VIGILANCE NABS PRTC CHIEF ACCOUNTS OFFICER TAKING BRIBE

January 14, 2020 - PatialaPolitics


ਵਿਜੀਲੈਂਸ ਬਿਊਰੋ ਨੇ ਟੈਕਸੀਆਂ ਦੇ ਬਿਲ ਪਾਸ ਕਰਵਾਉਣ ਲਈ 10 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣ ਵਾਲੇ ਪੀ.ਆਰ.ਟੀ.ਸੀ. ਦੇ ਚੀਫ਼ ਅਕਾਊਂਟਸ ਅਫ਼ਸਰ ਨੂੰ 5 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ, ਪਟਿਆਲਾ ਰੇਂਜ ਦੇ ਸੀਨੀਅਰ ਕਪਤਾਨ ਪੁਲਿਸ ਸ. ਜਸਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਚੌਕਸੀ ਪੁਲਿਸ ਵੱਲੋਂ ਭ੍ਰਿਸ਼ਟਾਚਾਰ ਦੇ ਖਾਤਮੇ ਅਤੇ ਰਿਸ਼ਵਤ-ਖੋਰੀ ਰੋਕਣ ਲਈ ਚੁੱਕੇ ਜਾ ਰਹੇ ਸਖ਼ਤ ਕਦਮਾਂ ਤਹਿਤ ਵਿਜੀਲੈਂਸ ਬਿਓਰੋ, ਰੇਂਜ, ਪਟਿਆਲਾ ਨੇ ਮੁਕੱਦਮਾ ਨੰਬਰ 02 ਮਿਤੀ 13-01-2020 ਅ/ਧ 7 ਪੀ.ਸੀ.ਐਕਟ 1988 (ਅਮੈਂਡਮੈਂਟ-2018) ਤਹਿਤ ਥਾਣਾ ਵਿਜੀਲੈਂਸ ਬਿਊਰੋ, ਪਟਿਆਲਾ ਰੇਂਜ, ਪਟਿਆਲਾ ਵਿਖੇ ਦਰਜ ਕੀਤਾ ਹੈ। ਇਸ ਮੁਕੱਦਮੇ ਵਿੱਚ ਪੀ.ਆਰ.ਟੀ.ਸੀ ਦਾ ਚੀਫ ਅਕਾਂਊਟਸ ਅਫ਼ਸਰ ਭੁਪਿੰਦਰ ਕੁਮਾਰ ਅਗਰਵਾਲ ਨੂੰ ਨਾਮਜਦ ਕੀਤਾ ਗਿਆ ਹੈ।
ਐਸ.ਐਸ.ਪੀ. ਸ. ਸਿੱਧੂ ਨੇ ਦੱਸਿਆ ਕਿ ਪਟਿਆਲਾ ਦੇ ਭਰਪੂਰ ਗਾਰਡਨ ਦੇ ਵਸਨੀਕ ਅਤੇ ਇਸ ਮੁਕੱਦਮੇ ਦਾ ਮੁਦੱਈ ਸ੍ਰੀ ਭਜਨ ਪ੍ਰਤਾਪ ਸਿੰਘ ਪੁੱਤਰ ਸ੍ਰੀ ਲਖਵੀਰ ਸਿੰਘ ਟੈਕਸੀ ਗੱਡੀਆਂ ਦਾ ਕੰਮ ਕਰਦਾ ਹੈ ਅਤੇ ਇਸ ਦੀਆਂ ਤਿੰਨ ਟੈਕਸੀ ਗੱਡੀਆਂ ਪੀ.ਆਰ.ਟੀ.ਸੀ, ਪਟਿਆਲਾ ਕੋਲ ਕਿਰਾਏ ‘ਤੇ ਚੱਲ ਰਹੀਆਂ ਹਨ। ਇਨ੍ਹਾਂ ਟੈਕਸੀ ਗੱਡੀਆਂ ਦੇ ਬਿੱਲਾਂ ਸਬੰਧੀ ਫਾਇਲਾਂ ਨੂੰ ਕਲੀਅਰ ਕਰਨ ਬਦਲੇ ਚੀਫ਼ ਅਕਾਂਊਟਸ ਅਫ਼ਸਰ, ਦਫ਼ਤਰ ਪੀ.ਆਰ.ਟੀ.ਸੀ, ਨਾਭਾ ਰੋਡ, ਪਟਿਆਲਾ ਭੁਪਿੰਦਰ ਕੁਮਾਰ ਅਗਰਵਾਲ ਨੇ 10,000 ਰੁਪਏ ਬਤੌਰ ਰਿਸ਼ਵਤ ਦੀ ਮੰਗ ਕੀਤੀ ਸੀ, ਜਿਸ ਵਿੱਚੋਂ 5,000 ਰੁਪਏ ਬਿੱਲ ਫਾਈਲ ਕਲੀਅਰ ਕਰਨ ਤੋਂ ਪਹਿਲਾ ਅਤੇ ਬਾਕੀ 5,000 ਰੁਪਏ ਬਿੱਲ ਫਾਈਲ ਕਲੀਅਰ ਕਰਨ ਤੋਂ ਬਾਅਦ ਬਤੌਰ ਰਿਸ਼ਵਤ ਲੈਣੇ ਤੈਅ ਹੋਏ ਸਨ।
ਐਸ.ਐਸ.ਪੀ. ਸ. ਸਿੱਧੂ ਨੇ ਦੱਸਿਆ ਕਿ ਅੱਜ ਭੁਪਿੰਦਰ ਕੁਮਾਰ ਅਗਰਵਾਲ ਨੂੰ ਵਿਜੀਲੈਂਸ ਦੇ ਇੰਸਪੈਕਟਰ ਪ੍ਰਿਤਪਾਲ ਸਿੰਘ ਦੀ ਟੀਮ ਨੇ 5,000 ਰੁਪਏ ਬਤੌਰ ਰਿਸ਼ਵਤ ਹਾਸਲ ਕਰਦੇ ਹੋਏ ਨੂੰ ਸਰਕਾਰੀ ਗਵਾਹਾਂ ਸਹਾਇਕ ਇੰਜਨੀਅਰ, ਦਫ਼ਤਰ ਕਾਰਜਕਾਰੀ ਇੰਜਨੀਅਰ, ਦੇਵੀਗੜ੍ਹ ਮੰਡਲ, ਆਈ.ਬੀ, ਪਟਿਆਲਾ ਸ੍ਰੀ ਸੁਖਰਾਜ ਸਿੰਘ ਸਿੱਧੂ ਅਤੇ ਉਪ ਮੰਡਲ ਕਲਰਕ, ਦਫ਼ਤਰ ਕਾਰਜਕਾਰੀ ਇੰਜਨੀਅਰ, ਦੇਵੀਗੜ੍ਹ ਮੰਡਲ, ਪਟਿਆਲਾ ਸ੍ਰੀ ਸਰਵਜੀਤ ਸ਼ਰਮਾ ਦੀ ਹਾਜਰੀ ਵਿੱਚ ਰੰਗੇ ਹੱਥੀਂ ਦਫ਼ਤਰ ਪੀ.ਆਰ.ਟੀ.ਸੀ, ਨਾਭਾ ਰੋਡ, ਪਟਿਆਲਾ ਤੋਂ ਕਾਬੂ ਕੀਤਾ। ਵਿਜੀਲੈਂਸ ਟੀਮ ਵਿੱਚ ਏ.ਐਸ.ਆਈ ਕੁੰਦਨ ਸਿੰਘ, ਏ.ਐਸ.ਆਈ ਪਵਿੱਤਰ ਸਿੰਘ, ਸੀ-2 ਸ਼ਾਮ ਸੁੰਦਰ, ਸੀ-2 ਹਰਮੀਤ ਸਿੰਘ, ਸੀ-2 ਰਣਜੀਤ ਸਿੰਘ, ਸੀ-2 ਕਾਰਜ ਸਿੰਘ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਇਸ ਮੁਕੱਦਮਾ ਦੀ ਹੋਰ ਤਫ਼ਤੀਸ ਜਾਰੀ ਹੈ।