Plastic Free Patiala

October 5, 2019 - PatialaPolitics

ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਪਟਿਆਲਾ ਸ਼ਹਿਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਤੋਂ ਪਹਿਲਾਂ-ਪਹਿਲਾਂ ਪਲਾਸਟਿਕ ਮੁਕਤ ਸ਼ਹਿਰ ਬਣਾਉਣ ਲਈ ਨਗਰ ਨਿਗਮ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਅਰੰਭੀ ਸਾਂਝੀ ‘ਸਵੱਛਤਾ ਹੀ ਸੇਵਾ’ ਸ਼੍ਰਮਦਾਨ ਮੁਹਿੰਮ ‘ਚ ਆਪਣਾ ਯੋਗਦਾਨ ਪਾਇਆ।
ਅੱਜ ਵਾਰਡ ਨੰਬਰ 41, ਸੰਜੇ ਕਲੋਨੀ ਨੇੜੇ ਨਵੀਂ ਰੇਹੜੀ ਮਾਰਕੀਟ ਤੋਂ ਸ਼ੁਰੂ ਕੀਤੀ ਪਲਾਸਟਿਕ ਮੁਕਤ ਪਟਿਆਲਾ ਮੁਹਿੰਮ ਦੌਰਾਨ ਸ੍ਰੀਮਤੀ ਪਰਨੀਤ ਕੌਰ ਦੇ ਨਾਲ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਪ੍ਰੋ. ਐਸ. ਐਸ. ਮਰਵਾਹਾ, ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਸ਼ਹਿਰੀ ਕਾਂਗਰਸ ਪ੍ਰਧਾਨ ਸ੍ਰੀ ਕੇ.ਕੇ. ਮਲਹੋਤਰਾ, ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅੰਮ੍ਰਿਤ ਪ੍ਰਤਾਪ ਸਿੰਘ ਹਨੀ ਸੇਖੋਂ, ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।
ਸ੍ਰੀਮਤੀ ਪਰਨੀਤ ਕੌਰ ਪੈਦਲ ਚੱਲਦੇ ਹੋਏ ਨੇੜਲੀਆਂ ਕਲੋਨੀਆਂ ਦੀਆਂ ਗਲੀਆਂ ਵਿੱਚ ਗਏ, ਜਿਥੇ ਉਨ੍ਹਾਂ ਨੇ ਲਿਫ਼ਾਫ਼ਿਆਂ ਤੇ ਹੋਰ ਪਲਾਸਟਿਕ ਰਹਿੰਦ-ਖੂੰਹਦ ਨੂੰ ਬਹੁਤ ਬਰੀਕੀ ਨਾਲ ਖ਼ੁਦ ਇਕੱਠਾ ਕੀਤਾ, ਉੱਥੇ ਹੀ ਉਨ੍ਹਾਂ ਨੇ ਨਾਲ-ਨਾਲ ਸਥਾਨਕ ਦੁਕਾਨਦਾਰਾਂ ਨੂੰ ਪਲਾਸਟਿਕ ਦੇ ਲਿਫ਼ਾਫੇ ਨਾ ਵਰਤਣ ਦੀ ਅਪੀਲ ਵੀ ਕੀਤੀ। ਉਨ੍ਹਾਂ ਨੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਤਿਆਰ ਕਰਵਾਏ ਗਏ ਜੂਟ ਦੇ ਬੈਗ ਵੀ ਸਥਾਨਕ ਔਰਤਾਂ ਨੂੰ ਵੰਡੇ ਤੇ ਪਲਾਸਟਿਕ ਦੇ ਬੁਰੇ ਪ੍ਰਭਾਵ ਦੱਸਦਿਆਂ ਇਸ ਦੀ ਵਰਤੋਂ ਤੁਰੰਤ ਬੰਦ ਕਰਨ ਲਈ ਪ੍ਰੇਰਤ ਕੀਤਾ।
ਸ੍ਰੀਮਤੀ ਪਰਨੀਤ ਕੌਰ ਨੇ ਇਸ ਮੌਕੇ ਸਮੂਹ ਪਟਿਆਲਵੀਆਂ ਨੂੰ ਸੱਦਾ ਦਿੱਤਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਸਾਨੂੰ ਆਪਣਾ ਆਲਾ ਦੁਆਲਾ ਸਾਫ਼ ਸੁਥਰਾ ਰੱਖਣ ਅਤੇ ਸਾਫ਼ ਵਾਤਾਵਰਣ ਲਈ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦਾ ਸਬੂਤ ਦੇਣਾ ਹੀ ਪਵੇਗਾ। ਉਨ੍ਹਾਂ ਕਿਹਾ ਕਿ ਇਸ ਲਈ ਹਰ ਵਿਅਕਤੀ ਪਲਾਸਟਿਕ ਮੁਕਤ ਪਟਿਆਲਾ ਅਤੇ ਸਾਫ਼ ਸੁਥਰੇ ਵਾਤਵਰਣ ਲਈ ਆਪਣਾ ਬਣਦਾ ਯੋਗਦਾਨ ਜਰੂਰ ਪਾਵੇ, ਇਹੋ ਗੁਰੂ ਨਾਨਕ ਦੇਵ ਜੀ ਦਾ ਸਾਨੂੰ ਉਪਦੇਸ਼ ਵੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਵੱਡੀ ਪੱਧਰ ‘ਤੇ ਮਨਾਇਆ ਜਾ ਰਿਹਾ ਹੈ।
ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਨੇ ਦੱਸਿਆ ਕਿ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ 150ਵੇਂ ਜਨਮ ਦਿਨ ਮੌਕੇ ਪਟਿਆਲਾ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਲਈ ਸ਼ੁਰੂ ਕੀਤੀ ‘ਸਵੱਛਤਾ ਹੀ ਸੇਵਾ’ ਦੀ ਸ਼੍ਰਮਦਾਨ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਹੁਣ ਤੱਕ ਸ਼ਹਿਰ ਦੀਆਂ ਵੱਖ-ਵੱਖ ਵਾਰਡਾਂ ਵਿੱਚੋਂ ਕਰੀਬ 35 ਟਨ ਕੂੜਾ ਇਕੱਠਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਕੱਲੇ ਪਟਿਆਲਾ ਸ਼ਹਿਰ ਵਿੱਚ 230 ਟਨ ਕੂੜਾ ਰੋਜ਼ਾਨਾ ਪੈਦਾ ਹੁੰਦਾ ਹੈ, ਜਿਸ ਵਿੱਚੋਂ 80 ਟਨ ਦੇ ਕਰੀਬ ਪਲਾਸਟਿਕ ਹੁੰਦਾ ਹੈ ਤੇ ਇਸ ਵਿੱਚ 10 ਟਨ ਨਵਾਂ ਪਲਾਸਟਿਕ ਰੋਜ਼ਾਨਾ ਸ਼ਾਮਲ ਹੁੰਦਾ ਹੈ।
ਸ੍ਰੀ ਸ਼ਰਮਾ ਨੇ ਕਿਹਾ ਕਿ ਹਰਿਆਣਾ ਤੇ ਹੋਰ ਸ਼ਹਿਰਾਂ ਵਿੱਚ ਬਣਦੇ ਪਲਾਸਟਿਕ ਦੇ ਲਿਫ਼ਾਫੇ ਮੰਡੀਆਂ ‘ਚ ਪੁੱਜਦੇ ਹਨ ਤੇ ਇੱਕ ਰੇਹੜੀ ਵਾਲਾ 600 ਤੋਂ 800 ਗ੍ਰਾਮ ਤੱਕ ਲਿਫ਼ਾਫ਼ੇ ਰੋਜ਼ਾਨਾਂ ਵਰਤਦਾ ਹੈ ਅਤੇ ਸ਼ਹਿਰ ‘ਚ 4000 ਦੇ ਕਰੀਬ ਰੇਹੜੀਆਂ ਹਨ, ਇਸ ਲਈ ਪਟਿਆਲਾ ਸ਼ਹਿਰ ਵਾਸੀਆਂ ਨੂੰ ਖ਼ੁਦ ਸੁਚੇਤ ਹੋਣਾ ਪਵੇਗਾ ਤੇ ਪਲਾਸਟਿਕ ਨੂੰ ਨਾਂਹ ਕਹਿਣੀ ਹੀ ਪਵੇਗੀ। ਨਗਰ ਨਿਗਮ ਦੇ ਕਮਿਸ਼ਨਰ ਪੂਨਮਦੀਪ ਕੌਰ ਨੇ ਦੱਸਿਆ ਕਿ ਸ਼ਹਿਰ ਦੀਆਂ 25 ਦੇ ਕਰੀਬ ਸੰਸਥਾਵਾਂ ਤੇ ਸਰਕਾਰੀ, ਗ਼ੈਰ ਸਰਕਾਰੀ ਅਦਾਰਿਆਂ ਨੇ ਆਪਣੇ ਆਪ ਨੂੰ ਇੱਕ ਵਾਰ ਵਰਤੋਂ ‘ਚ ਆਉਣ ਵਾਲੇ ਪਲਾਸਟਿਕ ਤੋਂ ਮੁਕਤ ਐਲਾਨ ਦਿੱਤਾ ਹੈ।
ਇਸ ਮੌਕੇ ਕੌਂਸਲਰ ਸ੍ਰੀ ਸੰਦੀਪ ਮਲਹੋਤਰਾ, ਸ੍ਰੀ ਹਰੀਸ਼ ਕਪੂਰ, ਸ੍ਰੀਮਤੀ ਸੋਨੀਆ ਕਪੂਰ, ਸ੍ਰੀਮਤੀ ਜੋਗਿੰਦਰ ਕੌਰ, ਸ੍ਰੀ ਰਜਿੰਦਰ ਸ਼ਰਮਾ, ਸ੍ਰੀ ਸੂਰਜ ਭਾਨ, ਸ੍ਰੀ ਕੇ.ਸੀ. ਪੰਡਤ, ਸ੍ਰੀ ਧੀਰਜ ਕੁਮਾਰ, ਸ੍ਰੀ ਅਰੁਣ ਕੁਮਾਰ, ਸਵੱਛਤਾ ਅਭਿਆਨ ਦੇ ਨੋਡਲ ਅਫਸਰ ਸ੍ਰੀ ਟੀ. ਬੈਨਿਥ, ਸੰਯੁਕਤ ਕਮਿਸ਼ਨਰ ਸ੍ਰੀ ਲਾਲ ਵਿਸ਼ਵਾਸ ਬੈਂਸ, ਪੀਪੀਸੀਬੀ ਮੈਂਬਰ ਸਕੱਤਰ ਸ੍ਰੀ ਕਰਨੇਸ਼ ਗਰਗ, ਪੀ.ਪੀ.ਸੀ.ਬੀ. ਦੇ ਮੁੱਖ ਇੰਜੀਨੀਅਰ ਇੰਜ. ਪ੍ਰਦੀਪ ਗੁਪਤਾ, ਐਸ.ਈ. ਇੰਜ. ਲਵਨੀਤ ਦੂਬੇ, ਡਾ. ਚਰਨਜੀਤ ਸਿੰਘ ਨਾਭਾ, ਮੁੱਖ ਸੈਨਟਰੀ ਇੰਸਪੈਕਟਰ ਭਗਵੰਤ ਸਿੰਘ ਅਤੇ ਸਥਾਨਕ ਵਾਸੀ ਮੌਜੂਦ ਸਨ।