਕੀਤਾ ਜੁੜਨ ਦਾ ਫੈਸਲਾ

-ਸਾਰੇ ਮਿਸ਼ਨਰੀ ਸੰਗਠਨਾਂ ਦੇ ਸਹਿਯੋਗ ਨਾਲ ਸ਼ਹਿਰ ਦੀ ਧਰਤੀ ਬਣਾਈ ਜਾਵੇਗੀ ਸ਼ੁੱਧ
-ਮੇਅਰ ਸੰਜੀਵ ਸ਼ਰਮਾ ਬਿੱਟੂ, ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ, ਜੁਆਇੰਟ ਕਮਿਸ਼ਨਰ ਅੰਕੁਰ ਮਹਿੰਦਰੂ ਨੇ ਕੀਤੀ 200 ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ
ਪਟਿਆਲਾ, 18 ਸਤੰਬਰ :

ਪਟਿਆਲਾ ਸ਼ਹਿਰ ਨੂੰ ਸਾਫ ਸੁੱਥਰਾ ਅਤੇ ਸਵੱਛ ਬਣਾਉਣ ਲਈ ਨਗਰ ਨਿਗਮ ਨੇ ਸਮੁੱਚੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ‘ਜਾਗੋ ਪਟਿਆਲਾ, ਸਵੱਛ ਪਟਿਆਲਾ’ ਮੁਹਿੰਮ ਸ਼ੁਰੂ ਕਰਨ ਦੇ ਐਲਾਨ ਤੋਂ ਬਾਅਦ ਸ਼ਹਿਰ ਦੀਆਂ 200 ਦੇ ਲਗਭਗ ਸੰਸਥਾਵਾਂ ਨੇ ਨਗਰ ਨਿਗਮ ਨਾਲ ਜੁੜਨ ਦਾ ਫੈਸਲਾ ਕੀਤਾ ਹੈ।

ਇਥੇ ਨਗਰ ਨਿਗਮ ਦੇ ਆਡੀਟੋਰੀਅਮ ਵਿਖੇ ਇਸ ਮੁਹਿੰਮ ਨਾਲ ਜੁੜਨ ਲਈ ਮੇਅਰ ਸੰਜੀਵ ਸ਼ਰਮਾ ਬਿੱਟੂ ਦੇ ਸੱਦੇ ‘ਤੇ ਹੋਈ ਮੀਟਿੰਗ ਵਿਚ 200 ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕਰਕੇ ਇਸ ਮੁਹਿੰਮ ਨਾਲ ਜੁੜਨ ਲਈ ਫਾਰਮ ਭਰੇ। ਮੀਟਿੰਗ ਵਿਚ ਮੇਅਰ ਸੰਜੀਵ ਸ਼ਰਮਾ ਬਿੱਟੂ, ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ, ਜੁਆਇੰਟ ਕਮਿਸ਼ਨਰ ਅੰਕੁਰ ਮਹਿੰਦਰੂ ਹਾਜ਼ਰ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਕਿਹਾ ਕਿ ਸ਼ਹਿਰ ਦੀ ਸਫਾਈ ਸਿਰਫ ਸਰਕਾਰ ਅਤੇ ਨਗਰ ਨਿਗਮ ਤੱਕ ਸੀਮਿਤ ਨਹੀਂ ਰੱਖੀ ਜਾ ਸਕਦੀ। ਉਨ੍ਹਾਂ ਕਿਹਾ ਕਿ ਸਾਡਾ ਘਰ ਤਾਂ ਹੀ ਸਾਫ ਰਹਿ ਸਕਦਾ ਹੈ ਜੇਕਰ ਅਸੀਂ ਖੁੱਦ ਸਫਾਈ ਕਰੀਏ। ਅੱਜ ਜ਼ਰੂਰੀ ਹੈ ਕਿ ਹਰ ਸ਼ਹਿਰੀ ਨੂੰ ਇਸ ਮੁਹਿੰਮ ਨਾਲ ਜੋੜਿਆ ਜਾਵੇ। ਉਨ੍ਹਾਂ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਨਗਰ ਨਿਗਮ ਦੇ ਸੱਦੇ ‘ਤੇ 200 ਸੰਸਥਾਵਾਂ ਦੇ ਨੁਮਾਇੰਦੇ ਇਸ ਮਕਸਦ ਲਈ ਇਕੱਠੇ ਹੋ ਗਏ।

ਉਨ੍ਹਾਂ ਕਿਹਾ ਕਿ ਅੱਜ ਸਮੁੱਚਾ ਪਟਿਆਲਾ ਇਕ ਪਰਿਵਾਰ ਬਣ ਗਿਆ ਹੈ। ਇਸ ਤੋਂ ਲੱਗ ਰਿਹਾ ਹੈ ਕਿ ਪਟਿਆਲਾ ਹੁਣ ਹਿੰਦੁਸਤਾਨ ਦਾ ਨੰਬਰ ਇਕ ਸ਼ਹਿਰ ਬਣ ਜਾਵੇਗਾ। ਮੀਟਿੰਗ ਵਿਚ ਸ਼ਹਿਰ ਦੀਆਂ ਐਨ. ਜੀ. ਓਜ਼, ਮੁਹੱਲਾ ਸੁਧਾਰ ਕਮੇਟੀਆਂ, ਪਾਰਕ ਕਮੇਟੀਆਂ, ਯੂਥ ਕਲੱਬ, ਸਪੋਰਟਸ ਕਲੱਬ, ਧਾਰਮਿਕ ਸੰਸਥਾਵਾਂ, ਵਪਾਰਕ ਸੰਸਥਾਵਾਂ, ਮੁਲਾਜ਼ਮ ਐਸੋਸੀਏਸ਼ਨ, ਵਪਾਰਕ ਐਸੋਸੀਏਸ਼ਨਾਂ ਸਮੇਤ ਵੱਖ-ਵੱਖ ਮਿਸ਼ਨਰੀ ਸੰਸਥਾਵਾਂ ਦੇ ਨੁਮਾਇੰਦੇ ਸ਼ਾਮਲ ਹੋਏ। ਮੇਅਰ ਨੇ ਕਿਹਾ ਕਿ ਸਮਾਜਿਕ, ਧਾਰਮਿਕ ਅਤੇ ਮਿਸ਼ਨਰੀ ਸੰਸਥਾਵਾਂ ਵੀ ਅਪਣੇ ਸ਼ਰਧਾਲੂਆਂ ਨਾਲ ਮਿਲ ਕੇ ਇਸ ਵਿੱਚ ਅਪਣਾ ਯੋਗਦਾਨ ਪਾਉਣਗੇ ਤਾਂ ਕਿ ਪਟਿਆਲਾ ਨੂੰ ਅਗਾਮੀ ਦੇਸ਼ ਵਿਆਪੀ ਸਵੱਛ ਸਰਵੇਖਣ ਵਿੱਚ ਮੋਹਰੀ ਸਥਾਨ ਦਿਵਾਇਆ ਜਾਵੇ ਅਤੇ ਨਗਰ ਨਿਗਮ ਨਾਲ ਮਿਲ ਕੇ ਪਟਿਆਲਾ ਦੇ ਲੋਕ ਆਪਣੇ ਸ਼ਹਿਰ ਨੂੰ ਖੁਦ ਸਾਫ ਕਰਨਗੇ।

ਇਸ ਲਈ ਇਕ ਦਿਨ ਦੀ ‘ਸ਼੍ਰਮ ਦਾਨ’ ਮੁਹਿੰਮ 22 ਸਤੰਬਰ ਨੂੰ ਸ਼ੁਰੂ ਕੀਤੀ ਜਾ ਰਹੀ ਹੈ। ਸ਼ੇਰਾਂਵਾਲਾ ਗੇਟ ਤੋਂ ਸ਼ੁਰੂ ਹੋਣ ਵਾਲੀ ਇਸ ਮੁਹਿੰਮ ਦੀ ਸ਼ੁਰੂਆਤ ਸਾਬਕਾ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪ੍ਰਨੀਤ ਕੌਰ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਕਰਨਗੇ।

ਮੇਅਰ ਨੇ ਕਿਹਾ ਕਿ ਹਰ ਧਰਮ ਵਿੱਚ ਪ੍ਰਕ੍ਰਿਤੀ ਨੂੰ ਯੋਗ ਸਥਾਨ ਦਿੱਤਾ ਗਿਆ ਹੈ। ਲੋਕ ਧਰਮ ਤੋਂ ਦੂਰ ਜਾ ਰਹੇ ਹਨ ਜਿਸ ਕਾਰਣ ਇਹ ਕੁਦਰਤ ਦੀ ਰੱਖਿਆ ਕਰਨ ਦੀ ਬਜਾਇ ਇਸ ਨਾਲ ਖਿਲਵਾੜ ਕਰਨ ਲੱਗ ਗਏ ਹਨ। ਇਹੀ ਕਾਰਨ ਹੈ ਕਿ ਇਸ ਧਰਤੀ ਤੇ ਗੰਦਗੀ ਵੱਧਦੀ ਜਾ ਰਹੀ ਹੈ।

ਮੇਅਰ ਸੰਜੀਵ ਸ਼ਰਮਾਂ ਬਿੱਟੁ ਨੇ ਦੱਸਿਆ ਕਿ ਹਰ ਵਿਅਕਤੀ ਕਿਸੇ ਨਾ ਕਿਸੇ ਧਾਰਮਿਕ ਸੰਗਠਨ, ਸੰਸਥਾ ਜਾਂ ਡੇਰੇ ਨਾਲ ਜੁੜਿਆ ਹੋਇਆ ਹੈ। ਬਹੁਤ ਸਾਰੀਆਂ ਥਾਵਾਂ ਅਪਣੇ ਆਪ ਵਿੱਖ ਖੂਬਸੂਰਤੀ ਦਾ ਪ੍ਰਤੀਕ ਇਹਨਾਂ ਸੰਸਥਾਵਾਂ ਦੇ ਸ਼ਰਧਾਲੂਆਂ ਵੱਲੋਂ ਹੀ ਬਣਾਈਆਂ ਗਈਆਂ ਹਨ ਇਸ ਲਈ ਉਮੀਦ ਹੈ ਕਿ ਇਹਨਾਂ ਸੰਸਥਾਵਾਂ ਵੱਲੋਂ ਪੂਰੇ ਸ਼ਹਿਰ ਨੂੰ ਵੀ ਇਸੇ ਤਰ੍ਹਾਂ ਖੂਬਸੂਰਤ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵਲੋਂ ਇਸ ਸ਼ਾਹੀ ਸ਼ਹਿਰ ਨੂੰ ਖੂਬਸੂਰਤ ਬਣਾਉਣ ਲਈ ਕਈ ਤਰ੍ਹਾਂ ਦੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ, ਜਿਸ ਦੇ ਤਹਿਤ ਅੰਡਰਗਰਾਊਂਡ ਕੂੜਾ ਦਾਨ, ਹੱਡਾ ਰੋੜੀ ਸ਼ਹਿਰ ਤੋਂ ਬਾਹਰ ਸ਼ਿਫਟ ਕਰਨਾ, ਡੰਪਿੰਡ ਗਰਾਉਂਡ ਸ਼ਹਿਰ ਤੋਂ ਬਾਹਰ ਸ਼ਿਫਟ ਕਰਨਾ, ਸੀਵਰੇਜ ਸਿਸਟਮ ਵਿਚ ਸੁਧਾਰ ਕਰਨਾ ਸ਼ਾਮਲ ਹੈ।
ਉਨ੍ਹਾਂ ਕਿਹਾ ਕਿ ਸਫਾਈ ਨਗਰ ਨਿਗਮ ਦਾ ਮੁੱਖ ਏਜੰਡਾ ਹੈ, ਜਿਸ ਲਈ ਸ਼ਹਿਰ ਨੂੰ ਨਾਲ ਲੈ ਕੇ ਲੋਕ ਲਹਿਰ ਖੜ੍ਹੀ ਕੀਤੀ ਜਾ ਰਹੀ ਹੈ। ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਸ਼ਹਿਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਮੁਹਿੰਮ ਨੂੰ ਸਫਲ ਬਣਾਉਣ ਤਾਂ ਕਿ ਪੰਜਾਬ ਸਰਕਾਰ ਦੀ ਤੰਦਰੁਸਤ ਪੰਜਾਬ ਮੁਹਿੰਮ ਨੂੰ ਸਫਲ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਸਫਾਈ ਹੋਵੇਗੀ ਤਾਂ ਹੀ ਤੰਦਰੁਸਤੀ ਆਵੇਗੀ। ਨਗਰ ਨਿਗਮ ਇਸ ਮੁਹਿੰਮ ਨੂੰ ਸਫਲ ਬਣਾਉਣ ਵਿਚ ਆਪਣੀ ਪੂਰੀ ਮਸ਼ੀਨਰੀ ਲਾ ਦਵੇਗਾ। ਜੁਆਇੰਟ ਕਮਿਸ਼ਨਰ ਅੰਕੁਰ ਮਹਿੰਦਰੂ ਨੇ 22 ਸਤੰਬਰ ਨੂੰ ਸ਼ੁਰੂ ਹੋਣ ਵਾਲੀ ਇਸ ਮੁਹਿੰਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦਿਨ 16 ਪੁਆਇੰਟਾਂ ਤੋਂ ਸਫਾਈ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਮੀਟਿੰਗ ਵਿਚ ਹੈਲਥ ਅਫਸਰ ਤੋਂ ਇਲਾਵਾ ਨਿਗਮ ਦੇ ਹੋਰ ਅਧਿਕਾਰੀ ਹਾਜ਼ਰ ਸਨ।

ਨੰ: ਲਸਪ (ਪ੍ਰੈ:ਰੀ:)-18/