1800 youth got job in Patiala Rozgar Mela:Mayor

September 28, 2019 - PatialaPolitics


ਨਾਭਾ ਰੋਡ ‘ਤੇ ਸਥਿਤ ਆਈ.ਟੀ.ਆਈ. ਲੜਕਿਆਂ ਵਿੱਚ ਲਗਾਏ ਗਏ ਰੋਜਗਾਰ ਮੇਲੇ ਵਿੱਚ ਅੱਜ ਲਗਭੱਗ 1800 ਨੌਕਰੀਆਂ ਲਈ ਇੰਟਰਵਿਊ ਅਤੇ ਟੈਸਟ ਦਾ ਆਯੋਜਨ ਕੀਤਾ ਗਿਆ। ਜਦ ਕਿ ਲੱਗਭੱਗ ਇੱਕ ਹਜ਼ਾਰ ਨੌਜਵਾਨਾਂ ਦੀ ਚੋਣ ਸਵੈ ਰੋਜ਼ਗਾਰ ਲਈ ਕੀਤੀ ਗਈ ਜਿਨ੍ਹਾਂ ਨੂੰ ਲੋਨ ਦੇ ਨਾਲ -ਨਾਲ ਸਬੰਧਤ ਕਿੱਤੇ ਦੀ ਟਰੇਨਿੰਗ ਵੀ ਦਿੱਤੀ ਜਾਵੇਗੀ। ਮੇਲੇ ਵਿੱਚ ਲਗਭੱਗ 3500 ਨੌਜਵਾਨਾਂ ਨੇ ਹਿੱਸਾ ਲਿਆ। ਇਸ ਮੇਲੇ ਵਿੱਚ ਬਹੁਰਾਸ਼ਟਰੀ ਕੰਪਨੀਆਂ ਸਮੇਤ ਦੇਸ਼ ਵਿਦੇਸ਼ ਦੀਆਂ 20 ਤੋਂ ਜ਼ਿਆਦਾ ਕੰਪਨੀਆਂ ਨੇ ਭਾਗ ਲਿਆ ਅਤੇ ਆਪਣੀ ਪਸੰਦ ਅਤੇ ਨੌਜਵਾਨਾਂ ਦੀ ਯੋਗਤਾ ਮੁਤਾਬਿਕ ਭਰਤੀ ਕੀਤੀ।
ਇਸ ਮੇਲੇ ‘ਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਨਗਰ ਨਿਗਮ ਪਟਿਆਲਾ ਦੇ ਮੇਅਰ ਸ਼੍ਰੀ ਸੰਜੀਵ ਬਿੱਟੂ ਸ਼ਰਮਾ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ , ਸਿਖਿਆਰਥੀਆਂ ਅਤੇ ਬੇਰੋਜਗਾਰ ਨੌਜਵਾਨਾਂ ਦਾ ਉਤਸਾਹ ਵਧਾਉਂਦੇ ਹੋਏ ਉਹਨਾਂ ਦੀ ਹੌਸਲਾ ਅਫ਼ਜਾਈ ਕੀਤੀ ਅਤੇ ਕਿਹਾ ਕਿ ਰਾਜ ਸਰਕਾਰ ਉਨ੍ਹਾਂ ਦੀਆਂ ਜ਼ਰੂਰਤਾਂ ਅਤੇ ਯੋਗਤਾ ਦੇ ਮੁਤਾਬਿਕ ਨੌਕਰੀਆਂ ਲਗਾਤਾਰ ਉਪਲਬੱਧ ਕਰਵਾ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਘਰ-ਘਰ ਰੋਜ਼ਗਾਰ ਮੁਹਿੰਮ ਤਹਿਤ ਲਗਾਤਾਰ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ, ਜਿੱਥੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਉਨ੍ਹਾਂ ਦੇ ਸ਼ਹਿਰ ਦੇੇ ਨੇੜੇ ਤੇੜੇ ਦੀ ਉਪਲਬੱਧ ਕਰਵਾਏ ਜਾ ਰਹੇ ਹਨ।
ਸ਼੍ਰੀ ਸੰਜੀਵ ਸ਼ਰਮਾ ਨੇ ਕਿਹਾ ਕਿ ਆਈ.ਟੀ.ਆਈ. ਲੜਕਿਆਂ ਵਿੱਚ ਲਗਾਇਆ ਇਹ ਮੇਲਾ ਪਟਿਆਲਾ ਜ਼ਿਲ੍ਹੇ ਦਾ ਇਕੱਲਾ ਮੇਲਾ ਨਹੀਂ ਹੈ। ਜ਼ਿਲ੍ਹੇ ਵਿੱਚ ਰੋਜ਼ਗਾਰ ਮੇਲਿਆਂ ਦੀ ਸ਼ੁਰੂ ਕੀਤੀ ਗਈ ਲੜੀ ਵਿੱਚ ਇਹ ਪਹਿਲਾ ਮੇਲਾ ਹੈ ਇਸ ਤੋਂ ਬਾਅਦ ਬਹੁ ਤਕਨੀਕੀ ਕਾਲਜ ਲੜਕੀਆਂ ਰਾਜਪੁਰਾ ਰੋਡ, ਆਰਯਨ ਕਾਲਜ ਰਾਜਪੁਰਾ ਅਤੇ ਆਈ.ਟੀ.ਆਈ. ਰਾਜਪੁਰਾ ਵਿੱਚ ਵੀ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ। ਇਹਨਾਂ ਰੋਜ਼ਗਾਰ ਮੇਲਿਆਂ ਵਿੱਚ ਨੌਜਵਾਨਾਂ ਨੂੰ 10-15 ਹਜ਼ਾਰ ਤੋਂ ਲੈ ਕੇ 20-25 ਹਜ਼ਾਰ ਰੁਪਏ ਤੱਕ ਦਾ ਰੋਜ਼ਗਾਰ ਆਸਾਨੀ ਨਾਲ ਮਿਲ ਰਿਹਾ ਹੈ।
ਮੇਅਰ ਸ਼੍ਰੀ ਸੰਜੀਵ ਬਿੱਟੂ ਸ਼ਰਮਾ ਨੇ ਦੱਸਿਆ ਕਿ ਰੋਜ਼ਗਾਰ ਮੇਲੇ ਵਿੱਚ ਭਾਗ ਲੈਣ ਆਈਆਂ ਕਈ ਕੰਪਨੀਆਂ ਅਜਿਹੀਆਂ ਵੀ ਹਨ ਜੋ ਸਿਖਲਾਈ ਦੇ ਦੌਰਾਨ ਨੌਜਵਾਨਾਂ ਨੂੰ ਰਹਿਣ ਅਤੇ ਖਾਣੇ ਦੀ ਸਹੂਲਤ ਵੀ ਦਿੰਦੀਆਂ ਹਨ ਅਤੇ ਸਿਖਲਾਈ ਪੂਰੀ ਹੋਣ ਤੋਂ ਬਾਅਦ ਅਜਿਹੇ ਵਿਅਕਤੀ ਨੂੰ ਬਾਜਾਰ ਵਿਵਸਥਾ ਅਨੁਸਾਰ ਕਈ ਹਜ਼ਾਰ ਰੁਪਏ ਦੇ ਤਨਖਾਹ ਦੇ ਕਈ ਮੌਕੇ ਆਸਾਨੀ ਨਾਲ ਮਿਲ ਜਾਂਦੇ ਹਨ।
ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਰੋਜ਼ਗਾਰ ਮੇਲੇ ਦਾ ਜਾਇਜ਼ਾ ਲੈਂਦੇੇ ਹੋਏ ਨਾ ਕੇਵਲ ਭਾਗ ਲੈਣ ਵਾਲੇ ਨੌਜਵਾਨਾਂ ਨਾਲ ਗੱਲ ਕੀਤੀ ਬਲਕਿ ਮੇਲੇ ਵਿੱਚ ਭਾਗ ਲੈਣ ਵਾਲੀਆਂ ਕੰਪਨੀਆਂ ਦੇ ਪ੍ਰਤੀਨਿਧੀਆਂ ਨਾਲ ਵੀ ਗੱਲਬਾਤ ਕੀਤੀ। ਸ਼੍ਰੀ ਕੁਮਾਰ ਅਮਿਤ ਨੇ ਕੰਪਨੀਆਂ ਦੇ ਪ੍ਰਤੀਨਿਧੀਆਂ ਨੂੰ ਕਿਹਾ ਕਿ ਜ਼ਿਲ੍ਹੇ ਵਿੱਚ ਸਿਖਲਾਈ ਪ੍ਰਾਪਤ ਆਈ.ਟੀ.ਆਈ. ਅਤੇ ਅਨੇਕਾ ਤਕਨੀਕੀ ਸੰਸਥਾਵਾਂ ਤੋਂ ਸਿੱਖਿਆ ਲੈਣ ਵਾਲੇ ਅੱਜ ਦੇ ਯੁੱਗ ਵਿੱਚ ਵਧੀਆ ਟਰੇਨਿੰਗ ਲੈ ਸਕਦੇ ਹਨ। ਉਹਨਾਂ ਕਿਹਾ ਕਿ ਇਹ ਜ਼ਰੂਰ ਹੈ ਕਿ ਕਿਸੇ ਫੈਕਟਰੀ ਜਾਂ ਕੰਪਨੀ ਦੀਆਂ ਜ਼ਰੂਰਤਾ ਵੱਖਰੀਆਂ ਵੀ ਹੋਣਗੀਆਂ ਅਜਿਹੀ ਸਥਿਤੀ ਵਿੱਚ ਇਹ ਕੰਪਨੀਆਂ ਸ਼ੁਰੂ ਵਿੱਚ ਭਰਤੀ ਕੀਤੇ ਗਏ ਨੌਜਵਾਨਾਂ ਨੂੰ ਟਰੇਨਿੰਗ ਦਿੰਦੀਆਂ ਹਨ ਅਤੇ ਸਿਖਲਾਈ ਦੌਰਾਨ ਕਰਮਚਾਰੀਆਂ ਦੀ ਤਨਖਾਹ ਦੂਜੇ ਕਰਮਚਾਰੀਆਂ ਦੀ ਤੁਲਨਾ ਵਿੱਚ ਕੁਝ ਘੱਟ ਹੁੰਦੀ ਹੈ।
ਸ਼੍ਰੀ ਕੁਮਾਰ ਅਮਿਤ ਨੇ ਨੌਜਵਾਨਾਂ ਦਾ ਉਤਸ਼ਾਹ ਵਧਾਉਣ ਦੇ ਨਾਲ ਕੰਪਨੀਆਂ ਦੇ ਪ੍ਰਤੀਨਿਧੀਆਂ ਨੂੰ ਵੀ ਖੁੱਲ੍ਹਦਿਲੀ ਦਿਖਾਉਣ ਲਈ ਕਿਹਾ। ਉਹਨਾਂ ਕਿਹਾ ਕਿ ਪਟਿਆਲਾ ਦੇ ਨੌਜਵਾਨ ਅਨੇਕਾਂ ਤਰ੍ਹਾਂ ਦੀਆਂ ਸਿਖਲਾਈਆਂ ਪ੍ਰਾਪਤ ਕਰ ਰਹੇ ਹਨ। ਅਜਿਹੇ ਮੌਕੇ ‘ਤੇ ਇਹ ਨੌਜਵਾਨ ਆਪਣੀ ਪ੍ਰਤਿਭਾ ਨਿਖਾਰਨ ਦੇ ਨਾਲ-ਨਾਲ ਕੰਪਨੀਆਂ ਲਈ ਬਹੁਤ ਲਾਭਕਾਰੀ ਸਿੱਧ ਹੋਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਲੱਗ ਰਹੇ ਮੇਲਿਆਂ ਵਿੱਚ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ, ਇੱਥੇ ਬੀ.ਟੈਕ, ਐਮ.ਬੀ.ਏ. ਦੇ ਵਿਦਿਆਰਥੀ ਜੇਕਰ ਰੋਜ਼ਗਾਰ ਮੇਲੇ ਵਿੱਚ ਭਾਗ ਲੈਣ ਆ ਰਹੇ ਹਨ, ਤਾਂ ਸਾਧਾਰਨ ਗਰੈਜ਼ੂਏਟ ਇੱਥੋਂ ਤੱਕ ਕਿ ਬਾਰਵੀਂ ਪਾਸ ਨੌਜਵਾਨਾਂ ਨੂੰ ਵੀ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਵਾਏ ਜਾ ਰਹੇ ਹਨ। ਆਈ.ਟੀ.ਆਈ. ਪਾਲੀਟੈਕਨਿਕ, ਇੰਜਨੀਅਰਿੰਗ ਵਰਗੀਆਂ ਤਕਨੀਕੀ ਸੰਸਥਾਵਾਂ ਤੋਂ ਸਿਖਲਾਈ ਪ੍ਰਾਪਤ ਨੌਜਵਾਨਾਂ ਦੀ ਮੰਗ ਕਾਫ਼ੀ ਜ਼ਿਆਦਾ ਹੈ, ਪਰ ਇਸ ਦਾ ਮਤਲਬ ਇਹ ਵੀ ਨਹੀਂ ਹੈ ਕਿ ਦਸਵੀਂ ਪਾਸ ਯੁਵਕਾਂ ਲਈ ਕੋਈ ਮੌਕਾ ਨਹੀਂ ਹੈ।
ਸ਼੍ਰੀ ਕੁਮਾਰ ਅਮਿਤ ਨੇ ਕਿਹਾ ਕਿ ਨਿਰਾਸ਼ ਹੋਣ ਦੀ ਕਿਸੇ ਨੂੰ ਕੋਈ ਜ਼ਰੂਰਤ ਨਹੀਂ ਹੈ ਹਰ ਵਿਅਕਤੀ ਦੇ ਲਈ ਉਸ ਦੀ ਯੋਗਤਾ ਅਨੁਸਾਰ ਰੋਜ਼ਗਾਰ ਦੇ ਮੌਕੇ ਮੌਜੂਦ ਹਨ ਅਤੇ ਰਾਜ ਸਰਕਾਰ ਦੀ ਅਗਵਾਈ ਵਿੱਚ ਪ੍ਰਸ਼ਾਸ਼ਨ ਆਪਣੀ ਭੂਮਿਕਾ ਨਿਭਾ ਰਿਹਾ ਹੈ।
ਇਸ ਤੋਂ ਪਹਿਲਾਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਪੂਨਮਦੀਪ ਕੌਰ ਨੇ ਰੋਜਗਾਰ ਮੇਲੇ ਵਿੱਚ ਸਥਿਤੀ ਦਾ ਜਾਇਜ਼ਾ ਲਿਆ ਅਤੇ ਪ੍ਰਬੰਧਾਂ ਦੇ ਨਾਲ-ਨਾਲ ਵਿਦਿਆਰਥੀਆਂ ਨਾਲ ਵੀ ਗੱਲ ਕੀਤੀ। ਇਸ ਮੌਕੇ ਪ੍ਰਮੁੱਖ ਤੌਰ ‘ਤੇ ਜ਼ਿਲ੍ਹਾ ਰੋਜ਼ਗਾਰ ਬਿਊਰੋ ਅਫ਼ਸਰ ਸ਼੍ਰੀਮਤੀ ਸਿੰਪੀ ਸਿੰਗਲਾ, ਆਈ.ਟੀ.ਆਈ. ਦੇ ਪ੍ਰਿੰਸੀਪਲ ਸ਼੍ਰੀ ਅਮਰਜੀਤ ਸਿੰਘ, ਵਾਈਸ ਚੇਅਰਮੈਨ ਸ: ਅਵਤਾਰ ਸਿੰਘ,ਨੋਡਲ ਅਫ਼ਸਰ ਸ਼੍ਰੀ ਨਰਿੰਦਰ ਸਿੰਘ ਅਤੇ ਸ਼੍ਰੀ ਧਰਮਪਾਲ ਸ਼ਾਮਿਲ ਸਨ।