Flood updates for Patiala 18 August 2019

August 18, 2019 - PatialaPolitics


ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਅੱਜ ਨਾਭਾ ਖੇਤਰ ਦਾ ਦੌਰਾ ਕਰਕੇ ਸਰਹਿੰਦ ਚੋਅ ‘ਚ ਵੱਧ ਪਾਣੀ ਆਉਣ ਕਰਕੇ ਉਤਪੰਨ ਹੋਈ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਦੇ ਨਾਲ ਨਾਭਾ ਦੇ ਐਸ.ਡੀ.ਐਮ. ਸ੍ਰੀ ਕਾਲਾ ਰਾਮ ਕਾਂਸਲ ਅਤੇ ਡਰੇਨੇਜ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਰਮਨਦੀਪ ਸਿੰਘ ਬੈਂਸ ਤੇ ਹੋਰ ਅਧਿਕਾਰੀ ਮੌਜੂਦ ਸਨ। ਇਸ ਦੌਰਾਨ ਸ੍ਰੀ ਕੁਮਾਰ ਅਮਿਤ ਨੇ ਗਲਵੱਟੀ, ਪਹਾੜਪੁਰ, ਸਰਹਿੰਦ ਚੋਅ ‘ਤੇ ਆਰ.ਡੀ. 404 ਪਿੰਡ ਕੌਲ ਆਦਿ ਪਿੰਡਾਂ ਦਾ ਦੌਰਾ ਕੀਤਾ ਤੇ ਸਥਾਨਕ ਵਸਨੀਕਾਂ ਨਾਲ ਗੱਲਬਾਤ ਕੀਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਖੜਾ ਡੈਮ ਵਿੱਚੋਂ ਫਲੱਡ ਗੇਟ ਖੋਲ੍ਹੇ ਜਾਣ ਨਾਲ ਛੱਡਿਆ ਪਾਣੀ ਸਤਲੁਜ ਦਰਿਆ ‘ਚ ਜਾਂਦਾ ਹੈ ਉਸ ਪਾਣੀ ਨਾਲ ਪਟਿਆਲਾ ਜ਼ਿਲ੍ਹੇ ਨੂੰ ਹੜ੍ਹਾਂ ਦਾ ਕੋਈ ਖ਼ਤਰਾ ਨਹੀਂ ਹੈ ਪਰੰਤੂ ਫਿਰ ਵੀ ਪਿਛਲੇ 24 ਘੰਟਿਆਂ ਦੌਰਾਨ ਹੋਈ ਬਰਸਾਤ ਦੇ ਪਾਣੀ ਜੋ ਕਿ ਪਟਿਆਲਾ ਜ਼ਿਲ੍ਹੇ ਵਿੱਚੋਂ ਘੱਗਰ ਤੇ ਹੋਰ ਡਰੇਨਾਂ ਵਿੱਚੋਂ ਲੰਘਦਾ ਹੈ, ਦੀ ਨਿਕਾਸੀ ਅਤੇ ਵਹਾਅ ‘ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ ‘ਤੇ ਜਲ ਨਿਕਾਸ ਤੇ ਹੋਰ ਸਬੰਧਤ ਵਿਭਾਗਾਂ ਨੂੰ ਚੌਕਸ ਰਹਿਣ ਸਬੰਧੀਂ ਲੋੜੀਂਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਅਤੇ ਸਥਿਤੀ ਹਾਲੇ ਤੱਕ ਨਿਯੰਤਰਣ ਹੇਠਾਂ ਹੈ।
ਉਨ੍ਹਾਂ ਨੇ ਜਲ ਨਿਕਾਸ ਵਿਭਾਗ ਨੂੰ ਆਦੇਸ਼ ਦਿੱਤੇ ਕਿ ਪਾਣੀ ਦੀ ਨਿਕਾਸੀ ਲਈ ਪ੍ਰਬੰਧਾਂ ‘ਚ ਕੋਈ ਢਿੱਲ ਨਹੀਂ ਆਉਣੀ ਚਾਹੀਦੀ, ਪਾਣੀ ਦੇ ਵਹਾਅ ‘ਚ ਕਿਸੇ ਕਿਸਮ ਦੀ ਪੈਦਾ ਹੁੰਦੀ ਰੁਕਾਵਟ ਨੂੰ ਤੁਰੰਤ ਦੂਰ ਕੀਤਾ ਜਾਵੇ ਤੇ ਜੇਕਰ ਕੋਈ ਇਸ ‘ਚ ਰੁਕਾਵਟ ਪੈਦਾ ਕਰਨ ਦੀ ਕੋਸ਼ਿਸ਼ ਕਰੇ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਜ਼ਿਲ੍ਹੇ ਅੰਦਰਲੀਆਂ ਨਦੀਆਂ-ਨਾਲਿਆਂ ‘ਚ ਪਾਣੀ ਦਾ ਵਹਾਅ ਆਪਣੀ ਸਮਰੱਥਾ ਮੁਤਾਬਕ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਵਹਿ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਦੁਪਹਿਰ 12 ਵਜੇ ਪਟਿਆਲਾ ਵੱਡੀ ਨਦੀ ‘ਚ ਪਾਣੀ ਦਾ ਪੱਧਰ 4.5 ਫੁੱਟ ‘ਤੇ ਸੀ ਤੇ ਇੱਥੇ ਖ਼ਤਰੇ ਦਾ ਨਿਸ਼ਾਨ 12 ਫੁੱਟ ‘ਤੇ ਹੈ। ਜਦੋਂਕਿ ਘੱਗਰ ਦਰਿਆ ‘ਚ ਭਾਂਖਰਪੁਰ ਵਿਖੇ ਪਾਣੀ 7 ਫੁੱਟ ‘ਤੇ ਸੀ ‘ਤੇ ਇਥੇ ਖ਼ਤਰੇ ਦਾ ਨਿਸ਼ਾਨ 10 ਫੁੱਟ ‘ਤੇ ਹੈ।
ਇਸੇ ਤਰ੍ਹਾਂ ਸਰਾਲਾ ਹੈਡ ‘ਤੇ ਪਾਣੀ ਦੀ ਗੇਜ਼ 5.5 ਫੁੱਟ ‘ਤੇ ਸੀ ਤੇ ਇੱਥੇ ਪਾਣੀ 16 ਫੁੱਟ ‘ਤੇ ਜਾ ਸਕਦਾ ਹੈ। ਪੱਚੀ ਦਰਿਆ ਵਿੱਚ ਪਾਣੀ 15 ਫੁੱਟ ‘ਤੇ ਜਾ ਸਕਦਾ ਹੈ ਪਰ ਇੱਥੇ ਪਾਣੀ 1.50 ਫੁੱਟ ‘ਤੇ ਸੀ। ਇਸੇ ਤਰ੍ਹਾਂ ਸਰਹਿੰਦ ਚੋਅ ਦਾ ਪਾਣੀ ਭੋਡੇ ਸਾਇਫ਼ਨ ‘ਤੇ 7 ਫੁੱਟ ‘ਤੇ ਹੈ ਤੇ ਇੱਥੇ ਖ਼ਤਰੇ ਦਾ ਨਿਸ਼ਾਨ 9 ਫੁੱਟ ‘ਤੇ ਹੈ। ਦਰਿਆ ਟਾਂਗਰੀ ‘ਚ ਪਾਣੀ 5.5 ਫੁੱਟ ‘ਤੇ ਹੈ ਇੱਥੇ ਖ਼ਤਰੇ ਦਾ ਨਿਸ਼ਾਨ 12 ਫੁੱਟ ‘ਤੇ ਹੈ ਜਦੋਂਕਿ ਮਾਰਕੰਡਾ ਦਰਿਆ ਵਿੱਚ ਪਾਣੀ 13 ਫੁੱਟ ‘ਤੇ ਵਗ ਰਿਹਾ ਹੈ, ਇਥੇ ਪਾਣੀ 20 ਫੁੱਟ ਤੱਕ ਜਾ ਸਕਦਾ ਹੈ। ਢਕਾਨਸੂ ਨਾਲੇ ‘ਚ ਪਾਣੀ ਦਾ ਪੱਧਰ 7.25 ਫੁੱਟ ‘ਤੇ ਹੈ ਤੇ ਇੱਥੇ ਖ਼ਤਰੇ ਦਾ ਨਿਸ਼ਾਨ 13 ਫੁੱਟ ‘ਤੇ ਹੈ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਵੀ ਸਥਿਤੀ ‘ਤੇ ਨਜ਼ਰ ਰੱਖ ਰਹੇ ਹਨ ਅਤੇ ਜ਼ਿਲ੍ਹਾ ਪਟਿਆਲਾ ਪ੍ਰਸ਼ਾਸਨ ਨਾਗਰਿਕਾਂ ਦੀ ਜਾਨ ਤੇ ਮਾਲ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਤੇ ਕਿਸੇ ਵੀ ਖ਼ਤਰੇ ਵਾਲੀ ਸਥਿਤੀ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਹੜ੍ਹਾਂ ਵਰਗੀ ਸਥਿਤੀ ਤੋਂ ਡਰਨ ਦੀ ਲੋੜ ਨਹੀਂ ਪਰੰਤੂ ਫਿਰ ਵੀ ਅਫ਼ਵਾਹਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਹੜ੍ਹ ਕੰਟਰੋਲ ਰੂਮ ਦੇ ਨੰਬਰ 0175-2350550 ‘ਤੇ ਪਾਣੀ ਆਉਣ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ।