Patiala to get rid of sewage problem very soon
March 10, 2019 - PatialaPolitics
ਪਟਿਆਲਾ ਦੇ ਸਾਬਕਾ ਵਿਧਾਇਕ ਅਤੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਅੱਜ 15.10 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਟਰੀਟਮੈਂਟ ਪਲਾਟ ਦੇ ਅਪਗ੍ਰੇਡੇਸ਼ਨ ਦੇ ਕੰਮ ਦੀ ਸ਼ੁਰੂਆਤ ਸ਼ੇਰ ਮਾਜਰਾ ਵਿਖੇ ਲੱਗੇ ਸੀਵਰੇਜ ਟਰੀਟਮੈਂਟ ਪਲਾਟ ਵਿਖੇ ਕਰਵਾਈ। ਇਸ ਮੌਕੇ ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਸ਼ਹਿਰ ਨੂੰ 116 ਕਰੋੜ ਰੁਪਏ ਦੀ ਗਰਾਂਟ ਜਾਰੀ ਕਰਕੇ ਸ਼ਹਿਰ ਵਿੱਚ ਵੱਡੀ ਪੱਧਰ ‘ਤੇ ਵਿਕਾਸ ਕਰਵਾਇਆ ਹੈ। ਇਸ ਮੌਕੇ ਸਮਾਣਾ ਦੇ ਵਿਧਾਇਕ ਸ. ਰਜਿੰਦਰ ਸਿੰਘ, ਪੀ.ਆਰ.ਟੀ.ਸੀ ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ, ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਸ੍ਰੀ ਕੇ.ਕੇ. ਮਲਹੋਤਰਾ ਵੀ ਮੌਜੂਦ ਸਨ।
ਇਸ ਮੌਕੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਲੰਮੇ ਸਮੇਂ ਤੋਂ ਸੀਵਰੇਜ ਬੰਦ ਹੋਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਦਾ ਮੁੱਖ ਕਾਰਨ ਸੀਵਰੇਜ ਪਲਾਟ ਦੀ ਘੱਟ ਸਮਰੱਥਾ ਸੀ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਲਾਟ ਦੀ ਸਮਰੱਥਾ ਲਈ 15.10 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਜਿਸ ਨਾਲ ਪਲਾਟ ਦੀ ਸਮਰੱਥਾਂ ਵਿੱਚ 15 ਐਮ.ਐਲ.ਡੀ ਦਾ ਵਾਧਾ ਹੋ ਜਾਵੇਗਾ ਅਤੇ ਸ਼ਹਿਰ ਅੰਦਰ ਸੀਵਰੇਜ ਬੰਦ ਹੋਣ ਦੀ ਸਮੱਸਿਆ ਖਤਮ ਹੋ ਜਾਵੇਗੀ।
ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਟਿਆਲਾ ਦੇ ਵਿਕਾਸ ਲਈ ਕਈ ਵੱਡੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ ਜਿਸ ਵਿੱਚ 700 ਕਰੋੜ ਰੁਪਏ ਨਾਲ ਸ਼ਹਿਰ ਵਾਸੀਆਂ ਨੂੰ ਮਿਲਣ ਵਾਲਾ ਸ਼ੁੱਧ ਨਹਿਰੀ ਪਾਣੀ, ਨਵੀਆਂ ਸੜਕਾਂ, ਐਲ.ਈ.ਡੀ. ਲਾਈਟਾਂ ਸਮੇਤ ਵਾਰਡ ਪੱਧਰ ‘ਤੇ ਕੰਮ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਵਿਕਾਸ ਲਈ ਪੈਸੇ ਦੇ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਸਮਾਣਾ ਤੋਂ ਵਿਧਾਇਕ ਸ. ਰਜਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਕਾਰ ਬਣਦੇ ਹੀ ਨੌਜਵਾਨੀ ਪੀੜ੍ਹੀ ਤੇ ਕਿਸਾਨੀ ਦੀ ਬਾਂਹ ਫੜੀ ਹੈ ਅਤੇ ਛੋਟੇ ਕਿਸਾਨਾਂ ਨੂੰ ਕਰਜ਼ਾ ਰਾਹਤ ਦੇਕੇ ਦੁਬਾਰਾ ਆਪਣੇ ਪੈਰਾ ‘ਤੇ ਖੜਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਮਾਣਾ ਹਲਕੇ ਵਿੱਚ ਵੀ ਵਿਕਾਸ ਦੇ ਕੰਮ ਜੰਗੀ ਪੱਧਰ ‘ਤੇ ਚੱਲ ਰਹੇ ਹਨ ਅਤੇ ਸਮਾਣਾ ਵਿੱਚ 75 ਸੜਕਾਂ ਦਾ ਕੰਮ ਚੱਲ ਰਿਹਾ ਹੈ।
ਸਮਾਗਮ ਦੌਰਾਨ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਨੇ ਕਿਹਾ ਕਿ ਇਸ ਪਲਾਟ ਦੀ ਸਮਰੱਥਾ ਪਹਿਲਾ 48 ਐਮ.ਐਲ.ਡੀ. ਸੀ ਜੋ ਹੁਣ 61 ਐਮ.ਐਲ.ਡੀ. ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਪਟਿਆਲਾ ਦੇ ਵਿਕਾਸ ਲਈ ਸ਼ੁਰੂ ਕੀਤੇ ਗਏ ਸਾਰੇ ਕੰਮ ਜ਼ਮੀਨੀ ਪੱਧਰ ‘ਤੇ ਦਿਖਣ ਲੱਗੇ ਹਨ ਅਤੇ ਹੁਣ ਕੋਈ ਵੀ ਕੰਮ ਫਾਈਲਾਂ ਜਾ ਟੈਂਡਰਾਂ ਤੱਕ ਸੀਮਤ ਨਹੀਂ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਵਾਸੀਆਂ ਨੇ ਜਿੰਨੇ ਵੀ ਸੁਪਨੇ ਦੇਖੇ ਉਹ ਸਾਰੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੂਰੇ ਕਰ ਦਿੱਤੇ ਹਨ। ਮੇਅਰ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪਟਿਆਲਾ ਸ਼ਹਿਰ ਨੂੰ ਇੱਕ ਨਮੂਨੇ ਦੇ ਸ਼ਹਿਰ ਵਜੋਂ ਵਿਕਸਤ ਕੀਤਾ ਜਾਵੇਗਾ।
ਇਸ ਮੌਕੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਇਤਿਹਾਸਕ ਹੈ ਕਿਉਕਿ ਇਸ ਪ੍ਰੋਜੈਕਟ ਦੇ ਚੱਲਣ ਨਾਲ ਸ਼ਹਿਰ ਵਿੱਚ ਸੀਵਰੇਜ ਦੇ ਬੰਦ ਹੋਣ ਦੀ ਸਮੱਸਿਆ ਬਿਲਕੁਲ ਖਤਮ ਹੋ ਜਾਵੇਗੀ। ਇਸ ਮੌਕੇ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸ੍ਰੀ ਯੋਗਿੰਦਰ ਸਿੰਘ ਯੋਗੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਦਿਆ ਹੀ ਪਟਿਆਲਾ ਸ਼ਹਿਰ ਵਿੱਚ ਵਿਕਾਸ ਦੇ ਕੰਮਾਂ ਦੀ ਹਨੇਰੀ ਆ ਗਈ ਤੇ ਆਉਣ ਵਾਲੇ ਸਮੇਂ ਵਿੱਚ ਲੋਕ ਚੰਡੀਗੜ੍ਹ ਨੂੰ ਛੱਡ ਪਟਿਆਲਾ ਵਿੱਚ ਰਹਿਣ ਨੂੰ ਤਰਜੀਹ ਦੇਣਗੇ।
ਇਸ ਮੌਕੇ ਕਾਂਗਰਸ ਦੇ ਸਕੱਤਰ ਸ੍ਰੀ ਸੰਤ ਬਾਂਗਾ, ਸ਼ਹਿਰੀ ਕਾਂਗਰਸ ਦੇ ਪ੍ਰਧਾਨ ਸ੍ਰੀ ਕੇ.ਕੇ. ਮਲਹੋਤਰਾ, ਸ੍ਰੀ ਸੁਰਿੰਦਰ ਸਿੰਘ ਖੇੜਕੀ, ਬਲਾਕ ਪ੍ਰਧਾਨ ਸ੍ਰੀ ਅਨਿਲ ਮੰਗਲਾ, ਸ੍ਰੀ ਨਰੇਸ਼ ਦੁੱਗਲ, ਸ੍ਰੀ ਸੋਨੂ ਸੰਗਰ, ਐਸ.ਈ. ਸ੍ਰੀ ਐਮ.ਐਮ. ਸਿਆਲ, ਐਕਸੀਅਨ ਸ੍ਰੀ ਸੁਰੇਸ਼ ਕੁਮਾਰ, ਬਲਾਕ ਸੰਮਤੀ ਮੈਂਬਰ ਸ੍ਰੀ ਨੌਹਰ ਚੰਦ, ਸਰਪੰਚ ਸ਼ੇਰ ਮਾਜਰਾ ਸ੍ਰੀ ਸੁਖਵਿੰਦਰ ਛੀਨਾ, ਸਮੇਤ ਸਮੂਹ ਕੌਸਲਰ ਅਤੇ ਹੋਰ ਪਤਵੰਤੇ ਮੌਜੂਦ ਸਨ।