ਡਾਕਟਰ ਆਪਕੇ ਦੁਆਰ” ਸਕੀਮ ਤਹਿਤ ਪਾਇਲਟ ਪ੍ਰਾਜੈਕਟ ਵਜੋਂ ਪਟਿਆਲਾ ਨੂੰ ਮਿਲੀ ਮੋਬਾਈਲ ਮੈਡੀਕਲ ਯੂਨਿਟ ਵੈਨ

January 30, 2025 - PatialaPolitics

ਡਾਕਟਰ ਆਪਕੇ ਦੁਆਰ” ਸਕੀਮ ਤਹਿਤ ਪਾਇਲਟ ਪ੍ਰਾਜੈਕਟ ਵਜੋਂ ਪਟਿਆਲਾ ਨੂੰ ਮਿਲੀ ਮੋਬਾਈਲ ਮੈਡੀਕਲ ਯੂਨਿਟ ਵੈਨ

“ਡਾਕਟਰ ਆਪਕੇ ਦੁਆਰ” ਸਕੀਮ ਤਹਿਤ ਪਾਇਲਟ ਪ੍ਰਾਜੈਕਟ ਵਜੋਂ ਪਟਿਆਲਾ ਨੂੰ ਮਿਲੀ ਮੋਬਾਈਲ ਮੈਡੀਕਲ ਯੂਨਿਟ ਵੈਨ

-ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਰੈਡ ਕਰਾਸ ਦੇ ਸਕੱਤਰ ਨੂੰ ਸੌਂਪੀ ਐਮ.ਐਮ.ਯੂ. ਦੀ ਚਾਬੀ, ਲੋੜਵੰਦਾਂ ਨੂੰ ਉਨ੍ਹਾਂ ਦੀਆਂ ਬਰੂਹਾਂ ‘ਤੇ ਮੁਫ਼ਤ ਡਾਕਟਰੀ ਸੇਵਾਵਾਂ

-ਐਮ.ਐਮ.ਯੂ. ਚ ਡਾਕਟਰ, ਫਾਰਮਾਸਿਸਟ ਤੇ ਨਰਸ ਹੋਣਗੇ ਸ਼ਾਮਲ, ਲੋਕਾਂ ਨੂੰ ਪ੍ਰਦਾਨ ਹੋਣਗੀਆਂ ਮੁਫ਼ਤ ਡਾਕਟਰੀ ਸੇਵਾਵਾਂ-ਡਾ. ਪ੍ਰੀਤੀ ਯਾਦਵ

-ਕਿਹਾ, ਸਰਕਾਰੀ ਸਕੂਲਾਂ ਵਿੱਚ ਜਾਵੇਗੀ ਮੋਬਾਇਲ ਮੈਡੀਕਲ ਵੈਨ, ਅਨੀਮੀਆ ਮੁਕਤ ਮਹਿੰਮ ਤਹਿਤ ਵਿਦਿਆਰਥਣਾਂ ਵਿੱਚ ਖ਼ੂਨ ਦੀ ਜਾਂਚ ਕਰਨ ਲਈ ਵੀ ਹੋਵੇਗੀ ਸਹਾਈ

ਪਟਿਆਲਾ, 30 ਜਨਵਰੀ:

ਪੰਜਾਬ ਰੈੱਡ ਕਰਾਸ ਸੋਸਾਇਟੀ ਵੱਲੋਂ ਅਰੰਭ ਕੀਤੀ ਨਿਵੇਕਲੀ ਪਹਿਲਕਦਮੀ “ਡਾਕਟਰ ਆਪਕੇ ਦੁਆਰ” ਤਹਿਤ ਪਟਿਆਲਾ ਜ਼ਿਲ੍ਹੇ ਨੂੰ ਪਾਇਲਟ ਪ੍ਰਾਜੈਕਟ ਵਜੋਂ ਪੂਰੀ ਤਰ੍ਹਾਂ ਲੈਸ ਮੋਬਾਈਲ ਮੈਡੀਕਲ ਯੂਨਿਟ (ਐਮ.ਐਮ.ਯੂ) ਵੈਨ ਪ੍ਰਾਪਤ ਹੋਈ ਹੈ।ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਇਸ ਅਤਿਆਧੁਨਿਕ ਵੈਨ ਦੀਆਂ ਚਾਬੀਆਂ ਅੱਜ ਜ਼ਿਲ੍ਹਾ ਰੈਡ ਕਰਾਸ ਦੇ ਸਕੱਤਰ ਡਾ. ਪ੍ਰਿਤਪਾਲ ਸਿੰਘ ਨੂੰ ਸੌਂਪੀਆਂ।

ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਨ੍ਹਾਂ ਮੋਬਾਇਲ ਵੈਨਾਂ ਨੂੰ ਸਰਕਾਰੀ ਸਕੂਲਾਂ ਨਾਲ ਵੀ ਜੋੜਿਆ ਜਾਵੇਗਾ ਤਾਂ ਕਿ ਅਨੀਮੀਆ ਮੁਕਤ ਮੁਹਿੰਮ ਤਹਿਤ ਵਿਦਿਆਰਥਣਾਂ ਵਿੱਚ ਖੂਨ ਦੀ ਕਮੀ ਦੀ ਜਾਂਚ ਵੀ ਕੀਤੀ ਜਾਵੇ।ਉਨ੍ਹਾਂ ਅੱਗੇ ਦੱਸਿਆ ਕਿ ਇਹ ਸੇਵਾ ਸਮਾਜ ਦੇ ਪਛੜੇ ਵਰਗਾਂ, ਖਾਸ ਕਰਕੇ ਗਰਭਵਤੀ ਔਰਤਾਂ ਲਈ ਬਹੁਤ ਲਾਭਦਾਇਕ ਹੋਵੇਗੀ, ਜੋ ਗਰਭ ਅਵਸਥਾ ਦੌਰਾਨ ਕਈ ਤਰ੍ਹਾਂ ਦੀਆਂ ਕਮੀਆਂ ਤੋਂ ਪੀੜਤ ਹਨ ਅਤੇ ਸਿਹਤ ਕੇਂਦਰਾਂ ਵਿੱਚ ਜਾਣ ਤੋਂ ਅਸਮਰੱਥ ਹਨ।

ਡਿਪਟੀ ਕਮਿਸ਼ਨਰ ਨੇ ਪਿੰਡ-ਪਿੰਡ ਜਾਕੇ ਇਹ ਵੈਨ ਮੈਡੀਕਲ ਸਕਰੀਨਿੰਗ ਕਰੇਗੀ ਅਤੇ ਜੋ ਡਾਟਾ ਮਿਲੇਗਾ ਉਸ ਰਾਹੀਂ ਸਾਡੀ ਟਰਸ਼ਰੀ ਕੇਅਰ, ਪ੍ਰਾਇਮਰੀ ਕੇਅਰ ਅਤੇ ਸੈਕੰਡਰੀ ਕੇਅਰ ਰਾਹੀਂ ਮੈਡੀਕਲ ਸਹਾਇਤਾ ਲੋਕਾਂ ਦੇ ਘਰਾਂ ਨੇੜੇ ਹੀ ਪ੍ਰਦਾਨ ਕੀਤੀ ਜਾਵੇਗੀ ਤਾਂ ਕਿ ਲੋੜਵੰਦਾਂ ਨੂੰ ਉਨ੍ਹਾਂ ਦੀਆਂ ਬਰੂਹਾਂ ‘ਤੇ ਮੁਫ਼ਤ ਡਾਕਟਰੀ ਸੇਵਾਵਾਂ ਪ੍ਰਦਾਨ ਹੋ ਸਕਣ।

ਜਿਕਰਯੋਗ ਹੈ ਕਿ ਬੀਤੇ ਦਿਨ ਪੰਜਾਬ ਦੇ ਰਾਜਪਾਲ ਅਤੇ ਪੰਜਾਬ ਰੈਡ ਕਰਾਸ ਸੋਸਾਇਟੀ ਦੇ ਪ੍ਰਧਾਨ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਸਾਰੇ ਲੋੜੀਂਦੇ ਉਪਕਰਨਾਂ ਨਾਲ ਪੂਰੀ ਤਰ੍ਹਾਂ ਲੈਸ ਐਮ.ਐਮ.ਯੂਜ਼, ਜਿਸ ਵਿੱਚ ਡਾਕਟਰ, ਫਾਰਮਾਸਿਸਟ, ਨਰਸ ਅਤੇ ਡਰਾਈਵਰ ਵਰਗਾ ਲੋੜੀਂਦਾ ਸਟਾਫ ਉਪਲੱਬਧ ਹੈ, ਨੂੰ ਪੰਜਾਬ ਰਾਜ ਭਵਨ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ। ਪਹਿਲੇ ਪੜਾਅ ਵਿੱਚ ਤਿੰਨ ਹੋਰ ਜ਼ਿਲ‌੍ਹਿਆਂ ਦੇ ਨਾਲ ਪਟਿਆਲਾ ਨੂੰ ਵੀ ਇਹ ਐਮ.ਐਮ.ਯੂ ਅਲਾਟ ਹੋਈ ਹੈ, ਤਾਂ ਜੋ ਲੋੜਵੰਦਾਂ ਨੂੰ ਉਨ੍ਹਾਂ ਦੀਆਂ ਬਰੂਹਾਂ ‘ਤੇ ਮੁਫ਼ਤ ਡਾਕਟਰੀ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ।