14 kms Sewage line cleared in Patiala
October 18, 2018 - PatialaPolitics
ਸੀਵਰੇਜ ਬੰਦ ਹੋਣ ਦੀ ਸਮੱਸਿਆ ਨਾਲ ਲੰਮੇ ਸਮੇਂ ਤੋਂ ਜੂਝ ਰਹੇ ਪਟਿਆਲਾ ਸ਼ਹਿਰ ਦੇ ਨਿਵਾਸੀਆਂ ਨੂੰ ਹੁਣ ਕਾਫ਼ੀ ਹੱਦ ਤੱਕ ਇਸ ਸਮੱਸਿਆ ਤੋਂ ਨਿਜਾਤ ਮਿਲ ਗਈ ਹੈ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ ‘ਤੇ ਪਟਿਆਲਾ ਸ਼ਹਿਰ ਦੀਆਂ ਤਕਰੀਬਨ 30 ਕਿਲੋਮੀਟਰ ਲੰਮੀਆਂ ਸੀਵਰੇਜ ਲਾਈਨਾਂ ਨੂੰ 4 ਕਰੋੜ 50 ਲੱਖ ਰੁਪਏ ਦੇ ਖਰਚੇ ਨਾਲ ਸੁਪਰ ਸਕਸ਼ਨ ਮਸ਼ੀਨਾਂ ਨਾਲ ਸਾਫ਼ ਕਰਵਾਇਆ ਜਾ ਰਿਹਾ ਹੈ।
ਪਟਿਆਲਾ ਦੇ ਮੇਅਰ ਸ਼੍ਰੀ ਸੰਜੀਵ ਸ਼ਰਮਾ ਬਿੱਟੂ ਨੇ ਦੱਸਿਆ ਕਿ ਪਟਿਆਲਾ ਸ਼ਹਿਰ ਦੇ ਅੰਦਰੂਨੀ ਤੇ ਬਾਹਰ ਦੀਆਂ ਕਾਲੋਨੀਆਂ ਵਿੱਚ 30 ਕਿਲੋਮੀਟਰ ਲੰਮੀਆਂ ਮੇਨ ਸੀਵਰੇਜ ਲਾਈਨਾਂ ਹਨ ਇਹਨਾਂ ਵਿੱਚੋਂ ਹੁਣ ਤੱਕ 14 ਕਿਲੋਮੀਟਰ ਲੰਮੀਆਂ ਸੀਵਰੇਜ ਲਾਈਨਾਂ ਦੀ ਅਤਿ ਆਧੁਨਿਕ ਸੁਪਰ ਸਕਸ਼ਨ ਮਸ਼ੀਨਾਂ ਨਾਲ ਸਫ਼ਾਈ ਮੁਕੰਮਲ ਕੀਤੀ ਜਾ ਚੁੱਕੀ ਹੈ। ਮੇਅਰ ਨੇ ਦੱਸਿਆ ਕਿ ਇਸ ਨਵੀਨਤਮ ਪ੍ਰਣਾਲੀ ਨਾਲ ਸੀਵਰ ਲਾਈਨਾਂ ਦੀ ਸਫ਼ਾਈ ਨਾਲ ਪਟਿਆਲਾ ਸ਼ਹਿਰ ਦੀਆਂ 93 ਦੇ ਕਰੀਬ ਕਾਲੋਨੀਆਂ ਦੀ ਤਕਰੀਬਨ 2 ਲੱਖ ਦੇ ਕਰੀਬ ਆਬਾਦੀ ਨੂੰ ਲਾਭ ਪੁੱਜਾ ਹੈ। ਮੇਅਰ ਨੇ ਦੱਸਿਆ ਕਿ 1 ਕਿਲੋਮੀਟਰ ਸੀਵਰ ਲਾਈਨ ਦੀ ਸਫ਼ਾਈ ‘ਤੇ ਲਗਭਗ 15 ਲੱਖ 13 ਹਜ਼ਾਰ ਰੁਪਏ ਖਰਚਾ ਆਉਂਦਾ ਹੈ ਅਤੇ ਹੁਣ ਤੱਕ ਸਾਫ਼ ਕੀਤੀਆਂ 14 ਕਿਲੋਮੀਟਰ ਲਾਈਨਾਂ ‘ਤੇ 2 ਕਰੋੜ 11 ਲੱਖ ਰੁਪਏ ਦੇ ਕਰੀਬ ਖਰਚ ਆ ਚੁੱਕਾ ਹੈ। ਮੇਅਰ ਨੇ ਦੱਸਿਆ ਕਿ ਪਿਛਲੇ 10 ਸਾਲਾਂ ਤੋਂ ਕਿਸੇ ਨੇ ਸੀਵਰੇਜ ਦੀ ਸਫ਼ਾਈ ਵੱਲ ਧਿਆਨ ਨਹੀਂ ਦਿੱਤਾ ਸੀ।
ਮੇਅਰ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਦੇ ਦਿੱਤੇ ਆਦੇਸ਼ਾਂ ਤਹਿਤ ਸ਼ਹਿਰ ਵਿੱਚ ਸੀਵਰੇਜ ਬੰਦ ਹੋਣ ਦੀ ਸਮੱਸਿਆ ਦੇ ਪੱਕੇ ਹੱਲ ਦੇ ਯਤਨ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਇਹ ਸੀਵਰੇਜ ਲਾਈਨਾਂ ਦੀ ਸਫ਼ਾਈ ਦਾ ਕੰਮ 2 ਮਹੀਨੇ ਵਿੱਚ ਮੁਕੰਮਲ ਕਰ ਲਿਆ ਜਾਵੇਗਾ। ਉਹਨਾਂ ਦੱਸਿਆ ਕਿ ਪਟਿਆਲਾ ਸ਼ਹਿਰ ਦੇ ਪੁਰਾਣੇ ਬਰਸਾਤੀ ਨਾਲੇ ਜਿਸ ਨੂੰ ਬਿਨਾਂ ਕਿਸੇ ਵਿਉਤਬੰਦੀ ਦੇ ਲੈਂਟਰ ਪਾ ਕੇ ਢੱਕ ਦਿੱਤਾ ਗਿਆ ਸੀ ਦੀ ਵੀ ਕਾਫ਼ੀ ਲੰਮੇ ਸਮੇਂ ਤੋਂ ਸਫ਼ਾਈ ਨਾ ਹੋਣ ਕਾਰਨ ਬਰਸਾਤਾਂ ਦੇ ਦਿਨਾਂ ਵਿੱਚ ਸੜਕਾਂ ‘ਤੇ ਪਾਣੀ ਖੜ੍ਹਨ ਦੀ ਸਮੱਸਿਆ ਦੇਖਣ ਨੂੰ ਮਿਲਦੀ ਹੈ। ਮੇਅਰ ਨੇ ਦੱਸਿਆ ਕਿ ਇਸ ਸਮੱਸਿਆ ਦੇ ਹੱਲ ਲਈ ਕਾਲੇ ਮੂੰਹ ਵਾਲੀ ਬਗੀਚੀ ਤੋਂ ਲੈ ਕੇ ਲਹੌਰੀ ਗੇਟ ਤੱਕ ਇਸ ਢੱਕੇ ਹੋਏ ਬਰਸਾਤੀ ਨਾਲੇ ਨੂੰ ਸਾਫ਼ ਕਰਨ ਦਾ ਕੰਮ ਵੀ ਛੇਤੀ ਹੀ ਸ਼ੁਰੂ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਹੁਣ ਤੱਕ ਪਟਿਆਲਾ ਸ਼ਹਿਰ ਦੀਆਂ 13 ਕਿਲੋਮੀਟਰ ਦੇ ਕਰੀਬ ਸੀਵਰ ਲਾਈਨਾਂ ਨੂੰ ਸੁਪਰ ਸਕਸ਼ਨ ਮਸ਼ੀਨਾਂ ਨਾਲ ਸਾਫ਼ ਕੀਤਾ ਗਿਆ ਹੈ ਉਸ ਵਿੱਚ ਬਡੂੰਗਰ ਤੋਂ ਪ੍ਰਤਾਪ ਨਗਰ ਤੱਕ ਦੀ ਤਿੰਨ ਕਿਲੋਮੀਟਰ ਸੀਵਰ ਲਾਈਨ, ਮਹਿੰਦਰਾ ਕਾਲਜ ਤੋਂ ਕੜ੍ਹਾਹ ਵਾਲਾ ਚੌਂਕ, ਚਾਂਦਨੀ ਚੌਂਕ ਤੇ ਭਾਸ਼ਾ ਵਿਭਾਗ ਤੇ ਭਾਸ਼ਾ ਵਿਭਾਗ ਤੋਂ ਲਾਹੌਰੀ ਗੇਟ ਤੱਕ ਦੀ ਤਕਰੀਬਨ 4.25 ਕਿਲੋਮੀਟਰ ਲਾਈਨ, ਸਰਹਿੰਦ ਰੋਡ ਤੋਂ ਇੰਦਰ ਕਲੋਨੀ ਦੀ ਤਕਰੀਬਨ 1.5 ਕਿਲੋਮੀਟਰ, ਬੰਨਾ ਰੋਡ ਤੇ ਘੁੰਮਣ ਨਗਰ, ਅਲੀਪੁਰ ਰੋਡ, ਅਮਨ ਨਗਰ, ਵਿਜੈ ਨਗਰ ਤੱਕ ਤਕਰੀਬਨ 2.75 ਕਿਲੋਮੀਟਰ ਲਾਈਨ ਤੋਂ ਛੋਟੀ ਨਦੀ ਗੁਰਬਖਸ਼ ਕਲੋਨੀ ਤੋਂ ਬੜੀ ਨਦੀ ਬੰਨਾ ਤਕਰੀਬਨ 1.5 ਕਿਲੋਮੀਟਰ ਲਾਈਨ ਅਤੇ ਸ਼੍ਰੀ ਦੁੱਖ ਨਿਵਾਰਣ ਸਾਹਿਬ ਤੋਂ ਜੇਲ ਰੋਡ ਤੇ ਸੀਵਰੇਜ਼ ਦੀ ਸਫ਼ਾਈ ਕੀਤੀ ਜਾ ਚੁੱਕੀ ਹੈ। ਜਦਕਿ ਹੁਣ ਤ੍ਰਿਪੜੀ ਰੋਡ ਤੋਂ ਆਨੰਦ ਨਗਰ ਵਿਖੇ ਸੀਵਰੇਜ਼ ਦੀ ਸਫ਼ਾਈ ਦਾ ਕੰਮ ਚੱਲ ਰਿਹਾ ਹੈ। ਉਹਨਾਂ ਦੱਸਿਆ ਕਿ ਨਗਰ ਨਿਗਮ ਵੱਲੋਂ ਸੀਵਰੇਜ਼ ਲਾਈਨਾਂ ਦੀ ਸਫ਼ਾਈ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ।