DC reviews ongoing projects in Patiala

August 29, 2019 - PatialaPolitics


ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਵੱਲੋਂ ਪਟਿਆਲਾ ਵਾਸੀਆਂ ਨੂੰ ਆਵਾਜਾਈ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਕੀਤੇ ਜਾ ਰਹੇ ਉਪਰਾਲੇ ਤਹਿਤ 10.25 ਕਰੋੜ ਰੁਪਏ ਦੀ ਲਾਗਤ ਨਾਲ ਪਟਿਆਲਾ ਦੀ ਵੱਡੀ ਅਤੇ ਛੋਟੀ ਨਦੀ ‘ਤੇ ਨਵੇਂ ਪੁਲਾਂ ਦਾ ਨਿਰਮਾਣ ਅਤੇ ਨਾਲ ਲੱਗਦੀਆਂ ਸੜਕਾਂ ਨੂੰ ਚੌੜਾ ਕਰਨ ਅਤੇ ਮਜ਼ਬੂਤ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਇਸ ਚੱਲ ਰਹੇ ਕੰਮ ਦੀ ਸਮੀਖਿਆ ਲਈ ਅੱਜ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਕਰਕੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੰਮ ਨੂੰ ਨਿਸ਼ਚਿਤ ਸਮੇਂ ਵਿਚ ਪੂਰਾ ਕਰਨ ਨੂੰ ਯਕੀਨੀ ਬਣਾਇਆ ਜਾਵੇ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦੋਨਾਂ ਪੁਲਾਂ ਦੀ ਉਸਾਰੀ ਨਾਲ ਸਨੌਰ, ਦੇਵੀਗੜ੍ਹ, ਪਿਹੋਵਾ, ਚੀਕਾ ਅਤੇ ਕੁਰੂਕਸ਼ੇਤਰ ਵੱਲੋਂ ਪਟਿਆਲਾ ਸ਼ਹਿਰ ਨੂੰ ਆਉਂਦੀ ਤੇ ਜਾਂਦੀ ਟਰੈਫਿਕ ਨੂੰ ਭਾਰੀ ਲਾਭ ਪੁੱਜੇਗਾ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਵੱਡੀ ਅਤੇ ਛੋਟੀ ਨਦੀ ‘ਤੇ ਚੱਲ ਰਹੇ ਕੰਮ ਦਾ ਮੌਕੇ ‘ਤੇ ਜਾਇਜ਼ਾ ਲੈਦਿਆ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਪ੍ਰੋਜੈਕਟ ਦੀ ਖੁਦ ਨਿਗਰਾਨੀ ਕਰ ਰਹੇ ਹਨ ਇਸ ਲਈ ਕੰਮ ਵਿਚ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵੱਡੀ ਨਦੀ ‘ਤੇ 3.26 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪੁਲ ਦੀ ਲੰਬਾਈ 48 ਮੀਟਰ ਅਤੇ ਚੌੜਾਈ 10 ਮੀਟਰ ਹੋਵੇਗੀ ਅਤੇ ਇਸ ਦਾ ਕੰਮ 31 ਮਾਰਚ 2020 ਤੱਕ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਵੱਡੀ ਨਦੀ ਨਾਲ ਲੱਗਦੀ ਸੜਕ ਨੂੰ ਵੀ 2.92 ਕਰੋੜ ਰੁਪਏ ਦੀ ਲਾਗਤ ਨਾਲ ਚੌੜਾ ਕਰਕੇ ਚੌੜਾਈ 5.5 ਮੀਟਰ ਤੋਂ ਵਧਾਕੇ 7 ਮੀਟਰ ਕੀਤੀ ਜਾ ਰਹੀ ਹੈ ਅਤੇ ਉਸ ਤੋਂ ਬਾਅਦ ਟਾਈਲਾਂ ਲਗਾਈਆਂ ਜਾ ਰਹੀਆਂ ਹਨ ਅਤੇ ਇਹ ਕੰਮ 30 ਨਵੰਬਰ ਤੱਕ ਪੂਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬਿਜਲੀ ਬੋਰਡ ਦੇ ਖੰਭੇ ਜੋ ਸੜਕ ਨੂੰ ਚੌੜਾ ਕਰਨ ਸਮੇਂ ਵਿਚਕਾਰ ਆ ਰਹੇ ਹਨ ਉਨ੍ਹਾਂ ਨੂੰ ਹਟਾਉਣ ਲਈ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਛੋਟੀ ਨਦੀ ‘ਤੇ 172 ਲੱਖ ਰੁਪਏ ਦੀ ਲਾਗਤ ਨਾਲ ਬਣ ਰਹੇ ਪੁਲ ਦਾ ਕੰਮ 30 ਨਵੰਬਰ ਤੱਕ ਪੂਰਾ ਕੀਤਾ ਜਾਵੇਗਾ ਅਤੇ ਇਸ ਪੁਲ ਦੀ ਲੰਬਾਈ 24.5 ਮੀਟਰ ਅਤੇ ਚੌੜਾਈ 18.5 ਮੀਟਰ ਹੋਵੇਗੀ ਅਤੇ ਇਹ ਪੁਲ ਚਹੁੰ ਮਾਰਗੀ ਹੋਵੇਗਾ। ਉਨ੍ਹਾਂ ਦੱਸਿਆ ਕਿ ਛੋਟੀ ਨਦੀ ਦੇ ਨਾਲੋ ਲੰਘਦੀ ਸੜਕ ਨੂੰ 2.35 ਕਰੋੜ ਰੁਪਏ ਦੀ ਲਾਗਤ ਨਾਲ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਇਹ ਕੰਮ 30 ਨਵੰਬਰ 2019 ਤੱਕ ਮੁਕੰਮਲ ਕਰਨ ਦੀ ਹਦਾਇਤ ਸਬੰਧਤ ਵਿਭਾਗ ਨੂੰ ਕੀਤੀ ਗਈ ਹੈ। ਇਸ ਮੌਕੇ ਉਨ੍ਹਾਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਆਪਸੀ ਤਾਲਮੇਲ ਨਾਲ ਕੰਮ ਨੂੰ ਸਮੇਂ ਸਿਰ ਪੂਰਾ ਕਰਨ ਦੀ ਹਦਾਇਤ ਕਰਦਿਆ ਕਿਹਾ ਕਿ ਕੰਮ ਦੀ ਸਮੀਖਿਆ ਸਬੰਧੀ 15 ਦਿਨਾਂ ਬਾਅਦ ਦੁਬਾਰਾ ਮੀਟਿੰਗ ਕਰਕੇ ਪ੍ਰਗਤੀ ਰਿਪੋਰਟ ਲਈ ਜਾਵੇਗੀ। ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਉਸਾਰੀ ਮੰਡਲ ਦੇ ਐਕਸੀਅਨ ਸ੍ਰੀ ਦੀਪਕ ਗੋਇਲ, ਐਸ.ਡੀ.ਓ. ਹਰਜੀਤ ਸਿੰਘ, ਬਿਜਲੀ ਬੋਰਡ ਦੇ ਐਸ.ਡੀ.ਓ. ਅਮਨਦੀਪ ਸਿੰਘ ਢੀਡਸਾ, ਜਤਿੰਦਰ ਗਰਗ ਸਮਤੇ ਹੋਰ ਅਧਿਕਾਰੀ ਮੌਜੂਦ ਸਨ।
ਨੰ: ਲਸਪ(ਪ੍ਰੈ.ਰੀ.)-19/769
ਫੋਟੋ ਕੈਪਸ਼ਨ : ਡਿਪਟੀ ਕਮਿਸ਼ਨਰ ਸ੍ਰੀ ਕਮੁਾਰ ਅਮਿਤ ਵੱਡੀ ਨਦੀ ਦੇ ਪੁੱਲ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਂਦੇ ਹੋਏ ਉਨ੍ਹਾਂ ਦੇ ਨਾਲ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਸ੍ਰੀ ਦੀਪਕ ਗਰਗ ਵੀ ਨਜ਼ਰ ਆ ਰਹੇ ਹਨ।
ਫੋਟੋ ਕੈਪਸ਼ਨ : ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਛੋਟੀ ਨਦੀ ‘ਤੇ ਪੁੱਲ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਂਦੇ ਹੋਏ ਉਨ੍ਹਾਂ ਦੇ ਨਾਲ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਸ੍ਰੀ ਦੀਪਕ ਗਰਗ ਵੀ ਨਜ਼ਰ ਆ ਰਹੇ ਹਨ।