Patiala Police arrests OBC bank robbers
May 1, 2019 - PatialaPolitics
ਪਟਿਆਲਾ ਪੁਲਿਸ ਨੇ ਸਮਾਣਾ ਨੇੜੇ ਪਿੰਡ ਬੰਮਣਾ ਵਿਖੇ 20 ਅਪ੍ਰੈਲ ਨੂੰ ਓਰੀਐਂਟਲ ਬੈਂਕ ਆਫ ਕਾਮਰਸ ਵਿਖੇ ਦਿਨ ਦਿਹਾੜੇ 7 ਲੱਖ 27 ਹਜ਼ਾਰ 530 ਰੁਪਏ ਦੀ ਡਕੈਤੀ ਦੇ ਮਾਮਲੇ ਨੂੰ ਹੱਲ ਕਰ ਕਰਦਿਆ ਇਸ ਘਟਨਾ ‘ਚ ਸ਼ਾਮਲ ਦੋ ਵਿਅਕਤੀਆਂ ਸਮੇਤ ਉਨ੍ਹਾਂ ਦੇ ਤਿੰਨ ਸਾਥੀਆਂ ਨੂੰ ਖੋਹ ਕੀਤੀ ਕਾਰ ਅਤੇ ਹਥਿਆਰਾਂ ਸਮੇਤ ਗ੍ਰਿਫਤਾਰ ਕਰ ਲਿਆ ਹੈ। ਇਹ ਖੁਲਾਸਾ ਕਰਨ ਲਈ ਇੱਥੇ ਪੁਲਿਸ ਲਾਇਨਜ ਵਿਖੇ ਸੱਦੀ ਪ੍ਰੈਸ ਕਾਨਫਰੰਸ ਮੌਕੇ ਪਟਿਆਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ 5 ਫੜੇ ਗਏ ਵਿਅਕਤੀਆਂ ਪਾਸੋਂ ਇਕ ਦੇਸੀ ਪਿਸਟਲ 32 ਬੋਰ ਸਮੇਤ 6 ਜਿੰਦਾ ਕਾਰਤੂਸ, ਇਕ ਦੇਸੀ ਪਿਸਟਲ 315 ਬੋਰ ਸਮੇਤ 6 ਜਿੰਦਾ ਕਾਰਤੂਸ, 30 ਮੋਬਾਇਲ ਫੋਨ ਤੇ ਇਕ ਕਿਰਚ ਬਰਾਮਦ ਹੋਏ ਅਤੇ ਕਾਰ ਦੀ ਪਿਛਲੀ ਸੀਟ ਦੇ ਮੇਟਾਂ ਥੱਲੇ ਛੁਪਾਈਆਂ ਕਾਰ ਦੀਆਂ ਅਸਲੀ ਨੰਬਰ ਪਲੇਟਾਂ ਨੰਬਰ ਪੀ.ਬੀ 55 ਡੀ-1319 ਬਰਾਮਦ ਹੋਈਆ ਹਨ।
ਐਸ.ਐਸ.ਪੀ. ਨੇ ਮਾਮਲੇ ਦੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆ ਦੱਸਿਆ ਕਿ 20 ਅਪ੍ਰੈਲ ਨੂੰ ਪੰਜ ਅਣਪਛਾਤੇ ਹਥਿਆਰਬੰਦ ਨਕਾਬਪੋਸ਼ ਵਿਅਕਤੀਆਂ ਵੱਲੋ ਪਿੰਡ ਬੰਮਣਾ, ਥਾਣਾ ਸਦਰ ਸਮਾਣਾ ਵਿਖੇ ਓਰੀਐਂਟਲ ਬੈਕ ਆਫ ਕਾਮਰਸ ਵਿਖੇ ਦਿਨ ਦਿਹਾੜੇ 07 ਲੱਖ 27 ਹਜ਼ਾਰ 530 ਰੁਪਏ ਦੀ ਡਕੈਤੀ ਅਤੇ 2 ਮੋਬਾਇਲ ਫੋਨਾਂ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਜਿਸ ਸਬੰਧੀ ਮੁਕੱਦਮਾ ਨੰਬਰ 74 ਮਿਤੀ 20.04.2019 ਅ/ਧ 395,452,455,506 ਹਿੰ:ਦੰ: 25/54/59 ਅਸਲਾ ਐਕਟ ਥਾਣਾ ਸਦਰ ਸਮਾਣਾ ਦਰਜ ਕਰਕੇ ਇਸ ਡਕੈਤੀ ਦੀ ਵਾਰਦਾਤ ਨੂੰ ਟਰੇਸ ਕਰਨ ਲਈ ਕਪਤਾਨ ਪੁਲਿਸ ਜਾਂਚ ਸ. ਹਰਮੀਤ ਸਿੰਘ ਹੁੰਦਲ ਦੀ ਨਿਗਰਾਨੀ ਹੇਠ ਸੀ.ਆਈ.ਏ ਸਟਾਫ ਸਮਾਣਾ ਦੀ ਪੁਲਿਸ ਪਾਰਟੀਆਂ ਦੀ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ ਸੀ।
ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ 30 ਅਪ੍ਰੈਲ ਨੂੰ ਇੰਸਪੈਕਟਰ ਵਿਜੇ ਕੁਮਾਰ, ਇੰਚਾਰਜ ਸੀ.ਆਈ.ਏ ਸਟਾਫ ਸਮਾਣਾ ਨੂੰ ਇਤਲਾਹ ਮਿਲੀ ਕਿ ਕੁੱਝ ਵਿਅਕਤੀ ਖੋਹ ਕੀਤੀ ਗਈ ਕਾਰ ਮਾਰਕਾ ਟਾਟਾ ਟੀਆਗੋ ‘ਤੇ ਜਾਅਲੀ ਨੰਬਰ ਪੀ.ਬੀ 11 ਸੀਐਲ-4555 ਲਗਾਕੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਹਨ, ਜਿੰਨਾ ਨੇ ਪਹਿਲਾਂ ਵੀ ਮਿਤੀ 20 ਅਪ੍ਰੈਲ ਨੂੰ ਪਿੰਡ ਬੰਮਣਾ ਥਾਣਾ ਸਦਰ ਸਮਾਣਾ ਦੇ ਓਰੀਐਂਟਲ ਬੈਕ ਆਫ ਕਾਮਰਸ ਵਿੱਚ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਇਸ ਇਤਲਾਹ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਸੀ.ਆਈ.ਏ ਸਟਾਫ ਸਮਾਣਾ ਦੀ ਪੁਲਿਸ ਪਾਰਟੀ ਵੱਲੋ ਡਰੇਨ ਪੁਲ ਪਿੰਡ ਲਲੋਛੀ ਵਿਖੇ ਨਾਕਾਬੰਦੀ ਦੌਰਾਨ ਚੰਨੋ ਪਾਸੇ ਤੋ ਆਉਂਦੀ ਇਕ ਸਿਲਵਰ ਰੰਗ ਦੀ ਟਾਟਾ ਟੀਆਗੋ ਕਾਰ ਨੂੰ ਸ਼ੱਕ ਦੀ ਬਿਨਾਂ ‘ਤੇ ਰੋਕ ਕੇ ਕਾਰ ਵਿੱਚ ਸਵਾਰ 5 ਵਿਅਕਤੀਆਂ ਦੀ ਪੁੱਛ ਪੜਤਾਲ ਕੀਤੀ ਗਈ, ਜਿਨ੍ਹਾਂ ਦੀ ਪਹਿਚਾਣ ਦਲਜੀਤ ਸਿੰਘ ਵਾਸੀ ਜ਼ਿਲ੍ਹਾ ਸੰਗਰੂਰ, ਸੋਨੂੰ ਵਾਸੀ ਜ਼ਿਲ੍ਹਾ ਸੰਗਰੂਰ, ਪ੍ਰਿੰਸ ਰਾਓ ਵਾਸੀ ਆਜਮਗੜ੍ਹ ਯੂ.ਪੀ. ਹਾਲ ਵਾਸੀ ਲੁਧਿਆਣਾ, ਓਮ ਪ੍ਰਕਾਸ਼ ਵਾਸੀ ਆਜਮਗੜ੍ਹ ਯੂ.ਪੀ. ਹਾਲ ਵਾਸੀ ਲੁਧਿਆਣਾ ਅਤੇ ਦੀਪਕ ਕੁਮਾਰ ਵਾਸੀ ਆਜਮਗੜ੍ਹ ਯੂ.ਪੀ. ਹਾਲ ਵਾਸੀ ਲੁਧਿਆਣਾ ਵੱਜੋ ਹੋਈ। ਐਸ.ਐਸ.ਪੀ ਨੇ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀਆਂ ਦੀ ਤਲਾਸ਼ੀ ਦੌਰਾਨ ਉਨ੍ਹਾਂ ਪਾਸੋ ਇਕ ਦੇਸ਼ੀ ਪਿਸਟਲ 32 ਬੋਰ ਸਮੇਤ 6 ਜਿੰਦਾ ਕਾਰਤੂਸ, ਇਕ ਦੇਸੀ ਪਿਸਟਲ 315 ਬੋਰ ਸਮੇਤ 6 ਜਿੰਦਾ ਕਾਰਤੂਸ, 30 ਮੋਬਾਇਲ ਫੋਨ ਤੇ ਇਕ ਕਿਰਚ ਬਰਾਮਦ ਹੋਏ ਅਤੇ ਕਾਰ ਦੀ ਪਿਛਲੀ ਸੀਟ ਦੇ ਮੇਟਾਂ ਥੱਲੇ ਛੁਪਾਈਆਂ ਕਾਰ ਦੀਆਂ ਅਸਲੀ ਨੰਬਰ ਪਲੇਟਾਂ ਨੰਬਰੀ ਪੀ.ਬੀ 55 ਡੀ-1319 ਬਰਾਮਦ ਹੋਈਆਂ।
ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਗਿਰੋਹ ਦੇ ਮੁੱਖ ਸਰਗਨਾ ਦਲਜੀਤ ਸਿੰਘ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਦੋਸ਼ੀਆਂ ਵੱਲੋਂ ਇਹ ਡਕੈਤੀ ਐਸ਼ ਦੀ ਜ਼ਿੰਦਗੀ ਜਿਊਣ ਲਈ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁੱਛ-ਗਿੱਛ ਦੌਰਾਨ ਉਸਨੇ ਮੰਨਿਆ ਕਿ 20 ਅਪ੍ਰੈਲ ਨੂੰ ਓਰੀਐਂਟਲ ਬੈਕ ਆਫ ਕਾਮਰਸ ਵਿਖੇ ਡਕੈਤੀ ਦੀ ਵਾਰਦਾਤ ਨੂੰ ਆਪਣੇ ਸਾਥੀ ਵਿਰਾਜ, ਅਸੋਕ, ਹੇਮੰਤ ਕੁਮਾਰ, ਸੋਨੂੰ ਸਿੰਘ, ਸਮਸੇਰ ਸਿੰਘ ਅਤੇ ਜਗਮੇਲ ਸਿੰਘ ਉਰਫ ਬਾਬਾ ਨਾਲ ਮਿਲਕੇ ਅੰਜਾਮ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਬੈਂਕ ਡਕੈਤੀ ਵਿੱਚ ਸ਼ਾਮਲ ਵਿਰਾਜ, ਅਸ਼ੋਕ, ਹੇਮੰਤ ਕੁਮਾਰ, ਸਮਸੇਰ ਸਿੰਘ ਅਤੇ ਜਗਮੇਲ ਸਿੰਘ ਉਰਫ ਬਾਬਾ ਅਜੇ ਫਰਾਰ ਚਲੇ ਆ ਰਹੇ ਹਨ ਜਿੰਨਾ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਐਸ.ਐਸ.ਪੀ ਨੇ ਦੱਸਿਆ ਕਿ ਦਲਜੀਤ ਸਿੰਘ ਨਾਲ ਗ੍ਰਿਫਤਾਰ ਕੀਤੇ ਗਏ ਪ੍ਰਿੰਸ ਰਾਓ, ਓਮ ਪ੍ਰਕਾਸ ਅਤੇ ਦੀਪਕ ਕੁਮਾਰ ਸੰਗਰੂਰ ਅਤੇ ਹੋਰ ਜ਼ਿਲਿਆ ਵਿਚ ਹੋਈ ਕਈ ਹੋੋਰ ਵਾਰਦਾਤਾਂ ਵਿੱਚ ਸ਼ਾਮਲ ਰਹੇ ਹਨ ਜਿਨ੍ਹਾਂ ਵੱਲੋ ਕੀਤੀਆਂ ਗਈਆਂ ਵਾਰਦਾਤਾਂ ਵਿਚੋਂ ਕੁੱਝ ਨੂੰ ਟਰੇਸ ਕਰ ਲਿਆ ਗਿਆ ਹੈ ਅਤੇ ਪੁੱਛ ਗਿੱਛ ਜਾਰੀ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਡੀ.ਜੀ.ਪੀ. ਵਲੋ ਪਟਿਆਲਾ ਪੁਲਿਸ ਨੂੰ 1 ਲੱਖ ਰੁਪਏ ਦਾ ਨਗਦ ਇਨਾਮ ਡੀ.ਜੀ ਡਿਸਕ ਤੇ ਦੋ ਪੁਲਿਸ ਮੁਲਾਜ਼ਮਾਂ ਨੂੰ ਤਰੱਕੀ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਹੱਲ ਕਰਨ ਵਿੱਚ ਅਹਿਮ ਰੋਲ ਅਦਾ ਕਰਨ ਮੁੱਖ ਸਿਪਾਹੀ ਜੋਗਾ ਸਿੰਘ ਨੂੰ ਏ.ਐਸ.ਆਈ ਲੋਕਲ ਰੈਂਕ ਤੇ ਸਿਪਾਹੀ ਗੁਰਜੰਟ ਸਿੰਘ ਨੂੰ ਸੀ-2 ਰੈਕ ਦੇਣ ਦਾ ਐਲਾਨ ਕੀਤਾ ਹੈ।
ਇਸ ਮੌਕੇ ਐਸ.ਪੀ ਜਾਂਚ ਸ੍ਰੀ ਹਰਮੀਤ ਸਿੰਘ ਹੁੰਦਲ, ਡੀ.ਐਸ.ਪੀ ਮੇਜਰ ਕਰਾਂਈਮ ਸ. ਜਸਪ੍ਰੀਤ ਸਿੰਘ ਤੇ ਇੰਚਾਰਜ ਸੀ.ਆਈ.ਏ ਸਟਾਫ ਸਮਾਣਾ ਇੰਸਪੈਕਟਰ ਵਿਜੇ ਕੁਮਾਰ ਵੀ ਮੌਜੂਦ ਸਨ।