Patiala to get new look via lakes

June 9, 2019 - PatialaPolitics

Click Here to see details in Video

ਇਤਿਹਾਸਕ ਤੇ ਵਿਰਾਸਤੀ ਸ਼ਹਿਰ ਪਟਿਆਲਾ ਦੀ ਕਿਸੇ ਵੇਲੇ ਸੁੰਦਰਤਾਂ ਨੂੰ ਨਿਖਾਰਦੀਆਂ ਰਾਜਿੰਦਰਾ ਝੀਲ ਤੇ ਸ਼ੀਸ਼ ਮਹਿਲ ਝੀਲ ਮੁੜ ਪਟਿਆਲਾ ਦੀ ਰੌਣਕ ਬਣਨ ਜਾ ਰਹੀਆਂ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੈਂਬਰ ਪਾਰਲੀਮੈਂਟ ਸ਼੍ਰੀਮਤੀ ਪਰਨੀਤ ਕੌਰ ਦੇ ਸੁਹਿਰਦ ਯਤਨਾ ਤੇ ਪਟਿਆਲਵੀਆਂ ਨਾਲ ਕੀਤੇ ਵਾਅਦੇ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਛੇਤੀ ਹੀ ਪਟਿਆਲਾ ਸ਼ਹਿਰ ਦੇ ਵਸਨੀਕ ਇਹਨਾਂ ਦੋਵੇਂ ਝੀਲਾਂ ‘ਤੇ ਸੈਰ ਦਾ ਆਨੰਦ ਮਾਣ ਸਕਣਗੇ।

ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਨੂੰ ਸਾਫ਼-ਸੁਥਰਾ ਤੇ ਸੁਹਾਵਣਾ ਮਾਹੌਲ ਪ੍ਰਦਾਨ ਕਰਨ ਲਈ ਪਟਿਆਲਾ ਦੀਆਂ ਦੋਵੇਂ ਝੀਲਾਂ ਨੂੰ ਪੁਰਾਤਨ ਦਿੱਖ ਦੇਣ ਦੀ ਹਦਾਇਤ ਕੀਤੀ ਹੈ। ਜਿਸ ਤਹਿਤ ਕਰੀਬ 40 ਲੱਖ ਰੁਪਏ ਦੀ ਲਾਗਤ ਨਾਲ ਇੱਕ ਹੰਸਲੀ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਪਟਿਆਲਾ ਸ਼ਹਿਰ ਦੇ ਛਿਪਦੇ ਪਾਸੇ ਸਥਿਤ ਭਾਖੜਾ ਮੇਨ ਲਾਈਨ ਤੋਂ ਗੁਰੂਦੁਆਰਾ ਸ਼੍ਰੀ ਦੁੱਖਨਿਵਾਰਨ ਸਾਹਿਬ ਤੇ ਗੁਰੂਦੁਆਰਾ ਸ਼੍ਰੀ ਮੋਤੀ ਬਾਗ ਸਾਹਿਬ ਦੇ ਸਰੋਵਰਾਂ ਲਈ ਕਾਰ ਸੇਵਾ ਰਾਹੀਂ ਬਣੀ ਹੰਸਲੀ ਦੇ ਪਾਣੀ ਦੀ ਸਮਰੱਥਾ ਢਾਈ ਕਿਊਸਿਕ ਤੱਕ ਵਧਾ ਕੇ ਇਸਨੂੰ ਪਟਿਆਲਾ ਦੀ ਮਾਲ ਰੋਡ ‘ਤੇ ਸਥਿਤ ਰਾਜਿੰਦਰਾ ਝੀਲ ਤੇ ਸ਼ੀਸ਼ ਮਹਿਲ ਵਿਚਲੀ ਝੀਲ ਵਿੱਚ ਪਾਇਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਸ ਸਬੰਧੀ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨਾਲ ਤਾਲਮੇਲ ਕਰਕੇ ਇਸ ਬਾਰੇ ਇਤਰਾਜ ਹੀਣਤਾ ਸਰਟੀਫਿਕੇਟ ਲੈ ਲਿਆ ਗਿਆ ਹੈ।
ਪਟਿਆਲਾ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਣ ਵਾਲੇ ਇਸ ਪ੍ਰੋਜੈਕਟ ਬਾਰੇ ਡਿਪਟੀ ਕਮਿਸ਼ਨਰ ਨੇ ਵਿਸਥਾਰ ਵਿੱਚ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਨਾਭਾ ਰੋਡ ‘ਤੇ ਭਾਖੜਾ ਮੇਨ ਲਾਈਨ ਵਿਚੋਂ ਨਿਕਲਣ ਵਾਲੇ ਪੀ.ਐਨ.ਸੀ. ਰਾਜਵਾਹੇ ਵਿੱਚ ਅਲੱਗ ਤੌਰ ‘ਤੇ ਰੈਗੁਲੇਸ਼ਨ ਗੇਟ ਲਗਾਇਆ ਗਿਆ ਹੈ। ਜਿਸ ਤਹਿਤ ਹੰਸਲੀ ਵਿਖੇ ਪਹਿਲਾ ਜਾ ਰਹੇ ਪਾਣੀ ਦੀ ਸਮਰੱਥਾ ਵਧਾ ਕੇ ਢਾਈ ਕਿਊਸਿਕ ਕਰ ਦਿੱਤੀ ਗਈ ਹੈ। ਇਸ ਨਾਲ ਪਾਣੀ ਪਹਿਲਾ ਗੁਰੂਦੁਆਰਾ ਸ਼੍ਰੀ ਦੁਖਨਿਵਾਰਨ ਸਾਹਿਬ ਦੇ ਸਰੋਵਰ ਵਿੱਚ ਜਾਣ ਉਪਰੰਤ ਜੋ ਫਾਲਤੂ ਪਾਣੀ ਹੋਵੇਗਾ ਉਸਨੂੰ ਪਹਿਲਾ ਤੋਂ ਹੀ ਸ਼੍ਰੀ ਮੋਤੀ ਬਾਗ ਸਾਹਿਬ ਗੁਰੂਦੁਆਰਾ ਦੇ ਸਰੋਵਰ ਲਈ ਜਾਂਦੀ ਹੰਸਾਲੀ ਰਾਹੀਂ 21 ਨੰਬਰ ਫਾਟਕ ਨੇੜੇ ਰੈਗੁਲੇਸ਼ਨ ਗੇਟ ਲਗਾ ਕੇ ਪਹਿਲਾ ਤੋਂ ਹੀ ਪਾਈ ਪਾਈਪ ਲਾਈਨ ਦੀ ਮੁਰੰਮਤ ਕਰਕੇ ਪਾਣੀ ਝੀਲ ਤੱਕ ਪੁਜਦਾ ਕਰ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਗੁਰੂਦੁਆਰਾ ਸ਼੍ਰੀ ਮੋਤੀ ਬਾਗ ਸਾਹਿਬ ਨੂੰ ਜਾਂਦੀ ਹੰਸਲੀ ਵਿੱਚ ਆਯੂਰਵੈਦਿਕ ਕਾਲਜ ਨੇੜੇ ਇੱਕ ਹੋਰ ਰੈਗੁਲੇਸ਼ਨ ਗੇਟ ਲਗਾਉਣ ਉਪਰੰਤ ਵੱਖਰੀ ਪਾਈਪ ਲਾਈਨ ਪਾ ਕੇ ਪਾਣੀ ਸ਼ੀਸ਼ ਮਹਿਲ ਵਿੱਚਲੀ ਝੀਲ ਤੱਕ ਪੁਜਦਾ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਛੇਤੀ ਹੀ ਪਟਿਆਲਾ ਵਾਸੀ ਰਾਜਿੰਦਰਾ ਝੀਲ ਤੇ ਸ਼ੀਸ਼ ਮਹਿਲ ਝੀਲ ਨੂੰ ਇੱਕ ਸੁੰਦਰ ਸੈਰਗਾਹ ਵਜੋਂ ਵਿਕਸਿਤ ਹੋਇਆ ਦੇਖਣਗੇ ਅਤੇ ਇਹ ਦੋਵੇਂ ਝੀਲਾਂ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਗੀਆਂ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਮੈਂਬਰ ਪਾਰਲੀਮੈਂਟ ਸ਼੍ਰੀਮਤੀ ਪਰਨੀਤ ਕੌਰ ਇਸ ਪ੍ਰੋਜੈਕਟ ਦੀ ਖੁਦ ਨਿਗਰਾਨੀ ਕਰ ਰਹੇ ਹਨ। ਨਿਗਰਾਨ ਇੰਜੀਨੀਅਰ ਡਰੈਨੇਜ਼ ਸ੍ਰੀ ਦਵਿੰਦਰ ਸਿੰਘ ਨੇ ਦੱਸਿਆ ਕਿ ਗੁਰੂਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਦਾ ਸਰੋਵਰ ਭਰਨ ਉਪਰੰਤ ਓਵਰਫਲੋ ਹੁੰਦਾ ਪਾਣੀ ਅਤੇ ਸਰੋਵਰ ਦੀ ਪਰਿਕਰਮਾ ਨੂੰ ਰੋਜਾਨਾ ਧੋਣ ਲਈ ਵਰਤਿਆ ਜਾਣ ਵਾਲਾ ਪਾਣੀ ਜੋ ਸੀਵਰੇਜ਼ ਵਿਚ ਪਾ ਹੋਏ ਹਨ ਸਬੰਧੀ ਵੀ ਹੁਣ ਇਕ ਵੱਖਰਾ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ ਜਿਸ ਤਹਿਤ ਇਸ ਪਾਣੀ ਨੂੰ ਅਜਾਈ ਹੋਣ ਤੋਂ ਰੋਕਣ ਲਈ ਗੁਰੂਦੁਆਰਾ ਸਾਹਿਬ ਨੇੜੇ ਤੋਂ ਲੱਗਦੇ ਰਜਵਾਹੇ ਵਿੱਚ ਪਾਕੇ ਇਸਨੂੰ ਬਾਰਾਂਦਰੀ ਵਿੱਚ ਸਿਚਾਈ ਲਈ ਵਰਤਿਆ ਜਾਵੇਗਾ।