SGPC takes strong notice of filming of fake marriage in a fake Gurdwara Sahib during the shooting of a film
July 12, 2024 - PatialaPolitics
SGPC takes strong notice of filming of fake marriage in a fake Gurdwara Sahib during the shooting of a film
ਫਿਲਮਾਂ ਅਤੇ ਸੀਰੀਅਲਾਂ ਵਿਚ ਪੈਸਿਆਂ ਖ਼ਾਤਰ ਪਾਵਨ ਗੁਰਬਾਣੀ ਦੇ ਅਦਬ ਸਤਿਕਾਰ ਅਤੇ ਸਿੱਖ ਪ੍ਰੰਪਰਾਵਾਂ ਨੂੰ ਸੱਟ ਮਾਰਨ ਵਾਲੀਆਂ ਕੋਝੀਆਂ ਹਰਕਤਾਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡੋਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਭਾਵਨਾਵਾਂ ਨੂੰ ਸੱਟ ਮਾਰਨ ਵਾਲੀਆਂ ਅਜਿਹੀਆਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਐਡਵੋਕੇਟ ਧਾਮੀ ਨੇ ਕਿਹਾ ਕਿ ਸੋਸ਼ਲ ਮੀਡੀਆ ਰਾਹੀਂ ਧਿਆਨ ਵਿਚ ਆਇਆ ਹੈ ਕਿ ਚੰਡੀਗੜ੍ਹ ਨੇੜੇ ਘੜੂਆਂ ਵਿਖੇ ਸੀਰੀਅਲ ਦੀ ਸ਼ੂਟਿੰਗ ਲਈ ਤਿਆਰ ਕੀਤੇ ਸੈੱਟ ਵਿਚ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੀ ਨਕਲ ਕਰਕੇ ਆਨੰਦ ਕਾਰਜ ਦਾ ਸੀਨ ਫਿਲਮਾਇਆ ਗਿਆ, ਜੋ ਸਿੱਖ ਰਵਾਇਤਾਂ ਅਤੇ ਮਰਯਾਦਾ ਦੀ ਘੋਰ ਉਲੰਘਣਾ ਹੈ। ਭਾਵੇਂ ਸੰਗਤ ਨੇ ਇਸ ਨੂੰ ਬੰਦ ਕਰਵਾਉਣ ਦਾ ਉੱਦਮ ਕੀਤਾ ਹੈ ਪਰ ਦੋਸ਼ੀਆਂ ਖਿਲਾਫ ਪੁਲਿਸ ਪ੍ਰਸ਼ਾਸਨ ਨੂੰ ਕਾਰਵਾਈ ਕਰਨੀ ਚਾਹੀਦੀ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਫ਼ਿਲਮਾਂ ਦੀ ਸ਼ੂਟਿੰਗ ਸਮੇਂ ਇਸ ਗੱਲ ਦਾ ਖ਼ਾਸ ਧਿਆਨ ਰੱਖਿਆ ਜਾਣਾ ਜ਼ਰੂਰੀ ਹੈ ਕਿ ਸਿੱਖ ਪ੍ਰੰਪਰਾਵਾਂ ਅਤੇ ਸਿਧਾਂਤਾਂ ਨਾਲ ਕਿਸੇ ਤਰ੍ਹਾਂ ਦੀ ਛੇੜ-ਛਾੜ ਨਾ ਹੋਵੇ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਕੁਝ ਲੋਕ ਕੇਵਲ ਪੈਸਾ ਕਮਾਉਣ ਖਾਤਰ ਵਪਾਰਕ ਹਿੱਤਾਂ ਤਹਿਤ ਧਰਮ ਦੀਆਂ ਪ੍ਰੰਪਰਾਵਾਂ ਦੂ ਉਲੰਘਣਾ ਕਰਦੇ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਅਜਿਹੇ ਲੋਕਾਂ ਨੂੰ ਬਾਜ ਆਉਣ ਦੀ ਤਾੜਨਾ ਕੀਤੀ। ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਘਟਨਾ ਬਾਰੇ ਰਿਪੋਰਟ ਲਈ ਜਾਵੇਗੀ ਤਾਂ ਜੋ ਦੋਸ਼ੀਆਂ ਵਿਰੁੱਧ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ।